ਲੁਧਿਆਣਾ: ਪੰਜਾਬ ਕੈਬਿਨਟ ਵਿੱਚ ਅੱਜ ਵਿਸਥਾਰ ਹੋਣ ਜਾ ਰਿਹਾ ਹੈ। ਜਿੱਥੇ ਪੁਰਾਣੇ ਮੰਤਰੀਆਂ ਦੀ ਛੁੱਟੀ ਕੀਤੀ ਜਾ ਰਹੀ ਹੈ ਉੱਥੇ ਹੀ ਕੁਝ ਨਵੇਂ ਚਿਹਰਿਆਂ ਨੂੰ ਕੈਬਿਨਟ ਦੇ ਵਿੱਚ ਥਾਂ ਦਿੱਤੀ ਜਾ ਰਹੀ ਹੈ। ਦਰਅਸਲ ਇਸ ਕੈਬਿਨਟ ਵਿਸਥਾਰ ਦੀ ਲੋੜ ਕਿਉਂ ਪਈ ਇਸ ਪਿੱਛੇ ਕਈ ਕਾਰਨ ਹਨ, ਜਿਸ ਨੂੰ ਲੈ ਕੇ ਸੀਨੀਅਰ ਪੱਤਰਕਾਰ ਅਤੇ ਰਾਜਨੀਤਕ ਮਾਹਿਰ ਪਰਮੋਦ ਕੁਮਾਰ ਬਾਤਿਸ਼ ਨੇ ਸਾਡੀ ਟੀਮ ਨਾਲ ਫੋਨ ਉੱਤੇ ਗੱਲਬਾਤ ਰਾਹੀਂ ਦੱਸਿਆ ਹੈ। ਸਰਕਾਰ ਵੱਲੋਂ ਚਾਰ ਮੰਤਰੀਆਂ ਦੇ ਅਸਤੀਫੀਆਂ ਦੀ ਪੁਸ਼ਟੀ ਪਹਿਲਾਂ ਹੀ ਕਰ ਦਿੱਤੀ ਗਈ ਹੈ, ਜਿਸ ਵਿੱਚ ਅਨਮੋਲ ਗਗਨ ਮਾਨ, ਬ੍ਰਹਮ ਸ਼ੰਕਰ ਜਿੰਪਾ, ਬਲਕਾਰ ਸਿੰਘ ਅਤੇ ਚੇਤਨ ਸਿੰਘ ਜੋੜ ਮਾਜਰਾ ਦਾ ਨਾਂਅ ਸ਼ਾਮਿਲ ਹਨ। ਹਾਲਾਂਕਿ ਅਮਨ ਅਰੋੜਾ ਅਤੇ ਮੀਤ ਹੇਅਰ ਪਹਿਲਾ ਹੀ ਮੈਂਬਰ ਪਾਰਲੀਮੈਂਟ ਚੁਣੇ ਜਾਣ ਕਰਕੇ ਅਸਤੀਫਾ ਦੇ ਚੁੱਕੇ ਹਨ। ਕੈਬਿਨਟ ਦੇ ਵਿੱਚ ਨਵੇਂ ਸਿਰਫ ਚਿਹਰਿਆਂ ਨੂੰ ਹੀ ਤਰਜੀਹ ਨਹੀਂ ਦਿੱਤੀ ਗਈ ਸਗੋਂ ਨਵੇਂ ਸ਼ਹਿਰਾਂ ਨੂੰ ਵੀ ਤਰਜੀਹ ਦਿੱਤੀ ਗਈ ਹੈ, ਜਿਨ੍ਹਾਂ ਦੇ ਵਿੱਚ ਲੁਧਿਆਣਾ ਵੀ ਸ਼ਾਮਿਲ ਹੈ।
ਲੁਧਿਆਣਾ ਤੋਂ ਦੋ ਚਿਹਰੇ
