ਲੁਧਿਆਣਾ: ਅੰਮ੍ਰਿਤਾ ਵੜਿੰਗ ਨੇ ਰਵਨੀਤ ਬਿੱਟੂ ਨੂੰ ਜਵਾਬ ਦਿੰਦੇ ਹੋਏ ਕਿਹਾ ਕਿ ਰਾਜਾ ਵੜਿੰਗ ਨੇ ਲੋਕਾਂ ਵਿੱਚ ਜੋ ਵੀ ਕਿਹਾ ਹੈ, ਅਸੀਂ ਅਕਸਰ ਅਜਿਹੀਆਂ ਗੱਲਾਂ ਕਹਿ ਦਿੰਦੇ ਹਾਂ। ਸਾਡੇ ਪਰਿਵਾਰ ਦਾ ਇਹ ਤਰੀਕਾ ਰਿਹਾ ਹੈ ਕਿ ਅਸੀਂ ਪੜ੍ਹ ਕੇ ਕਦੇ ਵੀ ਗੱਲਾਂ ਨਹੀਂ ਬੋਲਦੇ ਜੋ ਦਿਲ ਦੀਆਂ ਗੱਲਾਂ ਹੁੰਦੀਆਂ ਹਨ ਉਹੀ ਲੋਕਾਂ ਨਾਲ ਸਾਂਝੀਆਂ ਕਰਦੇ ਹਾਂ ਅਤੇ ਲੋਕ ਵੀ ਸਮਝਦੇ ਹਨ ਕਿ ਗੱਲ ਕਿਸ ਲਹਿਜੇ ਨਾਲ ਕਹੀ ਗਈ ਹੈ।
ਬਿਆਨ ਸਬੰਧੀ ਸਪੱਸ਼ਟੀਕਰਨ
ਅੰਮ੍ਰਿਤਾ ਵੜਿੰਗ ਮੁਤਾਬਿਕ ਮਜ਼ਾਕ ਹਮੇਸ਼ਾ ਭਾਸ਼ਣਾਂ ਦਾ ਹਿੱਸਾ ਰਿਹਾ ਹੈ। ਰਾਜਾ ਵੜਿੰਗ ਦੱਸਣਾ ਚਾਹੁੰਦੇ ਸਨ ਕਿ ਅੰਮ੍ਰਿਤਾ ਸਵੇਰੇ 6:00 ਵਜੇ ਤੋਂ ਰਾਤ 11:00 ਵਜੇ ਤੱਕ ਲੋਕਾਂ ਵਿੱਚ ਮੌਜੂਦ ਰਹਿੰਦੀ ਹੈ ਅਤੇ ਉਸ ਕੋਲ ਪਰਿਵਾਰ ਲਈ ਵੀ ਸਮਾਂ ਨਹੀਂ ਹੈ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਭਾਜਪਾ ਨੇ ਤੁਹਾਨੂੰ ਬਿਨਾਂ ਜਿੱਤੇ ਮੰਤਰੀ ਬਣਾ ਦਿੱਤਾ ਪਰ ਤੁਸੀਂ ਇੱਕ ਛੋਟੀ ਜਿਹੀ ਗੱਲ ਨਹੀਂ ਸਮਝੀ। ਜਿਸ ਨੂੰ ਰਾਜਾ ਵੜਿੰਗ ਦੱਸਣ ਦੀ ਕੋਸ਼ਿਸ਼ ਕਰ ਰਹੇ ਸਨ ਅਤੇ ਤੁਸੀਂ ਉਸ ਨੂੰ ਤੋੜ ਮਰੋੜ ਕੇ ਔਰਤਾਂ ਦਾ ਅਪਮਾਨ ਕਰਨ ਵੱਲ ਲੈ ਗਏ।
