ਲੁਧਿਆਣਾ: ਭਾਜਪਾ ਆਗੂ ਅਤੇ ਮੌਜੂਦਾ ਵਾਰਡ ਨੰਬਰ 23 ਤੋਂ ਦੋ ਵਾਰ ਕੌਂਸਲਰ ਰਹਿ ਚੁੱਕੇ ਸੁਰਜੀਤ ਰਾਏ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਐਲਾਨ ਕਰ ਦਿੱਤਾ ਗਿਆ ਹੈ। ਸੁਰਜੀਤ ਰਾਏ ਵੱਲੋਂ ਪ੍ਰੈਸ ਵਾਰਤਾ ਦੌਰਾਨ ਜਾਣਕਾਰੀ ਦਿੰਦਿਆਂ ਹੋਇਆਂ ਦੱਸਿਆ ਗਿਆ ਕਿ ਬੀਜੇਪੀ ਹਾਈ ਕਮਾਨ ਵੱਲੋਂ ਉਨ੍ਹਾਂ ਦੀ ਟਿਕਟ ਕੱਟੇ ਜਾਣ ਦਾ ਉਹਨਾਂ ਨੂੰ ਬੇਹੱਦ ਅਫਸੋਸ ਹੋਇਆ ਹੈ। ਉਨ੍ਹਾਂ ਆਖਿਆ ਕਿ ਵਾਰਡ ਵਿੱਚੋਂ ਸੀਟ ਜਿੱਤ ਕੇ ਬੀਜੇਪੀ ਦੀ ਝੋਲੀ ਪਾਉਣ ਵਾਲੇ ਉਮੀਦਵਾਰ ਦੀ ਟਿਕਟ ਕੱਟ ਕੇ ਆਪਣੇ ਇੱਕ ਚਹੇਤੇ ਨੂੰ ਇਹ ਟਿਕਟ ਦੇ ਦਿੱਤੀ ਗਈ ਹੈ, ਜੋ ਕਿ ਇਸ ਵਾਰਡ ਵਿੱਚੋਂ ਸੀਟ ਜਿੱਤਣ ਦੇ ਬਿਲਕੁਲ ਵੀ ਕਾਬਿਲ ਨਹੀਂ ਹੈ।
ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ
ਬੀਜੇਪੀ ਤੋਂ ਨਰਾਜ਼ ਹੋਏ ਸੁਰਜੀਤ ਰਾਏ ਵੱਲੋਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫੇ ਦਾ ਐਲਾਨ ਕਰਦਿਆਂ ਹੋਇਆਂ ਕਿਹਾ ਗਿਆ ਕਿ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਲੜਨ ਬਾਰੇ ਵੀ ਸੋਚ ਸਕਦੇ ਹਨ। ਉਨ੍ਹਾਂ ਕਿਹਾ ਕਿ ਉਹ ਵਾਰਡ ਨੰਬਰ 23 ਵਿੱਚੋਂ ਸਭ ਤੋਂ ਮਜ਼ਬੂਤ ਉਮੀਦਵਾਰ ਸਨ ਅਤੇ ਪਿਛਲੇ 2 ਸਾਲ ਤੋਂ ਚੋਣਾਂ ਲਈ ਤਿਆਰੀ ਕਰ ਰਹੇ ਸਨ ਕਿਉਂਕਿ ਦੋ ਵਾਰ ਉਹ ਪਹਿਲਾਂ ਵੀ ਇਸ ਵਾਰਡ ਤੋਂ ਕੌਂਸਲਰ ਰਹਿ ਚੁੱਕੇ ਹਨ ਅਤੇ ਇਸ ਦੌਰਾਨ ਉਹਨਾਂ ਕਈ ਕੰਮ ਕੀਤੇ ਹਨ।
ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਰਨ ਦੀ ਤਿਆਰੀ
ਸੁਰਜੀਤ ਰਾਏ ਨੇ ਕਿਹਾ ਕਿ ਜਦੋਂ ਭਾਜਪਾ ਵੱਲੋਂ ਸੂਚੀ ਜਾਰੀ ਕੀਤੀ ਗਈ ਤਾਂ ਉਸ ਦਾ ਨਾਂ ਸ਼ਾਮਿਲ ਨਹੀਂ ਕੀਤਾ ਗਿਆ ਅਤੇ ਕਿਸੇ ਹੋਰ ਨੂੰ ਟਿਕਟ ਦੇ ਦਿੱਤੀ ਗਈ। ਉਹਨਾਂ ਕਿਹਾ ਕਿ ਇਸ ਕਰਕੇ ਉਹਨਾਂ ਪਾਰਟੀ ਦੀ ਮੁੱਢਲੀ ਮੈਂਬਰਸ਼ਿਪ ਤੋਂ ਅਸਤੀਫਾ ਦੇਣ ਦਾ ਫੈਸਲਾ ਕੀਤਾ ਹੈ। ਉਹਨਾਂ ਕਿਹਾ ਕਿ ਜੋ ਵੀ ਭਾਜਪਾ ਦਾ ਉਮੀਦਵਾਰ ਉਹਨਾਂ ਦੇ ਵਾਰਡ ਤੋਂ ਖੜ੍ਹਾ ਹੋਵੇਗਾ ਉਸ ਨੂੰ ਹਰਾਉਣ ਦੇ ਲਈ ਉਹ ਅਜ਼ਾਦ ਉਮੀਦਵਾਰ ਵਜੋਂ ਚੋਣ ਮੈਦਾਨ ਦੇ ਵਿੱਚ ਉਤਰਨਗੇ।