ਪੰਜਾਬ ਦੀ ਨਵੀਂ ਕੈਬਿਨਟ ਵਿੱਚ ਲੁਧਿਆਣਾ ਤੋਂ ਦੋ ਨਵੇਂ ਵਿਧਾਇਕ ਸ਼ਾਮਿਲ ਕੀਤੇ ਜਾ ਰਹੇ ਨੇ, ਜਿਨ੍ਹਾਂ ਦੇ ਵਿੱਚ ਸਾਹਨੇਵਾਲ ਹਲਕੇ ਤੋਂ ਐਮਐਲਏ ਹਰਦੀਪ ਸਿੰਘ ਮੁੰਡੀਆਂ ਅਤੇ ਖੰਨਾ ਤੋਂ ਐਮਐਲਏ ਤਰਨਪ੍ਰੀਤ ਸਿੰਘ ਸੌਧ ਸ਼ਾਮਿਲ ਹਨ। 50 ਲੱਖ ਦੀ ਆਬਾਦੀ ਵਾਲੇ ਲੁਧਿਆਣਾ ਸ਼ਹਿਰ ਦੇ ਵਿੱਚ 14 ਵਿਧਾਨ ਸਭਾ ਹਲਕੇ ਆਉਂਦੇ ਹਨ ਅਤੇ ਆਮ ਆਦਮੀ ਪਾਰਟੀ ਦੇ 13 ਵਿਧਾਇਕ ਇੱਥੋਂ 2022 ਵਿਧਾਨ ਸਭਾ ਚੋਣਾਂ ਦੇ ਵਿੱਚ ਜਿੱਤੇ ਸਨ ਪਰ ਇਸ ਦੇ ਬਾਵਜੂਦ ਪਹਿਲੇ ਕੈਬਿਨਟ ਵਿੱਚ ਸਰ ਦੇ ਵਿੱਚ ਲੁਧਿਆਣਾ ਤੋਂ ਕਿਸੇ ਵੀ ਵਿਧਾਇਕ ਨੂੰ ਮੰਤਰੀ ਮੰਡਲ ਵਿੱਚ ਸ਼ਾਮਿਲ ਨਹੀਂ ਕੀਤਾ ਗਿਆ ਸੀ ਪਰ ਹੁਣ ਦੋ ਨਾਂ ਸ਼ਾਮਿਲ ਕੀਤੇ ਗਏ ਹਨ। ਇਸ ਨੂੰ ਲੈ ਕੇ ਸੀਨੀਅਰ ਪੱਤਰਕਾਰ ਪ੍ਰਮੋਦ ਬਾਤਿਸ਼ ਨੇ ਕਿਹਾ ਹੈ ਕਿ ਇਹ ਹੈਰਾਨੀ ਵਾਲੀ ਗੱਲ ਹੈ ਕਿ ਲੁਧਿਆਣਾ ਸ਼ਹਿਰ ਤੋਂ ਕੋਈ ਵੀ ਐਮਐਲਏ ਦੀ ਚੋਣ ਨਹੀਂ ਹੋਈ, ਲੁਧਿਆਣਾ ਸ਼ਹਿਰ ਪੰਜਾਬ ਦਾ ਇੰਡਸਟਰੀ ਕੈਪੀਟਲ ਹੈ। ਦੋ ਵਿਧਾਇਕ ਚੁਣੇ ਗਏ ਹਨ, ਉਹ ਵੀ ਸਾਹਨੇਵਾਲ ਅਤੇ ਖੰਨਾ ਤੋਂ ਚੁਣੇ ਗਏ ਹਨ। ਜਦੋਂ ਕਿ ਲੁਧਿਆਣਾ ਸ਼ਹਿਰ ਦੇ ਛੇ ਐਮਐਲਏ ਹਨ। ਉਹਨਾਂ ਵਿੱਚੋਂ ਕਿਸੇ ਦੀ ਵੀ ਮੰਤਰੀ ਮੰਡਲ ਦੇ ਵਿੱਚ ਚੋਣ ਨਹੀਂ ਹੋਈ, ਇਹ ਬਹੁਤ ਹੀ ਹੈਰਾਨੀ ਵਾਲੀ ਗੱਲ ਹੈ।
ਅਗਾਮੀ ਚੋਣਾਂ
ਪ੍ਰਮੋਦ ਬਾਤਿਸ਼ ਨੇ ਅਗਾਮੀ ਚੋਣਾਂ ਵੱਲ ਧਿਆਨ ਦਿਵਾਉਂਦੇ ਹੋਏ ਦੱਸਿਆ ਕਿ ਪੰਜਾਬ ਵਿੱਚ ਜ਼ਿਮਨੀ ਚੋਣ ਹੋਣੀ ਹੈ ਅਤੇ ਨਾਲ ਹੀ ਪੰਚਾਇਤੀ ਚੋਣਾਂ ਅਤੇ ਨਿਗਮ ਚੋਣਾਂ ਹੋਣੀਆਂ ਹਨ। ਇਹ ਤੀਜਾ ਮੌਕਾ ਹੈ ਜਦੋਂ ਸਥਾਨਕ ਸਰਕਾਰਾਂ ਬਾਰੇ ਮੰਤਰੀ ਨੂੰ ਬਦਲਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ ਇੰਦਰਵੀਰ ਨਿੱਜਰ ਅਤੇ ਬ੍ਰਹਮ ਸ਼ੰਕਰ ਜਿੰਪਾ ਰਹੇ ਹਨ। ਇਸ 'ਤੇ ਗੌਰ ਫਰਮਾਉਣ ਦੀ ਲੋੜ ਹੈ ਕਿ ਇਸ ਮਹਿਕਮੇ ਦੇ ਵਿੱਚ ਅਜਿਹੇ ਕੀ ਕਾਰਣ ਰਹੇ ਹਨ ਕਿ ਤੀਜੀ ਵਾਰ ਮੰਤਰੀ ਬਦਲਿਆ ਜਾ ਰਿਹਾ। ਉਹਨਾਂ ਕਿਹਾ ਕਿ ਜਿਹੜੇ ਮੌਜੂਦਾ ਮੰਤਰੀ ਰਹੇ ਹਨ ਉਹ ਕਿਸੇ ਨਾ ਕਿਸੇ ਭ੍ਰਿਸ਼ਟਾਚਾਰ ਇਲਜ਼ਾਮਾਂ ਵਿੱਚ ਜਾਂ ਫਿਰ ਸਰੀਰਕ ਸ਼ੋਸ਼ਣ ਇਲਜਾਮਾਂ ਦੇ ਵਿੱਚ ਘਿਰੇ ਰਹੇ ਹਨ। ਜਿਸ ਕਰਕੇ ਇਹ ਕੈਬਿਨਟ ਦਾ ਵਿਸਥਾਰ ਹੋਣਾ ਮੰਨਿਆ ਜਾ ਰਿਹਾ ਸੀ।
- ਨਜਾਇਜ਼ ਸੰਬੰਧਾਂ ਦੇ ਚਲਦੇ ਪਿਤਾ ਨੇ ਪੁੱਤ ਦਾ ਕੀਤਾ ਕਤਲ, ਰੋਂਦੀ ਧੀ ਨੇ ਪਿਤਾ ਲਈ ਮੰਗੀ ਫਾਂਸੀ ਦੀ ਸਜ਼ਾ - Father killed his son
- ਵਿਦਿਆਰਥੀਆਂ ਵਲੋਂ ਵੀਸੀ ਵਿਰੁੱਧ ਪ੍ਰਦਰਸ਼ਨ; ਬਿਨਾਂ ਦੱਸੇ ਕੁੜੀਆਂ ਦੇ ਹੋਸਟਲ ਦੇ ਕਮਰੇ 'ਚ ਵੜਿਆ ਵੀਸੀ, ਵੀਡੀਓ ਹੋਈ ਵਾਇਰਲ - STUDENT PROTEST AGAINST VC
- 35 ਸਾਲਾਂ ਤੋਂ ਨਹੀਂ ਹੋਈਆਂ ਪੰਚਾਇਤੀ ਚੋਣਾਂ; ਸਹੂਲਤਾਂ ਤੋਂ ਵਾਂਝਾ ਇਹ ਪਿੰਡ, ਆਪ ਵਿਧਾਇਕਾ ਨੇ ਮੁੜ ਇੱਕ ਸ਼ਰਤ 'ਤੇ ਕੀਤਾ ਇਹ ਵਾਅਦਾ - Panchayat Election Special Grants
ਸਰਕਾਰ ਵੱਲੋਂ ਲਏ ਫੈਸਲੇ
ਬੀਤੇ ਦਿਨ ਹੀ ਸਰਕਾਰ ਵੱਲੋਂ ਲਏ ਗਏ ਪੰਜਾਬ ਕੈਬਿਨਟ ਦੀ ਬੈਠਕ ਦੇ ਵਿੱਚ ਅਹਿਮ ਫੈਸਲੇ ਦੇ ਅੰਦਰ ਪੈਟਰੋਲ ਡੀਜ਼ਲ ਉੱਤੇ ਵੈਟ ਵਧਾਉਣ ਅਤੇ ਬਿਜਲੀ ਦੀ ਪੁਰਾਣੀ ਸੱਤ ਕਿੱਲੋਵਾਟ ਮੀਟਰ ਦੀ ਸਬਸਿਡੀ ਖਤਮ ਕਰਨ ਦੇ ਮਾਮਲੇ ਨੂੰ ਲੈ ਕੇ ਵੀ ਪ੍ਰਮੋਦ ਬਾਤਿਸ਼ ਨੇ ਕਿਹਾ ਕਿ ਸ਼ਹਿਰੀ ਖੇਤਰ ਦੇ ਵਿੱਚ ਕਿਤੇ ਨਾ ਕਿਤੇ ਇਸ ਗੱਲ ਨੂੰ ਲੈ ਕੇ ਰੋਸ ਜ਼ਰੂਰ ਹੈ। ਉਹਨਾਂ ਕਿਹਾ ਕਿ ਜਿਹੜੀ ਬਿਜਲੀ ਦੀਆਂ ਮੁਫਤ ਯੂਨਿਟ ਦਿੱਤੀਆਂ ਜਾ ਰਹੀਆਂ ਹਨ ਅਤੇ ਹੋਰ ਸਰਕਾਰ ਵੱਲੋਂ ਸਬਸਿਡੀਆਂ ਲੋਕਾਂ ਨੂੰ ਮੁਹਈਆ ਕਰਵਾਈਆਂ ਜਾ ਰਹੀਆਂ ਹਨ, ਉਸ ਨੂੰ ਲੈ ਕੇ ਸ਼ਹਿਰੀ ਲੋਕਾਂ ਵਿੱਚ ਕਿਤੇ ਨਾ ਕਿਤੇ ਇਸ ਗੱਲ ਦਾ ਰੋਸ ਹੈ ਕਿ ਇਹ ਸਬਸਿਡੀ ਦਾ ਬੋਝ ਸਾਡੇ ਸਿਰ ਉੱਤੇ ਪਾਇਆ ਗਿਆ ਹੈ, ਸ਼ਹਿਰਾਂ ਦੇ ਵਿੱਚ ਰੋਸ ਕਾਰਣ ਹੀ ਕੈਬਿਨਟ ਵਿੱਚ ਵਿਸਥਾਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕਿ ਜ਼ਿਮਨੀ ਚੋਣਾਂ, ਪੰਚਾਇਤੀ ਚੋਣਾਂ ਅਤੇ ਨਗਰ ਨਿਗਮ ਚੋਣਾਂ ਵੀ ਸੂਬੇ ਦੇ ਵਿੱਚ ਹੋਣੀਆਂ ਹਨ। ਉਸ ਤੋਂ ਪਹਿਲਾਂ ਕੈਬਿਨੇਟ ਦਾ ਵਿਸਥਾਰ ਕਰਨਾ ਸਰਕਾਰ ਲਈ ਜਰੂਰੀ ਬਣ ਗਿਆ ਸੀ ਕਿਉਂਕਿ ਸਰਕਾਰ ਨਵੇਂ ਚਿਹਰਿਆਂ ਨੂੰ ਜਿੱਥੇ ਮੌਕਾ ਦੇਣਾ ਸੀ ਉੱਥੇ ਹੀ ਪੁਰਾਣੇ ਚਿਹਰਿਆਂ ਉੱਤੇ ਲੱਗ ਰਹੇ ਇਲਜ਼ਾਮਾਂ ਤੋਂ ਵੀ ਸਰਕਾਰ ਨੂੰ ਛੁਟਕਾਰਾ ਪਾਉਣਾ ਸੀ।