ਚੇਨਈ: ਲਖਨਊ ਸੁਪਰ ਜਾਇੰਟਸ ਨੇ ਰੋਮਾਂਚਕ ਮੈਚ 'ਚ ਚੇਨਈ ਸੁਪਰ ਕਿੰਗਜ਼ ਨੂੰ ਘਰੇਲੂ ਮੈਦਾਨ 'ਤੇ 2 ਵਿਕਟਾਂ ਨਾਲ ਹਰਾਇਆ। ਲਖਨਊ ਦੀ ਚੇਨਈ ਖਿਲਾਫ ਇਹ ਲਗਾਤਾਰ ਦੂਜੀ ਜਿੱਤ ਹੈ। ਇਸ ਤੋਂ ਪਹਿਲਾਂ ਆਪਣੇ ਘਰੇਲੂ ਮੈਦਾਨ 'ਤੇ ਖੇਡਦੇ ਹੋਏ ਲਖਨਊ ਨੇ ਚੇਨਈ ਨੂੰ 8 ਵਿਕਟਾਂ ਨਾਲ ਹਰਾਇਆ ਸੀ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਚੇਨਈ ਨੇ ਲਖਨਊ ਨੂੰ 211 ਦੌੜਾਂ ਦਾ ਵੱਡਾ ਟੀਚਾ ਦਿੱਤਾ। ਜਿਸ ਦੇ ਜਵਾਬ 'ਚ ਲਖਨਊ ਨੇ 3 ਗੇਂਦਾਂ ਬਾਕੀ ਰਹਿੰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 213 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। ਐੱਮ.ਏ.ਚਿਦੰਬਰਮ ਸਟੇਡੀਅਮ 'ਚ ਇਹ ਸਭ ਤੋਂ ਵੱਡੀ ਰਨ ਚੇਜ਼ ਹੈ। ਲਖਨਊ ਲਈ ਮਾਰਕਸ ਸਟੋਇਨਿਸ ਨੇ 63 ਗੇਂਦਾਂ ਵਿੱਚ 124 ਦੌੜਾਂ ਦਾ ਤੂਫਾਨੀ ਸੈਂਕੜਾ ਖੇਡ ਕੇ ਚੇਨਈ ਦੇ ਜਬਾੜੇ ਤੋਂ ਜਿੱਤ ਖੋਹ ਲਈ। ਇਸ ਜਿੱਤ ਨਾਲ ਲਖਨਊ ਦੀ ਟੀਮ ਅੰਕ ਸੂਚੀ ਵਿੱਚ ਚੇਨਈ ਨੂੰ ਪਿੱਛੇ ਛੱਡ ਕੇ ਚੌਥੇ ਸਥਾਨ 'ਤੇ ਪਹੁੰਚ ਗਈ ਹੈ।
ਮੰਗਲਵਾਰ ਨੂੰ ਚੇਨਈ ਦੇ ਐਮਏ ਚਿਦੰਬਰਮ ਸਟੇਡੀਅਮ ਵਿੱਚ ਲਖਨਊ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ। ਚੇਨਈ ਨੇ 20 ਓਵਰਾਂ 'ਚ 4 ਵਿਕਟਾਂ 'ਤੇ 210 ਦੌੜਾਂ ਬਣਾਈਆਂ। ਲਖਨਊ ਨੇ 19.3 ਓਵਰਾਂ 'ਚ 4 ਵਿਕਟਾਂ 'ਤੇ 211 ਦੌੜਾਂ ਦਾ ਟੀਚਾ ਹਾਸਲ ਕਰ ਲਿਆ। ਮਾਰਕਸ ਸਟੋਇਨਿਸ ਪਲੇਅਰ ਆਫ ਦਿ ਮੈਚ ਰਹੇ। ਉਨ੍ਹਾਂ ਨੇ 63 ਗੇਂਦਾਂ 'ਤੇ 124 ਦੌੜਾਂ ਦੀ ਅਜੇਤੂ ਪਾਰੀ ਖੇਡੀ।
