ਮੁੰਬਈ: ਮੁੰਬਈ ਇੰਡੀਅਨਜ਼ ਨੇ ਰਾਇਲ ਚੈਲੰਜਰਜ਼ ਬੈਂਗਲੁਰੂ ਨੂੰ 7 ਵਿਕਟਾਂ ਨਾਲ ਹਰਾ ਕੇ ਸੈਸ਼ਨ ਦੀ ਆਪਣੀ ਦੂਜੀ ਜਿੱਤ ਦਰਜ ਕੀਤੀ। ਮੁੰਬਈ ਨੇ ਆਰਸੀਬੀ ਵੱਲੋਂ ਦਿੱਤੇ 197 ਦੌੜਾਂ ਦੇ ਵੱਡੇ ਟੀਚੇ ਨੂੰ ਸਿਰਫ਼ 15.3 ਓਵਰਾਂ ਵਿੱਚ 3 ਵਿਕਟਾਂ ਗੁਆ ਕੇ ਹਾਸਲ ਕਰ ਲਿਆ। ਮੁੰਬਈ ਵੱਲੋਂ ਸਭ ਤੋਂ ਵੱਧ ਸਕੋਰਰ ਈਸ਼ਾਨ ਕਿਸ਼ਨ ਰਿਹਾ, ਜਿਸ ਨੇ 34 ਗੇਂਦਾਂ ਵਿੱਚ 69 ਦੌੜਾਂ ਦੀ ਤੂਫ਼ਾਨੀ ਪਾਰੀ ਖੇਡੀ। ਇਸ ਦੇ ਨਾਲ ਹੀ ਸੂਰਿਆ ਵੀ ਮੈਚ 'ਚ ਪੁਰਾਣੇ ਅੰਦਾਜ਼ 'ਚ ਖੇਡਦੇ ਨਜ਼ਰ ਆਏ। ਸੂਰਿਆ ਨੇ ਸਿਰਫ 19 ਗੇਂਦਾਂ 'ਤੇ 52 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਬਾਕੀ ਬਚਿਆ ਟਾਸਕ ਹਾਰਦਿਕ ਪੰਡਯਾ ਨੇ ਪੂਰਾ ਕੀਤਾ, ਜਿਸ ਨੇ 6 ਗੇਂਦਾਂ 'ਤੇ ਨਾਬਾਦ 21 ਦੌੜਾਂ ਬਣਾਈਆਂ ਅਤੇ ਆਪਣੀ ਟੀਮ ਨੂੰ ਜਿੱਤ ਵੱਲ ਲੈ ਗਿਆ। ਇਸ ਜਿੱਤ ਨਾਲ ਮੁੰਬਈ ਇੰਡੀਅਨਜ਼ ਇਕ ਸਥਾਨ ਦੇ ਫਾਇਦੇ ਨਾਲ 7ਵੇਂ ਨੰਬਰ 'ਤੇ ਪਹੁੰਚ ਗਈ ਹੈ।
ਵੀਰਵਾਰ ਨੂੰ ਮੁੰਬਈ ਦੇ ਵਾਨਖੇੜੇ ਸਟੇਡੀਅਮ 'ਚ ਮੇਜ਼ਬਾਨ ਟੀਮ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਬੈਂਗਲੁਰੂ ਨੇ 20 ਓਵਰਾਂ 'ਚ 8 ਵਿਕਟਾਂ 'ਤੇ 196 ਦੌੜਾਂ ਬਣਾਈਆਂ। ਮੁੰਬਈ ਨੇ 15.3 ਓਵਰਾਂ 'ਚ 3 ਵਿਕਟਾਂ 'ਤੇ 199 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਪਲੇਅਰ ਆਫ ਦਿ ਮੈਚ ਰਿਹਾ। ਉਸ ਨੇ 21 ਦੌੜਾਂ ਦੇ ਕੇ 5 ਵਿਕਟਾਂ ਲਈਆਂ।
