ਕਾਬੁਲ— ਆਸਟ੍ਰੇਲੀਆ ਕ੍ਰਿਕਟ ਨੇ ਮੰਗਲਵਾਰ ਨੂੰ ਟੀ-20 ਸੀਰੀਜ਼ ਰੱਦ ਕਰਨ 'ਤੇ ਅਫਗਾਨਿਸਤਾਨ ਕ੍ਰਿਕਟ ਬੋਰਡ ਦਾ ਜਵਾਬ ਅੱਜ ਆਇਆ ਹੈ। ਬੋਰਡ ਨੇ ਦੁਵੱਲੀ ਟੀ-20 ਸੀਰੀਜ਼ ਦੇ ਮੁਲਤਵੀ ਹੋਣ ਤੋਂ ਬਾਅਦ ਸਰਕਾਰੀ ਦਬਾਅ ਅੱਗੇ ਨਾ ਝੁਕਣ ਦੀ ਅਪੀਲ ਕੀਤੀ। ਇਸ ਤੋਂ ਪਹਿਲਾਂ ਮੰਗਲਵਾਰ ਨੂੰ ਆਸਟ੍ਰੇਲੀਆ ਨੇ ਅਫਗਾਨਿਸਤਾਨ ਦੁਆਰਾ ਦੁਬਈ 'ਚ ਹੋਣ ਵਾਲੀ ਟੀ-20 ਸੀਰੀਜ਼ ਨੂੰ ਮੁਲਤਵੀ ਕਰ ਦਿੱਤਾ ਸੀ। ਜਿਸ ਦਾ ਆਯੋਜਨ ਇਸ ਸੀਲ ਅਗਸਤ ਨੂੰ ਕੀਤਾ ਜਾਣਾ ਸੀ।
ਆਸਟ੍ਰੇਲੀਆ ਨੇ ਕਿਹਾ ਸੀ ਕਿ ਸੀਰੀਜ਼ ਨੂੰ ਰੱਦ ਕਰਨ ਦਾ ਕਾਰਨ ਅਫਗਾਨਿਸਤਾਨ 'ਚ ਸਰਕਾਰ ਦੁਆਰਾ ਔਰਤਾਂ ਦੇ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ। ਆਸਟ੍ਰੇਲੀਆ ਨੇ ਕਿਹਾ ਸੀ ਕਿ ਅਫਗਾਨਿਸਤਾਨ 'ਚ ਔਰਤਾਂ ਅਤੇ ਲੜਕੀਆਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਜਾ ਰਿਹਾ ਹੈ। ਸਾਡੀ ਸਰਕਾਰ ਨਾਲ ਚਰਚਾ ਤੋਂ ਬਾਅਦ ਅਸੀਂ ਅਗਸਤ 'ਚ ਹੋਣ ਵਾਲੀ ਸੀਰੀਜ਼ ਨੂੰ ਮੁਲਤਵੀ ਕਰਨ ਦਾ ਫੈਸਲਾ ਕੀਤਾ ਹੈ।
ਅਫਗਾਨਿਸਤਾਨ ਨੇ ਜਵਾਬ 'ਚ ਸਖਤ ਰੁਖ ਅਖਤਿਆਰ ਕਰਦੇ ਹੋਏ ਕਿਹਾ, 'ਅਫਗਾਨਿਸਤਾਨ ਕ੍ਰਿਕਟ ਬੋਰਡ ਕ੍ਰਿਕਟ ਆਸਟ੍ਰੇਲੀਆ ਦੇ ਇਕ ਹੋਰ ਦੁਵੱਲੀ ਸੀਰੀਜ਼ ਨੂੰ ਮੁਲਤਵੀ ਕਰਨ ਦੇ ਫੈਸਲੇ ਤੋਂ ਨਿਰਾਸ਼ ਹੈ। ਅਸੀਂ ਕ੍ਰਿਕਟ ਨੂੰ ਸਿਆਸੀ ਪ੍ਰਭਾਵ ਤੋਂ ਦੂਰ ਰੱਖਣ ਦੀ ਬੇਨਤੀ ਕਰਦੇ ਹਾਂ। ਅਫਗਾਨਿਸਤਾਨ 'ਚ ਕ੍ਰਿਕਟ ਦਾ ਕਾਫੀ ਪ੍ਰਭਾਵ ਹੈ ਅਤੇ ਇਸ ਨਾਲ ਇੱਥੋਂ ਦੇ ਲੋਕਾਂ ਨੂੰ ਖੁਸ਼ੀ ਮਿਲਦੀ ਹੈ।
ਇਸ ਤੋਂ ਪਹਿਲਾਂ ਵੀ ਆਸਟਰੇਲੀਆ ਨੇ ਨਵੰਬਰ 2021 ਵਿੱਚ ਅਫਗਾਨਿਸਤਾਨ ਦੇ ਖਿਲਾਫ ਇੱਕ ਟੈਸਟ ਮੈਚ ਵੀ ਰੱਦ ਕਰ ਦਿੱਤਾ ਸੀ, ਜਿਸ ਤੋਂ ਬਾਅਦ ਯੂਏਈ ਵਿੱਚ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਨੂੰ ਵੀ ਮੁਲਤਵੀ ਕਰ ਦਿੱਤਾ ਗਿਆ ਸੀ। ਆਸਟ੍ਰੇਲੀਆ ਨੇ ਤੀਜੀ ਵਾਰ ਅਜਿਹਾ ਕੀਤਾ ਹੈ। ਅਫਗਾਨਿਸਤਾਨ ਬੋਰਡ ਦਾ ਕਹਿਣਾ ਹੈ ਕਿ ਆਸਟ੍ਰੇਲੀਆਈ ਕ੍ਰਿਕਟ ਬੋਰਡ ਆਸਟ੍ਰੇਲੀਆ ਸਰਕਾਰ ਦੇ ਨਿਰਦੇਸ਼ਾਂ 'ਤੇ ਕੰਮ ਕਰ ਰਿਹਾ ਹੈ।
ਇਸ 'ਚ ਕਿਹਾ ਗਿਆ ਹੈ, 'ਏਸੀਬੀ ਕ੍ਰਿਕਟ ਆਸਟ੍ਰੇਲੀਆ ਨੂੰ ਬੇਨਤੀ ਕਰਦਾ ਹੈ ਕਿ ਉਹ ਆਈਸੀਸੀ ਦੇ ਪੂਰਨ ਮੈਂਬਰ ਦੇ ਰੂਪ 'ਚ ਆਪਣੀ ਸਥਿਤੀ ਨੂੰ ਸਮਝੇ ਅਤੇ ਉਸ ਦਾ ਸਨਮਾਨ ਕਰੇ। ਨਾਲ ਹੀ ਇਹ ਵੀ ਬੇਨਤੀ ਕਰਦਾ ਹੈ ਕਿ ਬਾਹਰੀ ਦਬਾਅ ਜਾਂ ਸਿਆਸੀ ਪ੍ਰਭਾਵ ਅੱਗੇ ਝੁਕਣ ਦੀ ਬਜਾਏ ਬਦਲਵੇਂ ਹੱਲ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ। ਹੁਣ ਦੇਖਣਾ ਇਹ ਹੋਵੇਗਾ ਕਿ ਆਸਟ੍ਰੇਲੀਆ ਇਸ 'ਤੇ ਕੀ ਸਟੈਂਡ ਲੈਂਦਾ ਹੈ।