ਨਸਾਓ (ਬਹਾਮਾਸ) : ਭਾਰਤੀ ਪੁਰਸ਼ ਅਤੇ ਮਹਿਲਾ 4x400 ਮੀਟਰ ਰਿਲੇਅ ਟੀਮਾਂ ਨੇ ਸੋਮਵਾਰ ਨੂੰ ਇੱਥੇ ਵਿਸ਼ਵ ਅਥਲੈਟਿਕਸ ਰੀਲੇਅ ਵਿੱਚ ਆਪੋ-ਆਪਣੇ ਦੂਜੇ ਗੇੜ ਦੇ ਹੀਟਸ ਵਿੱਚ ਦੂਜੇ ਸਥਾਨ 'ਤੇ ਰਹਿ ਕੇ ਪੈਰਿਸ ਓਲੰਪਿਕ ਲਈ ਕੁਆਲੀਫਾਈ ਕੀਤਾ। ਔਰਤਾਂ ਦੇ ਮੁਕਾਬਲੇ ਵਿੱਚ, ਰੂਪਲ ਚੌਧਰੀ, ਐੱਮ ਆਰ ਪੂਵੰਮਾ, ਜੋਤਿਕਾ ਸ਼੍ਰੀ ਡਾਂਡੀ ਅਤੇ ਸੁਭਾ ਵੈਂਕਟੇਸ਼ਨ ਨੇ 3 ਮਿੰਟ ਅਤੇ 29.35 ਸਕਿੰਟ ਦਾ ਸਮਾਂ ਕੱਢਿਆ ਅਤੇ ਜਮਾਇਕਾ (3:28.54) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ ਅਤੇ ਪੈਰਿਸ ਖੇਡਾਂ ਲਈ ਟਿਕਟ ਬੁੱਕ ਕੀਤੀ।
ਬਾਅਦ ਵਿੱਚ, ਮੁਹੰਮਦ ਅਨਸ ਯਾਹੀਆ, ਮੁਹੰਮਦ ਅਜਮਲ, ਅਰੋਕੀਆ ਰਾਜੀਵ ਅਤੇ ਅਮੋਜ ਜੈਕਬ ਦੀ ਪੁਰਸ਼ ਟੀਮ 3 ਮਿੰਟ ਅਤੇ 3.23 ਸਕਿੰਟ ਦੇ ਸਮੂਹਿਕ ਸਮੇਂ ਦੇ ਨਾਲ ਅਮਰੀਕਾ (2:59.95) ਤੋਂ ਬਾਅਦ ਦੂਜੇ ਸਥਾਨ 'ਤੇ ਰਹੀ। ਦੂਜੇ ਗੇੜ ਵਿੱਚ, ਤਿੰਨ ਹੀਟ ਵਿੱਚੋਂ ਹਰ ਇੱਕ ਵਿੱਚ ਚੋਟੀ ਦੀਆਂ ਦੋ ਟੀਮਾਂ ਨੇ 26 ਜੁਲਾਈ ਤੋਂ 11 ਅਗਸਤ ਤੱਕ ਹੋਣ ਵਾਲੇ ਓਲੰਪਿਕ ਲਈ ਕੁਆਲੀਫਾਈ ਕਰਨਾ ਸੀ। ਭਾਰਤੀ ਮਹਿਲਾ ਟੀਮ ਐਤਵਾਰ ਨੂੰ ਪਹਿਲੇ ਦੌਰ ਦੇ ਕੁਆਲੀਫਾਇੰਗ ਹੀਟ ਵਿੱਚ 3 ਮਿੰਟ 29.74 ਸਕਿੰਟ ਦੇ ਸਮੇਂ ਨਾਲ ਪੰਜਵੇਂ ਸਥਾਨ 'ਤੇ ਰਹੀ ਸੀ।
ਦੂਜੇ ਗੇੜ ਦੇ ਦੌੜਾਕ ਰਾਜੇਸ਼ ਰਮੇਸ਼ ਦੇ ਕੜਵੱਲ ਕਾਰਨ ਅੱਧ ਵਿਚਾਲੇ ਹਟਣ ਕਾਰਨ ਪੁਰਸ਼ ਟੀਮ ਪਹਿਲੇ ਗੇੜ ਦੇ ਕੁਆਲੀਫਾਇੰਗ ਹੀਟ ਵਿੱਚ ਸਫ਼ਲਤਾ ਹਾਸਲ ਨਹੀਂ ਕਰ ਸਕੀ। ਇਸ ਨਾਲ ਭਾਰਤ ਕੋਲ ਹੁਣ ਪੈਰਿਸ ਜਾਣ ਵਾਲੇ 19 ਟ੍ਰੈਕ ਅਤੇ ਫੀਲਡ ਐਥਲੀਟ ਹਨ ਅਤੇ ਇਸ ਸੂਚੀ ਵਿੱਚ ਮੌਜੂਦਾ ਜੈਵਲਿਨ ਥਰੋਅ ਚੈਂਪੀਅਨ ਨੀਰਜ ਚੋਪੜਾ ਵੀ ਸ਼ਾਮਲ ਹਨ। ਖੇਡਾਂ ਦੇ ਅਥਲੈਟਿਕਸ ਮੁਕਾਬਲੇ 1 ਅਗਸਤ ਤੋਂ ਸ਼ੁਰੂ ਹੋਣਗੇ।