ਪਹਿਲਾਂ ਬੱਲੇਬਾਜ਼ੀ ਕਰਨ ਆਈ ਬੈਂਗਲੁਰੂ ਦੀ ਸ਼ੁਰੂਆਤ ਖ਼ਰਾਬ ਰਹੀ। ਟੀਮ ਨੇ ਪਾਵਰਪਲੇ ਦੇ 6 ਓਵਰਾਂ ਵਿੱਚ 44 ਦੌੜਾਂ ਬਣਾ ਕੇ ਦੋ ਵਿਕਟਾਂ ਗੁਆ ਦਿੱਤੀਆਂ। ਵਿਰਾਟ ਕੋਹਲੀ 3 ਦੌੜਾਂ ਬਣਾ ਕੇ ਆਊਟ ਹੋਏ ਅਤੇ ਵਿਲ ਜੈਕਸ 8 ਦੌੜਾਂ ਬਣਾ ਕੇ ਆਊਟ ਹੋਏ। 23 ਦੌੜਾਂ 'ਤੇ ਦੋ ਵਿਕਟਾਂ ਗੁਆਉਣ ਤੋਂ ਬਾਅਦ ਕਪਤਾਨ ਫਾਫ ਡੂ ਪਲੇਸਿਸ ਨੇ ਰਜਤ ਪਾਟੀਦਾਰ ਨਾਲ ਮਿਲ ਕੇ ਟੀਮ ਦੇ ਸਕੋਰ ਨੂੰ 100 ਦੌੜਾਂ ਦੇ ਪਾਰ ਪਹੁੰਚਾਇਆ। ਦੋਵਾਂ ਨੇ ਅਰਧ ਸੈਂਕੜੇ ਲਗਾਏ। ਪਰ ਮੱਧਕ੍ਰਮ ਵਿੱਚ ਦਿਨੇਸ਼ ਕਾਰਤਿਕ ਤੋਂ ਇਲਾਵਾ ਕੋਈ ਹੋਰ ਬੱਲੇਬਾਜ਼ ਯੋਗਦਾਨ ਨਹੀਂ ਦੇ ਸਕਿਆ।
ਮੁੰਬਈ ਇੰਡੀਅਨਜ਼: ਹਾਰਦਿਕ ਪੰਡਯਾ (ਕਪਤਾਨ), ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ (ਵਿਕਟਕੀਪਰ), ਤਿਲਕ ਵਰਮਾ, ਰੋਮੀਓ ਸ਼ੈਫਰਡ, ਟਿਮ ਡੇਵਿਡ, ਮੁਹੰਮਦ ਨਬੀ, ਸ਼੍ਰੇਅਸ ਗੋਪਾਲ, ਗੇਰਾਲਡ ਕੋਏਟਜ਼ੀ, ਜਸਪ੍ਰੀਤ ਬੁਮਰਾਹ ਅਤੇ ਆਕਾਸ਼ ਮਧਵਾਲ।
ਰਾਇਲ ਚੈਲੇਂਜਰਜ਼ ਬੰਗਲੌਰ: ਫਾਫ ਡੂ ਪਲੇਸਿਸ (ਕਪਤਾਨ), ਵਿਰਾਟ ਕੋਹਲੀ, ਵਿਲ ਜੈਕ, ਰਜਤ ਪਾਟੀਦਾਰ, ਗਲੇਨ ਮੈਕਸਵੈੱਲ, ਦਿਨੇਸ਼ ਕਾਰਤਿਕ (ਵਿਕਟਕੀਪਰ), ਮਹੀਪਾਲ ਲੋਮਰੋਰ, ਰੀਸ ਟੋਪਲੇ, ਵਿਜੇ ਕੁਮਾਰ ਵੈਸ਼ਾਖ, ਆਕਾਸ਼ ਦੀਪ ਅਤੇ ਮੁਹੰਮਦ ਸਿਰਾਜ।