ਲੁਧਿਆਣਾ: ਸਾਬਕਾ ਵਿਧਾਇਕ ਤੇ ਕਾਂਗਰਸੀ ਆਗੂ ਸਿਮਰਜੀਤ ਬੈਂਸ ਵੱਲੋਂ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਿਤ ਕੀਤਾ ਗਿਆ ਇਸ ਦੌਰਾਨ ਉਨ੍ਹਾਂ ਕਿਹਾ ਕਿ ਉਹ ਨਗਰ ਨਿਗਮ ਚੋਣਾਂ ਵਿੱਚ ਕਾਂਗਰਸ ਨੂੰ ਸਮਰਥਨ ਦੇ ਰਹੇ ਹਨ, ਕਿਉਂਕਿ ਕਾਂਗਰਸ ਅਤੇ ਉਨਾਂ ਦੀ ਭਾਈਵਾਲ ਚੱਲ ਰਹੀ ਹੈ। ਲੋਕ ਸਭਾ ਚੋਣਾਂ ਵਿੱਚ ਵੀ ਉਨ੍ਹਾਂ ਨੇ ਕਾਂਗਰਸ ਨੂੰ ਸਮਰਥਨ ਦਿੱਤਾ ਸੀ ਤੇ ਹੁਣ ਵੀ ਕਈ ਵਾਰਡਾਂ ਉੱਤੇ ਉਨ੍ਹਾਂ ਦੇ ਸਾਂਝੇ ਉਮੀਦਵਾਰ ਉਤਾਰੇ ਗਏ ਹਨ।
'ਆਮ ਆਦਮੀ ਪਾਰਟੀ ਅੱਜ ਖਾਸ ਹੋਈ'
ਸਿਮਰਜੀਤ ਬੈਂਸ ਨੇ ਕਿਹਾ ਨਾ ਤਾਂ ਕੋਈ ਬੈਂਸ ਦਾ ਉਮੀਦਵਾਰ ਹੈ ਅਤੇ ਨਾ ਹੀ ਕਿਸੇ ਹੋਰ ਦਾ, ਕਾਂਗਰਸ ਦੇ ਸਾਂਝੇ ਉਮੀਦਵਾਰ ਹਨ। ਇਸ ਦੌਰਾਨ ਆਮ ਆਦਮੀ ਪਾਰਟੀ ਉੱਤੇ ਵੀ ਸਵਾਲ ਖੜ੍ਹੇ ਕੀਤੇ ਅਤੇ ਕਿਹਾ ਕਿ ਭਾਈ ਭਤੀਜਾਵਾਦ ਆਮ ਆਦਮੀ ਪਾਰਟੀ ਵਿੱਚ ਜੋਰਾਂ ਸ਼ੋਰਾਂ ਉੱਤੇ ਚੱਲ ਰਿਹਾ ਹੈ, ਜੋ ਕਿ ਸੱਤਾ ਵਿੱਚ ਇਹ ਕਹਿ ਕੇ ਆਏ ਸਨ ਕਿ ਉਹ ਲੋਕਾਂ ਦੀ ਗੱਲ ਕਰਨਗੇ, ਉਹ ਆਮ ਲੋਕ ਹਨ। ਉਨ੍ਹਾਂ ਕਿਹਾ ਕਿ ਅੱਜ ਉਹ ਖਾਸ ਹੋ ਚੁੱਕੇ ਹਨ। ਬੈਂਸ ਨੇ ਕਿਹਾ ਕਿ ਲੋਕ ਪਛਤਾ ਰਹੇ ਹਨ ਕਿ 92 ਐਮਐਲਏ ਉਨ੍ਹਾਂ ਨੇ ਪੰਜਾਬ ਵਿੱਚ ਕਿਉਂ ਬਣਾਏ ਅਤੇ ਹੁਣ ਪੰਜਾਬ ਵਿੱਚ ਭ੍ਰਿਸ਼ਟਾਚਾਰ ਪੂਰਾ ਜ਼ੋਰਾਂ ਸ਼ੋਰਾਂ ਉੱਤੇ ਹੈ।
'ਅਫਸਰਾਂ ਨੂੰ ਅਸੀਂ ਛੱਡਾਂਗੇ ਨਹੀਂ ...'
