ਨਵੀਂ ਦਿੱਲੀ: ਲਖਨਊ ਸੁਪਰ ਜਾਇੰਟਸ ਦੇ ਤੇਜ਼ ਗੇਂਦਬਾਜ਼ ਮਯੰਕ ਯਾਦਵ, ਜਿੰਨ੍ਹਾਂ ਨੂੰ ਮੰਗਲਵਾਰ ਨੂੰ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ ਦੌਰਾਨ ਢਿੱਡ 'ਚ ਦਰਦ ਕਾਰਨ ਮੈਦਾਨ ਛੱਡਣਾ ਪਿਆ ਸੀ, ਉਨ੍ਹਾਂ ਦੇ ਆਈਪੀਐੱਲ 2024 ਦੇ ਬਾਕੀ ਲੀਗ ਮੈਚਾਂ ਤੋਂ ਬਾਹਰ ਹੋਣ ਦੀ ਸੰਭਾਵਨਾ ਹੈ। ਮਯੰਕ ਮੁੰਬਈ ਇੰਡੀਅਨਜ਼ ਖਿਲਾਫ ਮੈਚ ਦੌਰਾਨ ਜ਼ਖਮੀ ਹੋ ਗਏ ਸੀ, ਜਿਸ ਕਾਰਨ ਉਨ੍ਹਾਂ ਦੇ ਅਗਲੇ ਮੈਚ ਖੇਡਣ 'ਤੇ ਸ਼ੱਕ ਪੈਦਾ ਹੋ ਗਿਆ ਹੈ। ਮਯੰਕ ਪਿਛਲੇ ਚਾਰ ਹਫ਼ਤਿਆਂ ਵਿੱਚ ਦੂਜੀ ਵਾਰ ਜ਼ਖ਼ਮੀ ਹੋਏ ਹਨ।
ਸੂਤਰਾਂ ਨੇ IANS ਨੂੰ ਦੱਸਿਆ, 'ਮਣਯਕ ਯਾਦਵ ਦੇ ਪੂਰੀ ਤਰ੍ਹਾਂ ਠੀਕ ਹੋਣ 'ਚ ਪਹਿਲਾਂ ਨਾਲੋਂ ਜ਼ਿਆਦਾ ਸਮਾਂ ਲੱਗੇਗਾ। ਉਹ ਖਰਾਬ ਹਾਲਤ 'ਚ ਨਹੀਂ ਹੈ ਪਰ ਬਾਕੀ ਮੈਚਾਂ 'ਚ ਉਨ੍ਹਾਂ ਦੀ ਭਾਗੀਦਾਰੀ ਸ਼ੱਕ ਦੇ ਘੇਰੇ 'ਚ ਹੈ। ਬੁੱਧਵਾਰ ਨੂੰ ਉਨ੍ਹਾਂ ਦਾ ਸਕੈਨ ਕੀਤਾ ਗਿਆ ਪਰ ਰਿਪੋਰਟ ਆਉਣੀ ਬਾਕੀ ਹੈ। ਮੈਡੀਕਲ ਟੀਮ ਨੇ ਮਯੰਕ ਯਾਦਵ ਨੂੰ ਘੱਟੋ-ਘੱਟ ਤਿੰਨ ਹਫ਼ਤੇ ਆਰਾਮ ਕਰਨ ਦਾ ਸੁਝਾਅ ਦਿੱਤਾ ਹੈ।'
