ਬਰਨਾਲਾ: ਜ਼ਿਮਨੀ ਚੋਣ ਵਿੱਚ ਸੱਤਾਧਿਰ ਆਮ ਆਦਮੀ ਪਾਰਟੀ ਲਈ ਵੱਡੀ ਚੁਣੌਤੀ ਬਾਗੀਆਂ ਵੱਲੋਂ ਖੜੀ ਹੋ ਗਈ ਹੈ। ਬਰਨਾਲਾ ਤੋਂ ਉਮੀਦਵਾਰ ਬਣਾਏ ਗਏ ਸੰਸਦ ਮੈਂਬਰ ਮੀਤ ਹੇਅਰ ਦੇ ਦੋਸਤ ਹਰਿੰਦਰ ਸਿੰਘ ਧਾਲੀਵਾਲ ਦੇ ਵਿਰੋਧ ਵਜੋਂ ਜਿਲ੍ਹਾ ਪ੍ਰਧਾਨ ਗੁਰਦੀਪ ਸਿੰਘ ਬਾਠ ਨੇ ਅਜ਼ਾਦ ਉਮੀਦਵਾਰ ਵਜੋਂ ਭਰੇ ਨਾਮਜ਼ਦਗੀ ਪੱਤਰ ਦਾਖ਼ਲ ਕਰ ਦਿੱਤਾ ਹੈ। ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਪਹਿਲਾਂ ਸ਼ਹਿਰ ਵਿੱਚ ਕੀਤੀ ਵੱਡੀ ਚੋਣ ਸਭਾ ਕੀਤੀ। ਇਸ ਚੋਣ ਸਭਾ ਵਿੱਚ ਵੱਡੇ ਪੱਧਰ ਉੱਤੇ ਆਪ ਪਾਰਟੀ ਨਾਲ ਜੁੜੇ ਆਗੂ ਅਤੇ ਵਰਕਰ ਪੁੱਜੇ, ਜਿਹਨਾਂ ਗੁਰਦੀਪ ਸਿੰਘ ਬਾਠ ਦਾ ਸਾਥ ਦੇਣ ਦਾ ਐਲਾਨ ਕੀਤਾ। ਜਿਸ ਉਪਰੰਤ ਗੁਰਦੀਪ ਬਾਠ ਆਪ ਪਾਰਟੀ ਦੇ ਟਕਸਾਲੀ ਆਗੂਆਂ ਨਾਲ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਐਸਡੀਐਮ ਦਫ਼ਤਰ ਪੁੱਜੇ।
ਡੇਢ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ
ਇਸ ਮੌਕੇ ਗੱਲਬਾਤ ਕਰਦਿਆਂ ਗੁਰਦੀਪ ਸਿੰਘ ਬਾਠ ਨੇ ਕਿਹਾ ਕਿ ਅੱਜ ਉਹਨਾਂ ਨੇ ਆਪਣੇ ਐਲਾਨ ਅਨੁਸਾਰ ਵਿਧਾਨ ਸਭਾ ਦੀ ਜ਼ਿਮਨੀ ਚੋਣ ਲਈ ਆਜ਼ਾਦ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖ਼ਲ ਕੀਤੇ ਹਨ। ਉਹਨਾਂ ਕਿਹਾ ਕਿ ਮੈਂ ਲੋਕਾਂ ਵਿੱਚ ਜਾਵਾਂਗਾ ਅਤੇ ਲੋਕ ਮੇਰੇ ਉੱਪਰ ਵਿਸਵਾਸ਼ ਕਰਨਗੇ ਕਿਉਂਕਿ ਮੈਂ ਪਿਛਲੇ ਲੰਬੇ ਸਮੇਂ ਤੋਂ ਪਾਰਟੀ ਦੀ ਸੇਵਾ ਕੀਤੀ ਅਤੇ ਲੋਕਾਂ ਦੀ ਵੀ ਸੇਵਾ ਕੀਤੀ। ਪਿਛਲੇ ਕਰੀਬ ਡੇਢ ਸਾਲ ਤੋਂ ਜਿਲ੍ਹਾ ਯੋਜਨਾ ਬੋਰਡ ਦਾ ਚੇਅਰਮੈਨ ਰਿਹਾ ਅਤੇ ਇਸ ਦੌਰਾਨ ਮੈਂ ਡੇਢ ਸਾਲ ਪੂਰੀ ਇਮਾਨਦਾਰੀ ਨਾਲ ਕੰਮ ਕੀਤਾ।
ਹੁਣ ਪਿੱਛੇ ਨਹੀਂ ਮੁੜ ਸਕਦੇ
