ਲੁਧਿਆਣਾ: ਤਿੰਨ ਦਸੰਬਰ ਨੂੰ ਬੁੱਢੇ ਨਾਲੇ 'ਤੇ ਬੰਨ੍ਹ ਲਾਇਆ ਜਾਣਾ ਹੈ ਤੇ ਇਸ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਗਰਮਾਈ ਹੋਈ ਹੈ। ਜਿੱਥੇ ਸਮਾਜ ਸੇਵੀ ਅਤੇ ਇੰਡਸਟਰੀ ਸਰਕਾਰ ਨੂੰ ਇਸ ਵਿੱਚ ਦਖਲ ਦੇਣ ਦੀ ਗੱਲ ਕਹਿ ਰਹੀ ਹੈ। ਉੱਥੇ ਹੀ ਦੂਜੇ ਪਾਸੇ ਲੁਧਿਆਣਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ, ਜਿੰਨ੍ਹਾਂ ਵੱਲੋਂ ਬੁੱਢੇ ਨਾਲੇ 'ਤੇ ਲੱਗਿਆ ਆਪਣਾ ਨੀਂਹ ਪੱਥਰ ਤੋੜਿਆ ਗਿਆ ਸੀ। ਉਹਨਾਂ ਕਿਹਾ ਕਿ ਬੁੱਢੇ ਨਾਲੇ ਦੀ ਇਸ ਹਾਲਤ ਲਈ ਪ੍ਰਦੂਸ਼ਣ ਕੰਟਰੋਲ ਬੋਰਡ ਜਿੰਮੇਵਾਰ ਹੈ। ਉਹਨਾਂ ਕਿਹਾ ਕਿ ਅਧਿਕਾਰੀਆਂ ਦੀ ਲਾਪਰਵਾਹੀ ਕਰਕੇ ਬੁੱਢੇ ਨਾਲੇ ਦੇ ਅੱਜ ਇਹ ਹਾਲਾਤ ਹੋਏ ਹਨ।
ਪਹਿਲੀਆਂ ਸਰਕਾਰਾਂ ਦੀਆਂ ਗਲਤੀਆਂ ਦਾ ਨਤੀਜਾ
ਇਸ ਸਬੰਧੀ ਵਿਧਾਇਕ ਗੋਗੀ ਨੇ ਕਿਹਾ ਕਿ ਇਸ ਲਈ ਇੰਡਸਟਰੀ ਅਤੇ ਸਮਾਜ ਸੇਵੀਆਂ ਨੂੰ ਆਹਮੋ-ਸਾਹਮਣੇ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਨੇ ਕਿਹਾ ਕਿ ਪਹਿਲਾਂ ਹੀ ਉਹ ਮੁੱਖ ਮੰਤਰੀ ਪੰਜਾਬ ਨੂੰ ਇਸ ਸਬੰਧੀ ਲਿਖ ਚੁੱਕੇ ਹਨ। ਇਸ ਦੇ ਨਾਲ ਹੀ ਉਹਨਾਂ ਕਾਂਗਰਸ ਵੱਲੋਂ ਚੁੱਕੇ ਜਾ ਰਹੇ ਸਵਾਲਾਂ 'ਤੇ ਵੀ ਜਵਾਬ ਦਿੰਦਿਆਂ ਕਿਹਾ ਕਿ ਹਾਲਾਂਕਿ ਵਿਰੋਧੀ ਕੀ ਕਹਿੰਦੇ ਨੇ, ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ। ਉਨ੍ਹਾਂ ਕਿਹਾ ਕਿ ਸਰਕਾਰ ਆਪਣਾ ਕੰਮ ਕਰ ਰਹੀ ਹੈ ਪਰ ਉਹਨਾਂ ਕਿਹਾ ਕਿ ਸਰਕਾਰ ਵੇਲੇ ਬੁੱਢੇ ਨਾਲੇ ਦੀ ਸਫਾਈ ਦੇ ਲਈ ਜੋ ਕੰਮ ਕੀਤੇ ਗਏ ਹਨ, ਉਹੀ ਇਮਾਨਦਾਰੀ ਨਾਲ ਕੀਤੇ ਗਏ ਹਨ। ਜਦੋਂ ਕਿ ਪਹਿਲੀਆਂ ਸਰਕਾਰਾਂ ਨੇ ਜੇ ਕੰਮ ਇਮਾਨਦਾਰੀ ਨਾਲ ਕੀਤਾ ਹੁੰਦਾ ਤਾਂ ਅੱਜ ਇਹ ਹਾਲਤ ਬੁੱਢੇ ਨਾਲੇ ਦੀ ਨਾ ਹੁੰਦੀ।
'ਹੁਣ ਟਕਰਾਅ ਹੋ ਹੀ ਜਾਣਾ ਚਾਹੀਦਾ'
ਦੂਜੇ ਪਾਸੇ, ਕਾਂਗਰਸ ਦੇ ਸਾਬਕਾ ਐਮਐਲਏ ਕੁਲਦੀਪ ਵੈਦ ਨੇ ਕਿਹਾ ਕਿ ਬੁੱਢੇ ਨਾਲੇ ਦੀ ਸਫਾਈ ਲਈ ਕਾਂਗਰਸ ਸਰਕਾਰ ਨੇ ਪ੍ਰੋਜੈਕਟ ਲਿਆਉਂਦੇ ਸਨ। ਉਹਨਾਂ ਕਿਹਾ ਕਿ ਸਾਡੀ ਸਰਕਾਰ ਵੇਲੇ ਜੋ ਕੁਝ ਕੰਮ ਮਨਜ਼ੂਰ ਹੋਏ ਸਨ, ਅਸੀਂ ਪੂਰੇ ਕੀਤੇ ਹਨ। ਉਹਨਾਂ ਕਿਹਾ ਪਰ ਹੁਣ ਹਾਲਾਤ ਸੁਧਰ ਨਹੀਂ ਰਹੇ ਹਨ। ਹਾਲਾਂਕਿ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਇੰਡਸਟਰੀ ਅਤੇ ਸਮਾਜ ਸੇਵੀ ਆਹਮੋ ਸਾਹਮਣੇ ਹੋ ਜਾਣਗੇ ਅਤੇ ਟਕਰਾ ਵਾਲੀ ਸਥਿਤੀ ਪੈਦਾ ਹੋ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਹੁਣ ਟਕਰਾ ਹੋ ਹੀ ਜਾਣਾ ਚਾਹੀਦਾ ਹੈ।