ਲੁਧਿਆਣਾ: ਲੁਧਿਆਣਾ ਦੇ ਜਵੱਦੀ ਨੇੜੇ ਨਹਿਰ ਕੋਲ ਅੱਜ ਇੱਕ ਤੇਜ਼ ਰਫਤਾਰ ਟਿੱਪਰ ਨੇ 2 ਗੱਡੀਆਂ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਗੱਡੀਆਂ ਦਾ ਵੱਡਾ ਨੁਕਸਾਨ ਹੋ ਗਿਆ। ਹਾਲਾਂਕਿ ਇਸ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਮਾਮੂਲੀ ਸੱਟਾਂ ਜ਼ਰੂਰ ਕਾਰ ਚਾਲਕਾਂ ਨੂੰ ਲੱਗੀਆਂ ਹਨ। ਜਿਸ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚ ਗਈ ਤੇ ਟਿੱਪਰ ਚਾਲਕ ਨੂੰ ਮੌਕੇ 'ਤੇ ਫੜ ਲਿਆ ਅਤੇ ਉਸ ਨੇ ਆਪਣੀ ਗਲਤੀ ਵੀ ਮੰਨੀ ਹੈ।
ਗੱਡੀਆਂ ਦਾ ਵੱਡਾ ਨੁਕਸਾਨ: ਕਾਰ ਚਾਲਕਾਂ ਨੇ ਦੱਸਿਆ ਕਿ ਇਹ ਸਾਰੀ ਗਲਤੀ ਟਿੱਪਰ ਵਾਲੇ ਦੀ ਹੈ, ਉਨ੍ਹਾਂ ਨੇ ਦੱਸਿਆ ਕਿ ਉਹ ਬਹੁਤ ਤੇਜ਼ ਰਫਤਾਰ 'ਚ ਸੀ। ਉਸ ਦਾ ਟਿੱਪਰ ਉਦੋਂ ਹੀ ਰੁਕਿਆ ਜਦੋਂ ਗੱਡੀ ਦੇ ਵਿੱਚ ਆ ਕੇ ਵੱਜ ਗਿਆ। ਉਨ੍ਹਾਂ ਕਿਹਾ ਕਿ ਉਸ ਨੇ ਕਈ ਗੱਡੀਆਂ ਨੂੰ ਸਾਈਡ ਵੀ ਮਾਰੀ ਹੈ। ਇਹ ਵੀ ਕਿਹਾ ਕਿ ਗੱਡੀਆਂ ਦਾ ਵੱਡਾ ਨੁਕਸਾਨ ਹੋਇਆ ਹੈ। ਇੱਕ ਬਰੀਜਾ ਕਾਰ ਪੂਰੀ ਤਰ੍ਹਾਂ ਨੁਕਸਾਨੀ ਗਈ ਹੈ।
2 ਗੱਡੀਆਂ ਇਸ ਦੀ ਲਪੇਟ ਦੇ ਵਿੱਚ ਆਈਆਂ: ਮੌਕੇ 'ਤੇ ਪਹੁੰਚੀ ਪੁਲਿਸ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਸੜਕ ਹਾਦਸਾ ਹੋਇਆ ਹੈ ਅਤੇ 2 ਗੱਡੀਆਂ ਇਸ ਦੀ ਲਪੇਟ ਦੇ ਵਿੱਚ ਆਈਆਂ ਹਨ। ਜਿੰਨਾਂ ਦਾ ਜਿਆਦਾ ਨੁਕਸਾਨ ਹੋਇਆ ਹੈ ਜਦੋਂ ਕਿ ਬਾਕੀ ਗੱਡੀਆਂ ਨੂੰ ਹਲਕੀ ਝਰੀਟਾਂ ਹੀ ਆਈਆਂ ਹਨ। ਉਨ੍ਹਾਂ ਕਿਹਾ ਕਿ ਟਿੱਪਰ ਦਾ ਮਾਲਿਕ ਤਾਂ ਮੌਕੇ 'ਤੇ ਨਹੀਂ ਸੀ ਪਰ ਅਸੀਂ ਟਿੱਪਰ ਚਲਾਉਣ ਵਾਲੇ ਨੂੰ ਗ੍ਰਿਫਤਾਰ ਕਰਕੇ ਸੰਬੰਧਿਤ ਪੁਲਿਸ ਸਟੇਸ਼ਨ ਭੇਜ ਦਿੱਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਦੱਸਣ ਮੁਤਾਬਕ ਟਿੱਪਰ ਦੀ ਰਫਤਾਰ ਤੇਜ਼ ਸੀ ਪਰ ਅਸੀਂ ਮੌਕੇ 'ਤੇ ਮੌਜੂਦ ਨਹੀਂ ਸਨ। ਇਹ ਵੀ ਦੱਸਿਆ ਕਿ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਇਸ ਦਾ ਬਚਾਅ ਰਿਹਾ ਹੈ।
ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲਿਆ: ਕਾਰ ਚਾਲਕਾਂ ਨੇ ਦੱਸਿਆ ਕਿ ਉਹ ਮੁੱਖ ਰੋਡ ਤੋਂ ਵੇਰਕਾ ਵੱਲ ਜਾ ਰਹੇ ਸਨ ਜਦੋਂ ਇਹ ਹਾਦਸਾ ਵਾਪਰਿਆ। ਉਨ੍ਹਾਂ ਨੇ ਕਿਹਾ ਕਿ ਸਵੇਰੇ ਲਗਭਗ 9:30 ਵਜੇ ਦਾ ਇਹ ਹਾਦਸਾ ਹੈ। ਜਿਵੇਂ ਹੀ ਪੀਸੀਆਰ ਨੂੰ ਜਾਣਕਾਰੀ ਮਿਲੀ ਤਾਂ ਤੁਰੰਤ ਮੌਕੇ 'ਤੇ ਪਹੁੰਚ ਗਏ। ਉਨ੍ਹਾਂ ਨੇ ਕਿਹਾ ਕਿ ਟਿੱਪਰ ਚਾਲਕ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ। ਇਸ ਦੌਰਾਨ ਸੜਕ 'ਤੇ ਜਾਮ ਵੀ ਲੱਗ ਗਿਆ ਜਿਸ ਨੂੰ ਪੁਲਿਸ ਨੇ ਆ ਕੇ ਖੁਲਵਾਇਆ। ਕਾਰ ਚਾਲਕਾਂ ਨੇ ਕਿਹਾ ਕਿ ਟਿੱਪਰ ਚਾਲਕ 'ਤੇ ਕਾਰਵਾਈ ਹੋਣੀ ਚਾਹੀਦੀ ਹੈ ਕਿਉਂਕਿ ਉਸ ਦੀ ਗਲਤੀ ਹੈ, ਉਨ੍ਹਾਂ ਨੇ ਮੁਆਵਜ਼ੇ ਦੀ ਵੀ ਮੰਗ ਕੀਤੀ ਹੈ।