ਉਹਨਾਂ ਕਿਹਾ ਕਿ ਪਾਰਟੀ ਅਤੇ ਸਰਕਾਰ ਲਗਾਤਾਰ ਉਹਨਾਂ ਨਾਲ ਸੰਪਰਕ ਕਰਕੇ ਉਹਨਾਂ ਨੂੰ ਮਨਾਉਣ ਦੀ ਕੋਸ਼ਿਸ਼ ਕਰਦੇ ਰਹੇ ਹਨ ਪਰ ਹੁਣ ਉਹ ਬਹੁਤ ਅੱਗੇ ਲੰਘ ਆਏ ਹਨ। ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਅਤੇ ਸਮੱਰਥਕ ਮੇਰੇ ਨਾਲ ਹੋਏ ਧੱਕੇ ਵਿਰੁੱਧ ਮੇਰਾ ਸਾਥ ਦੇ ਰਹੇ ਹਨ। ਉਹਨਾਂ ਕਿਹਾ ਕਿ ਹਲਕੇ ਦੇ ਲੋਕ ਮੇਰੇ ਨਾਲ ਹਨ, ਜਿਸ ਕਰਕੇ ਲੋਕਾਂ ਦੀ ਗੱਲ ਉਹ ਮੋੜ ਨਹੀਂ ਸਕਦੇ। ਉਹਨਾਂ ਅੱਜ ਜਿਲ੍ਹਾ ਸੰਗਰੂਰ ਦੇ ਪ੍ਰਧਾਨ ਅਤੇ ਪਲੈਨਿੰਗ ਬੋਰਡ ਦੇ ਚੇਅਰਮੈਨ ਗੁਰਮੇਲ ਸਿੰਘ ਘਰਾਚੋਂ ਦੀ ਮੁਲਾਕਾਤ ਬਾਰੇ ਵੀ ਗੱਲ ਕੀਤੀ ਕਿਉਂਕਿ ਉਹ ਵੀ ਪਾਰਟੀ ਟੁੱਟਣਾ ਦੇਖਣਾ ਨਹੀਂ ਚਾਹੁੰਦੇ, ਪਰ ਉਹ ਹੁਣ ਪਿੱਛੇ ਨਹੀਂ ਮੁੜ ਸਕਦੇ।
ਚੋਣ ਪ੍ਰਚਾਰ ਕਰਨ ਤੋਂ ਕਿਨਾਰਾ
ਗੁਰਦੀਪ ਬਾਠ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੇ ਸਾਰੇ ਜ਼ਿਲ੍ਹਿਆਂ ਦੇ ਅਹੁਦੇਦਾਰ ਅਤੇ ਜ਼ਿਲ੍ਹਾ ਪ੍ਰਧਾਨਾਂ ਨੇ ਬਰਨਾਲਾ ਹਲਕੇ ਵਿੱਚ ਚੋਣ ਪ੍ਰਚਾਰ ਕਰਨ ਤੋਂ ਕਿਨਾਰਾ ਕਰ ਲਿਆ ਹੈ ਕਿਉਂਕਿ ਸਾਰੀ ਜੱਥੇਬੰਦੀ ਉਹਨਾਂ ਦਾ ਸਾਥ ਦੇ ਰਹੀ ਹੈ। ਉਹਨਾਂ ਕਿਹਾ ਕਿ ਇਹ ਲੜਾਈ ਮੇਰੇ ਇੱਕਲੇ ਦੀ ਨਹੀਂ ਹੈ, ਬਲਕਿ ਇਹ ਇੱਕ ਪਾਰਟੀ ਦੇ ਵਰਕਰ ਦੀ ਲੜਾਈ ਹੈ। ਬਰਨਾਲਾ ਵਿਧਾਨ ਸਭਾ ਹਲਕਾ ਆਉਣ ਵਾਲੇ ਸਮੇਂ ਵਿੱਚ ਪਾਰਟੀਆਂ ਨੂੰ ਸਬਕ ਸਿਖਾਵੇਗਾ ਅਤੇ ਪਾਰਟੀਆਂ ਆਉਣ ਵਾਲੇ ਸਮੇਂ ਵਿੱਚ ਆਪਣੇ ਵਰਕਰਾਂ ਦੀ ਕਦਰ ਕਰਨਗੀਆਂ। ਬਰਨਾਲਾ ਵਿਧਾਨ ਸਭਾ ਹਲਕੇ ਦੇ ਲੋਕ ਮੇਰੇ ਨਾਲ ਹਨ ਅਤੇ ਮੇਰੀ ਜਿੱਤ ਹੋਵੇਗੀ। ਉਹਨਾਂ ਆਪ ਉਮੀਦਵਾਰ ਦੇ ਬਿਆਨ ਉੱਤੇ ਪ੍ਰਤੀਕਰਮ ਦਿੰਦਿਆਂ ਕਿਹਾ ਕਿ ਮੈਂ ਪਾਰਟੀ ਦੇ ਜਿਲ੍ਹਾ ਪ੍ਰਧਾਨ ਦੇ ਤੌਰ ਉੱਤੇ ਤਪੱਸਿਆ ਕੀਤੀ ਹੈ ਪਰ ਉਹ ਕੋਈ ਬੂਥ ਪ੍ਰਧਾਨ ਵੀ ਨਹੀਂ ਰਹੇ ਅਤੇ ਸਿੱਧੇ ਚੋਣ ਲੜ ਰਹੇ ਹਨ। ਸਿਰਫ਼ ਦੋਸਤੀ ਅਤੇ ਰਿਸ਼ਤੇਦਾਰੀ ਦੀ ਮੈਰਿਟ ਨੇ ਉਸਨੂੰ ਟਿਕਟ ਦਿਵਾ ਦਿੱਤੀ ਹੈ।