ਸਿਮਰਜੀਤ ਬੈਂਸ ਨੇ ਕਿਹਾ ਕਿ ਨਗਰ ਨਿਗਮ ਚੋਣਾਂ ਵਿੱਚ ਸਭ ਸਾਫ ਹੋ ਜਾਵੇਗਾ ਕਿ ਲੋਕ ਇਨ੍ਹਾਂ (ਆਪ) ਤੋਂ ਕਿੰਨੇ ਪਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਜ਼ਿਮਨੀ ਚੋਣਾਂ ਤਾਂ ਸਰਕਾਰ ਦੀਆਂ ਹੀ ਹੁੰਦੀਆਂ ਹਨ, ਸਰਕਾਰ ਆਪਣੇ ਤੰਤਰ ਦੀ ਵਰਤੋਂ ਕਰਦੇ ਹਨ। ਉਨ੍ਹਾਂ ਕਿਹਾ ਕਿ ਕੋਈ ਵੀ ਅਫਸਰ ਇਹ ਨਾ ਸਮਝੇ ਕਿ ਉਹ ਸਰਕਾਰ ਦੀ ਹਿਮਾਇਤ ਕਰੇਗਾ। ਉਨ੍ਹਾਂ ਕਿਹਾ ਕਿ ਅਜਿਹੇ ਅਫਸਰਾਂ ਨੂੰ ਅਸੀਂ ਛੱਡਾਂਗੇ ਨਹੀਂ।
'ਅਕਾਲੀ ਦਲ ਦੀ ਪੰਜਾਬ ਨੂੰ ਲੋੜ, ਪਰ ...'
ਦੂਜੇ ਪਾਸੇ, ਭਾਜਪਾ ਨੂੰ ਲੈ ਕੇ ਵੀ ਸਿਮਰਜੀਤ ਬੈਂਸ ਨੇ ਅਕਾਲੀ ਦਲ ਉਤੇ ਪੁੱਛੇ ਸਵਾਲ ਨੂੰ ਲੈ ਕੇ ਉਨ੍ਹਾਂ ਕਿਹਾ ਕਿ ਜੇਕਰ ਉਹ ਪਹਿਲਾਂ ਆਪਣੀਆਂ ਗ਼ਲਤੀਆਂ ਕਬੂਲ ਕਰ ਲੈਂਦੇ, ਤਾਂ ਅਕਾਲੀ ਦਲ ਦਾ ਅੱਜ ਇਹ ਹਾਲ ਨਾ ਹੁੰਦਾ। ਉਨ੍ਹਾਂ ਕਿਹਾ ਕਿ ਅਕਾਲੀ ਦਲ ਸੰਘਰਸ਼ ਤੋਂ ਨਿਕਲੀ ਹੋਈ ਪਾਰਟੀ ਹੈ ਅਤੇ ਪੰਜਾਬ ਨੂੰ ਅਕਾਲੀ ਦਲ ਦੀ ਲੋੜ ਹੈ। ਉਨ੍ਹਾਂ ਕਿਹਾ ਕਿ ਪਰ, ਜੋ ਹਾਲਾਤ ਪਿਛਲੇ ਸਾਲਾਂ ਵਿੱਚ ਰਹੇ ਹਨ, ਇਸ ਕਰਕੇ ਅਕਾਲੀ ਦਲ ਹੇਠਾਂ ਗਈ ਹੈ।
ਸਿਮਰਜੀਤ ਬੈਂਸ ਨੇ ਕਿਹਾ ਕਿ ਉਹ ਅੱਜ ਵੀ ਕਹਿੰਦੇ ਹਨ ਕਿ ਅਕਾਲੀ ਦਲ ਸੰਘਰਸ਼ ਚੋਂ ਨਿਕਲੀ ਪਾਰਟੀ ਹੈ। ਇਸ ਕਰਕੇ ਪੰਜਾਬ ਵਿੱਚ ਅਕਾਲੀ ਦਲ ਦਾ ਵਜੂਦ ਹੋਣਾ ਚਾਹੀਦਾ। ਉਨ੍ਹਾਂ ਕਿਹਾ ਕਿ ਅਕਾਲ ਤਖ਼ਤ ਸਾਹਿਬ ਅੱਗੇ ਉਨ੍ਹਾਂ ਦਾ ਸਿਰ ਝੁੱਕਦਾ ਹੈ, ਉਸ ਤੋਂ ਉੱਤੇ ਕੁਝ ਨਹੀਂ ਹੈ, ਜੋ ਉਨ੍ਹਾਂ ਨੇ ਸਜ਼ਾ ਲਾਈ ਹੈ, ਉਸ ਉੱਤੇ ਉਹ ਕੋਈ ਕਿੰਤੂ ਪ੍ਰੰਤੂ ਨਹੀਂ ਕਰ ਸਕਦੇ।