ਸੀਐਸਕੇ ਦੇ ਕਪਤਾਨ ਰੁਤੁਰਾਜ ਗਾਇਕਵਾੜ ਨੇ ਲੀਗ ਵਿੱਚ ਆਪਣਾ ਦੂਜਾ ਸੈਂਕੜਾ ਲਗਾਇਆ। ਉਨ੍ਹਾਂ ਨੇ 60 ਗੇਂਦਾਂ 'ਤੇ 108 ਦੌੜਾਂ ਦੀ ਅਜੇਤੂ ਪਾਰੀ ਖੇਡੀ। ਇਸ 'ਚ ਦਿਲਚਸਪ ਗੱਲ ਇਹ ਰਹੀ ਕਿ ਦੋਵੇਂ ਮੈਚਾਂ 'ਚ ਚੇਨਈ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ। ਉਨ੍ਹਾਂ ਦੀ ਪਾਰੀ ਵਿੱਚ 12 ਚੌਕੇ ਅਤੇ 3 ਛੱਕੇ ਸ਼ਾਮਲ ਸਨ। ਉਨ੍ਹਾਂ ਦੇ ਨਾਲ ਸਾਝੇਦਾਰੀ ਕਰਦਿਆਂ ਸ਼ਿਵਮ ਦੂਬੇ ਨੇ 27 ਗੇਂਦਾਂ 'ਤੇ 66 ਦੌੜਾਂ ਬਣਾਈਆਂ। ਉਨ੍ਹਾਂ ਨੇ 3 ਚੌਕੇ ਅਤੇ 7 ਛੱਕੇ ਲਗਾਏ। ਮੈਟ ਹੈਨਰੀ ਅਤੇ ਮੋਹਸਿਨ ਖਾਨ ਨੂੰ ਇਕ-ਇਕ ਵਿਕਟ ਮਿਲੀ। ਇਸ ਦੇ ਨਾਲ ਹੀ CSK ਦੀ ਟੀਮ ਪੰਜਵੀਂ ਵਾਰ 200+ ਦੇ ਸਕੋਰ ਦਾ ਬਚਾਅ ਨਹੀਂ ਕਰ ਸਕੀ। ਇਸੇ ਤਰ੍ਹਾਂ ਆਰਸੀਬੀ ਵੀ 200+ ਦਾ ਬਚਾਅ ਕਰਦੇ ਹੋਏ ਹਾਰੀ ਹੈ।
ਐਲਐਸਜੀ ਵੱਲੋਂ ਮਾਰਕਸ ਸਟੋਇਨਿਸ ਨੇ ਵੀ ਸੈਂਕੜਾ ਲਗਾਇਆ। ਉਨ੍ਹਾਂ ਨੇ ਆਪਣਾ ਪਹਿਲਾ IPL ਸੈਂਕੜਾ ਲਗਾਇਆ। ਉਨ੍ਹਾਂ ਨੇ 63 ਗੇਂਦਾਂ 'ਤੇ ਅਜੇਤੂ 124 ਦੌੜਾਂ ਬਣਾਈਆਂ। ਸਟੋਇਨਿਸ ਦੀ ਪਾਰੀ ਵਿੱਚ 13 ਚੌਕੇ ਅਤੇ 6 ਛੱਕੇ ਸ਼ਾਮਲ ਸਨ। ਨਿਕੋਲਸ ਪੂਰਨ ਨੇ 15 ਗੇਂਦਾਂ 'ਤੇ 34 ਦੌੜਾਂ ਦਾ ਯੋਗਦਾਨ ਪਾਇਆ, ਜਦਕਿ ਦੀਪਕ ਹੁੱਡਾ ਨੇ 6 ਗੇਂਦਾਂ 'ਤੇ ਨਾਬਾਦ 17 ਦੌੜਾਂ ਬਣਾਈਆਂ। ਮੈਥਿਸ਼ ਪਥੀਰਾਨਾ ਨੇ ਦੋ ਵਿਕਟਾਂ ਹਾਸਲ ਕੀਤੀਆਂ।
ਚੇਨਈ ਨੇ 4 ਦੌੜਾਂ 'ਤੇ ਪਹਿਲਾ ਵਿਕਟ ਗੁਆ ਦਿੱਤਾ ਸੀ। ਅਜਿਹੇ 'ਚ ਕਪਤਾਨ ਰੁਤੂਰਾਜ ਗਾਇਕਵਾੜ ਨੇ ਡੇਰਿਲ ਮਿਸ਼ੇਲ ਨਾਲ 45 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਇਸ ਤੋਂ ਬਾਅਦ ਗਾਇਕਵਾੜ ਨੇ ਰਵਿੰਦਰ ਜਡੇਜਾ ਨਾਲ 52 ਅਤੇ ਸ਼ਿਵਮ ਦੁਬੇ ਨਾਲ 104 ਦੌੜਾਂ ਦੀ ਸਾਂਝੇਦਾਰੀ ਕੀਤੀ। ਇੱਥੇ ਸ਼ਿਵਮ ਦੂਬੇ ਨੇ ਵੀ 66 ਦੌੜਾਂ ਦਾ ਯੋਗਦਾਨ ਪਾਇਆ। ਡੇਰਿਲ ਮਿਸ਼ੇਲ ਅਤੇ ਰਵਿੰਦਰ ਜਡੇਜਾ ਨੇ ਚੇਨਈ ਲਈ ਹੌਲੀ ਬੱਲੇਬਾਜ਼ੀ ਕੀਤੀ। ਮਿਸ਼ੇਲ ਨੇ 10 ਗੇਂਦਾਂ 'ਤੇ 11 ਦੌੜਾਂ ਅਤੇ ਜਡੇਜਾ ਨੇ 19 ਗੇਂਦਾਂ 'ਤੇ 16 ਦੌੜਾਂ ਬਣਾਈਆਂ। ਇਸ ਕਾਰਨ ਚੇਨਈ ਦੀ ਰਨ ਰੇਟ ਡਿੱਗ ਗਈ।
ਲਖਨਊ ਦੀ ਪਾਰੀ ਦੇ ਆਖ਼ਰੀ ਓਵਰਾਂ ਵਿੱਚ ਤ੍ਰੇਲ ਦਿਖਾਈ ਦਿੱਤੀ ਅਤੇ ਸਲੱਗ ਓਵਰਾਂ ਵਿੱਚ ਚੇਨਈ ਦੀ ਗੇਂਦਬਾਜ਼ੀ ਬੇਅਸਰ ਰਹੀ। ਅਜਿਹੇ 'ਚ ਲਖਨਊ ਨੇ ਆਖਰੀ 5 ਓਵਰਾਂ 'ਚ 76 ਦੌੜਾਂ ਬਣਾਈਆਂ। ਉਥੇ ਹੀ ਜ਼ੀਰੋ ਦੇ ਸਕੋਰ 'ਤੇ ਡੀ ਕਾਕ ਦਾ ਵਿਕਟ ਗੁਆਉਣ ਤੋਂ ਬਾਅਦ ਕੇਐਲ ਰਾਹੁਲ ਅਤੇ ਮਾਰਕਸ ਸਟੋਇਨਿਸ ਨੇ 33 ਦੌੜਾਂ ਦੀ ਸਾਂਝੇਦਾਰੀ ਕਰਕੇ ਪਾਰੀ ਨੂੰ ਸੰਭਾਲਿਆ। ਕਪਤਾਨ ਕੇਐੱਲ ਰਾਹੁਲ 33 ਦੌੜਾਂ ਦੇ ਸਕੋਰ 'ਤੇ ਆਊਟ ਹੋਣ ਤੋਂ ਬਾਅਦ ਮਾਰਕਸ ਸਟੋਇਨਿਸ ਨੇ ਦੇਵਦੱਤ ਪੈਡਿਕਲ ਨਾਲ 55 ਦੌੜਾਂ, ਨਿਕੋਲਸ ਪੂਰਨ ਨਾਲ 70 ਦੌੜਾਂ ਅਤੇ ਦੀਪਕ ਹੁੱਡਾ ਨਾਲ ਅਜੇਤੂ 55 ਦੌੜਾਂ ਦੀ ਸਾਂਝੇਦਾਰੀ ਕੀਤੀ।
ਦੋਵਾਂ ਟੀਮਾਂ ਦੇ ਪਲੇਇੰਗ-11
ਚੇਨਈ ਸੁਪਰ ਕਿੰਗਜ਼: ਰੁਤੁਰਾਜ ਗਾਇਕਵਾੜ (ਕਪਤਾਨ), ਅਜਿੰਕਿਆ ਰਹਾਣੇ, ਮੋਈਨ ਅਲੀ, ਡੇਰਿਲ ਮਿਸ਼ੇਲ, ਸ਼ਿਵਮ ਦੂਬੇ, ਰਵਿੰਦਰ ਜਡੇਜਾ, ਐਮਐਸ ਧੋਨੀ (ਵਿਕਟਕੀਪਰ), ਮੁਸਤਫਿਜ਼ੁਰ ਰਹਿਮਾਨ, ਦੀਪਕ ਚਾਹਰ, ਮੈਥਿਸ਼ ਪਥੀਰਾਨਾ ਅਤੇ ਤੁਸ਼ਾਰ ਦੇਸ਼ਪਾਂਡੇ। ਇਮਪੈਕਟ ਖਿਡਾਰੀ: ਸ਼ਾਰਦੁਲ ਠਾਕੁਰ।
ਲਖਨਊ ਸੁਪਰ ਜਾਇੰਟਸ: ਕੇਐਲ ਰਾਹੁਲ (ਕਪਤਾਨ ਅਤੇ ਵਿਕਟਕੀਪਰ), ਕੁਇੰਟਨ ਡੀ ਕਾਕ, ਦੀਪਕ ਹੁੱਡਾ, ਮਾਰਕਸ ਸਟੋਇਨਿਸ, ਨਿਕੋਲਸ ਪੂਰਨ, ਆਯੂਸ਼ ਬਡੋਨੀ, ਕਰੁਣਾਲ ਪੰਡਯਾ, ਮੈਟ ਹੈਨਰੀ, ਰਵੀ ਬਿਸ਼ਨੋਈ, ਯਸ਼ ਠਾਕੁਰ ਅਤੇ ਮੋਹਸਿਨ ਖਾਨ। ਇਮਪੈਕਟ ਖਿਡਾਰੀ: ਦੇਵਦੱਤ ਪਡੀਕਲ।