ਨਵੀਂ ਦਿੱਲੀ: ਨਿਊਜ਼ੀਲੈਂਡ ਬਨਾਮ ਅਫਰੀਕਾ ਵਿਚਾਲੇ ਟੈਸਟ ਸੀਰੀਜ਼ ਖੇਡੀ ਜਾ ਰਹੀ ਹੈ। ਸੀਰੀਜ਼ ਦੇ ਪਹਿਲੇ ਮੈਚ 'ਚ ਨਿਊਜ਼ੀਲੈਂਡ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅਫਰੀਕਾ ਨੂੰ 281 ਦੌੜਾਂ ਨਾਲ ਹਰਾਇਆ ਹੈ। ਮੈਚ ਤੋਂ ਬਾਅਦ ਹਰਫ਼ਨਮੌਲਾ ਰਚਿਨ ਰਵਿੰਦਰਾ ਨੂੰ 'ਪਲੇਅਰ ਆਫ਼ ਦਾ ਮੈਚ' ਚੁਣਿਆ ਗਿਆ। ਉਨ੍ਹਾਂ ਨੇ ਪਹਿਲੀ ਪਾਰੀ ਵਿੱਚ ਦੋਹਰਾ ਸੈਂਕੜਾ ਲਗਾਇਆ। ਵਿਲੀਅਮਸਨ ਨੇ ਇਸ ਮੈਚ ਵਿੱਚ ਲਗਾਤਾਰ ਦੋ ਪਾਰੀਆਂ ਵਿੱਚ ਦੋ ਸੈਂਕੜੇ ਵੀ ਜੜੇ।
ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕਰਦੇ ਹੋਏ ਨਿਊਜ਼ੀਲੈਂਡ ਨੇ ਪਹਿਲੀ ਪਾਰੀ 'ਚ 511 ਦੌੜਾਂ ਬਣਾਈਆਂ। ਨਿਊਜ਼ੀਲੈਂਡ ਨੇ ਮੈਚ ਦੇ ਦੂਜੇ ਓਵਰ ਵਿੱਚ ਸਲਾਮੀ ਬੱਲੇਬਾਜ਼ ਡੇਵੋਨ ਕੋਨਵੇ ਦਾ ਵਿਕਟ ਗੁਆ ਦਿੱਤਾ। ਟਾਮ ਲੈਥਮ ਵੀ ਪਾਰੀ ਦੇ 17ਵੇਂ ਓਵਰ 'ਚ 20 ਦੌੜਾਂ ਦੇ ਨਿੱਜੀ ਸਕੋਰ 'ਤੇ ਆਊਟ ਹੋ ਗਏ। ਇਸ ਤੋਂ ਬਾਅਦ ਕੇਨ ਵਿਲੀਅਮਸਨ ਅਤੇ ਰਚਿਨ ਰਵਿੰਦਰਾ ਨੇ ਆਪਣੀ ਟੀਮ ਲਈ ਸ਼ਾਨਦਾਰ ਪਾਰੀਆਂ ਖੇਡੀਆਂ। ਰਚਿਨ ਨੇ 366 ਗੇਂਦਾਂ ਵਿੱਚ 240 ਦੌੜਾਂ ਅਤੇ ਵਿਲੀਅਮਸਨ ਨੇ 289 ਗੇਂਦਾਂ ਵਿੱਚ 118 ਦੌੜਾਂ ਬਣਾਈਆਂ। ਇਨ੍ਹਾਂ ਦੋ ਬੱਲੇਬਾਜ਼ਾਂ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਪਹਿਲੀ ਪਾਰੀ 'ਚ ਬਿਹਤਰ ਪ੍ਰਦਰਸ਼ਨ ਨਹੀਂ ਕਰ ਸਕਿਆ। ਅਫਰੀਕਾ ਲਈ ਨੀਲ ਬ੍ਰਾਂਡ ਨੇ 26 ਓਵਰਾਂ 'ਚ 119 ਦੌੜਾਂ ਦੇ ਕੇ 6 ਵਿਕਟਾਂ ਲਈਆਂ।