ਐਲਐਸਜੀ ਦੇ ਮੁੱਖ ਕੋਚ ਜਸਟਿਨ ਲੈਂਗਰ ਨੇ ਸਟਾਰ ਤੇਜ਼ ਗੇਂਦਬਾਜ਼ ਮਯੰਕ ਯਾਦਵ ਦੀ ਸੱਟ ਬਾਰੇ ਅਪਡੇਟ ਦਿੰਦੇ ਹੋਏ ਕਿਹਾ ਕਿ 'ਪਰਫੈਕਟ ਰੀਹੈਬਲੀਟੇਸ਼ਨ' ਤੋਂ ਗੁਜ਼ਰਨ ਦੇ ਬਾਵਜੂਦ ਨੌਜਵਾਨ ਖਿਡਾਰੀ ਅਜੇ ਵੀ ਥੋੜ੍ਹਾ ਘਬਰਾਇਆ ਹੋਇਆ ਹੈ। ਕੋਚ ਨੇ ਕਿਹਾ, 'ਅਜਿਹਾ ਲੱਗਦਾ ਹੈ ਕਿ ਉਨ੍ਹਾਂ ਨੂੰ ਇਕ ਵਾਰ ਫਿਰ ਉਸੇ ਜਗ੍ਹਾ 'ਤੇ ਦਰਦ ਹੈ। ਉਨ੍ਹਾਂ ਦਾ ਪੁਨਰਵਾਸ ਸੰਪੂਰਣ ਰਿਹਾ ਹੈ, ਉਨ੍ਹਾਂ ਨੇ ਪਿਛਲੇ ਕੁਝ ਹਫ਼ਤਿਆਂ ਵਿੱਚ ਦਰਦ ਤੋਂ ਮੁਕਤ ਗੇਂਦਬਾਜ਼ੀ ਕੀਤੀ ਹੈ। ਉਹ ਚੰਗੀ ਹਾਲਤ ਵਿੱਚ ਜਾਪਦੇ ਹਨ। ਹਾਲਾਂਕਿ ਉਨ੍ਹਾਂ ਨੂੰ ਫਿਰ ਤੋਂ ਕੁਝ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਹੈ, ਜਿਸ ਬਾਰੇ ਜਾਂਚ ਤੋਂ ਬਾਅਦ ਹੀ ਕੁਝ ਕਿਹਾ ਜਾ ਸਕਦਾ ਹੈ।
ਹਾਲਾਂਕਿ, ਸੂਤਰਾਂ ਨੇ ਦਾਅਵਾ ਕੀਤਾ ਕਿ ਮਯੰਕ MI ਦੇ ਖਿਲਾਫ ਮੈਚ ਲਈ ਫਿੱਟ ਨਹੀਂ ਸੀ। ਪਰ ਤਿੰਨ ਹਫ਼ਤਿਆਂ ਵਿੱਚ ਪੰਜ ਮੈਚ ਗੁਆਉਣ ਤੋਂ ਬਾਅਦ, ਉਹ ਪਲੇਇੰਗ-11 ਵਿੱਚ ਵਾਪਸ ਪਰਤਿਆ ਕਿਉਂਕਿ ਕਪਤਾਨ ਕੇਐਲ ਰਾਹੁਲ ਉਨ੍ਹਾਂ ਨੂੰ ਆਪਣੀ ਟੀਮ ਵਿੱਚ ਸ਼ਾਮਲ ਕਰਨਾ ਚਾਹੁੰਦੇ ਸੀ। ਮੰਗਲਵਾਰ ਨੂੰ ਏਕਾਨਾ ਕ੍ਰਿਕਟ ਸਟੇਡੀਅਮ 'ਚ ਮੁੰਬਈ ਇੰਡੀਅਨਜ਼ ਦੇ ਖਿਲਾਫ ਮੈਚ 'ਚ ਉਹ 3.1 ਓਵਰਾਂ 'ਚ 31 ਦੌੜਾਂ ਦੇ ਕੇ 1 ਵਿਕਟ ਦੇ ਅੰਕੜੇ 'ਤੇ ਸੱਟ ਕਾਰਨ ਮੈਦਾਨ ਛੱਡ ਗਏ। ਐਲਐਸਜੀ ਟੂਰਨਾਮੈਂਟ ਦਾ ਆਪਣਾ ਆਖ਼ਰੀ ਲੀਗ ਮੈਚ 17 ਮਈ ਨੂੰ ਮੁੰਬਈ ਇੰਡੀਅਨਜ਼ ਖ਼ਿਲਾਫ਼ ਖੇਡੇਗੀ।