ਨਿਊਜ਼ੀਲੈਂਡ ਦੀਆਂ 511 ਦੌੜਾਂ ਦੇ ਜਵਾਬ 'ਚ ਬੱਲੇਬਾਜ਼ੀ ਕਰਨ ਆਈ ਦੱਖਣੀ ਅਫਰੀਕਾ ਦੀ ਟੀਮ 162 ਦੌੜਾਂ 'ਤੇ ਆਲ ਆਊਟ ਹੋ ਗਈ। ਅਫਰੀਕਾ ਦਾ ਕੋਈ ਵੀ ਬੱਲੇਬਾਜ਼ ਖਾਸ ਚੰਗਾ ਪ੍ਰਦਰਸ਼ਨ ਨਹੀਂ ਕਰ ਸਕਿਆ। ਨਿਊਜ਼ੀਲੈਂਡ ਲਈ ਮੈਟ ਹੈਨਰੀ, ਮਿਸ਼ੇਲ ਸੈਂਟਨਰ ਨੇ 3-3 ਅਤੇ ਰਚਿਨ ਰਵਿੰਦਰਾ ਅਤੇ ਜੇਮਸਨ ਨੇ 2-2 ਵਿਕਟਾਂ ਲਈਆਂ।
ਅਫਰੀਕਾ 'ਤੇ 362 ਦੌੜਾਂ ਦੀ ਲੀਡ ਲੈ ਕੇ ਬੱਲੇਬਾਜ਼ੀ ਕਰਨ ਆਏ ਨਿਊਜ਼ੀਲੈਂਡ ਦੇ ਬੱਲੇਬਾਜ਼ ਕੇਨ ਵਿਲੀਅਮਸਨ ਨੇ 109 ਦੌੜਾਂ ਦੀ ਸ਼ਾਨਦਾਰ ਪਾਰੀ ਖੇਡਦੇ ਹੋਏ ਸੈਂਕੜਾ ਲਗਾਇਆ। ਕੀਵੀ ਟੀਮ ਨੇ 179 ਦੇ ਸਕੋਰ 'ਤੇ 4 ਵਿਕਟਾਂ ਗੁਆ ਕੇ ਆਪਣੀ ਪਾਰੀ ਐਲਾਨ ਦਿੱਤੀ। ਦੂਜੀ ਪਾਰੀ 'ਚ ਅਫਰੀਕਾ ਨੂੰ ਜਿੱਤ ਲਈ 541 ਦੌੜਾਂ ਦੀ ਲੋੜ ਸੀ, ਜਿਸ ਦੇ ਜਵਾਬ 'ਚ ਪੂਰੀ ਅਫਰੀਕੀ ਟੀਮ 247 ਦੌੜਾਂ 'ਤੇ ਢੇਰ ਹੋ ਗਈ ਅਤੇ ਅਫਰੀਕਾ ਨੇ ਇਹ ਮੈਚ 281 ਦੌੜਾਂ ਨਾਲ ਜਿੱਤ ਲਿਆ।
ਦੂਜੀ ਪਾਰੀ ਵਿੱਚ ਕਾਇਲ ਜੇਮਸਨ ਨੇ 4 ਵਿਕਟਾਂ, ਮਿਸ਼ੇਲ ਸੈਂਟਨਰ ਨੇ 3 ਵਿਕਟਾਂ, ਟਿਮ ਸਾਊਥੀ, ਮੈਟ ਹੈਨਰੀ ਅਤੇ ਗਲੇਨ ਫਿਲਿਪਸ ਨੇ ਇੱਕ-ਇੱਕ ਵਿਕਟ ਲਈ। ਰਚਿਨ ਰਵਿੰਦਰਾ ਨੂੰ ਦੋਹਰਾ ਸੈਂਕੜਾ ਅਤੇ 2 ਵਿਕਟਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਪਲੇਅਰ ਆਫ ਦਾ ਮੈਚ ਚੁਣਿਆ ਗਿਆ।