ਕਾਂਗਰਸੀ ਉਮੀਦਵਾਰ ਅੰਮ੍ਰਿਤਾ ਵੜਿੰਗ ਨੇ ਅੱਗੇ ਆਖਿਆ ਕਿ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਗਿੱਦੜਬਾਹਾ ਤੋਂ ਚੋਣ ਜਿੱਤੇ ਅੱਜ 13 ਸਾਲ ਹੋ ਗਏ ਹਨ ਅਤੇ ਮੈਨੂੰ ਵੀ ਗਿੱਦੜਬਾਹਾ ਦੇ ਲੋਕਾਂ ਵਿੱਚ ਸ਼ਾਮਲ ਹੋਏ 13 ਸਾਲ ਹੋ ਗਏ ਹਨ। ਮੈਨੂੰ ਜ਼ਿੰਦਗੀ ਵਿੱਚ ਜਦੋਂ ਵੀ ਕਿਸੇ ਚੀਜ਼ ਦੀ ਲੋੜ ਪਈ ਤਾਂ ਰਾਜਾ ਜੀ ਨੇ ਹਮੇਸ਼ਾ ਮੇਰਾ ਸਾਥ ਦਿੱਤਾ ਅਤੇ ਅੱਜ ਜੇਕਰ ਮੈਂ ਗਿੱਦੜਬਾਹਾ ਤੋਂ ਚੋਣ ਲੜ ਰਹੀ ਹਾਂ ਤਾਂ ਇਸ ਵਿੱਚ ਉਨ੍ਹਾਂ ਦਾ ਬਹੁਤ ਵੱਡਾ ਯੋਗਦਾਨ ਹੈ। ਉਨ੍ਹਾਂ ਨੇ ਮੈਨੂੰ ਕਦਮ-ਦਰ-ਕਦਮ ਚੱਲਣਾ ਸਿਖਾਇਆ ਹੈ।
ਰਵਨੀਤ ਬਿੱਟੂ ਉੱਤੇ ਤਿੱਖੇ ਤੰਜ
ਅੰਮ੍ਰਿਤਾ ਵੜਿੰਗ ਨੇ ਅੱਗੇ ਆਖਿਆ ਕਿ ਜਦੋਂ ਮੈਨੂੰ ਟਿਕਟ ਮਿਲੀ ਤਾਂ ਤੁਸੀਂ (ਬਿੱਟੂ) ਕਹਿ ਰਹੇ ਸੀ ਕਿ ਰਾਜਾ ਅਮਰਿੰਦਰ ਵੜਿੰਗ ਨੇ ਆਪਣੀ ਪਤਨੀ ਨੂੰ ਟਿਕਟ ਦਿੱਤੀ ਹੈ। ਅੱਜ ਜੇ ਉਹ ਮਜ਼ਾਕ ਵਿੱਚ ਕਹਿ ਰਹੇ ਹਨ ਕਿ, 'ਮੇਰੀ ਪਤਨੀ 6:00 ਤੋਂ 11:00 ਵਜੇ ਤੱਕ ਲੋਕਾਂ ਵਿੱਚ ਰਹਿੰਦੀ ਹੈ, ਤਾਂ ਇਸ ਵਿੱਚ ਤੁਹਾਡੀ ਬੇਇੱਜ਼ਤੀ ਕੀ ਹੈ? ਬਿੱਟੂ ਜੀ, ਤੁਸੀਂ ਮੇਰੇ ਵੱਡੇ ਭਰਾ ਹੋ, ਤੁਹਾਨੂੰ ਅਜਿਹਾ ਮਜ਼ਾਕ ਪਸੰਦ ਨਹੀਂ ਹੈ। ਕਾਂਗਰਸ ਨੇ ਤੁਹਾਨੂੰ ਕਈ ਵਾਰ ਟਿਕਟ ਦਿੱਤੀ ਹੈ, ਲੋਕ ਤੁਹਾਡੇ ਤੋਂ ਅਜਿਹੇ ਬਿਆਨਾਂ ਦੀ ਉਮੀਦ ਨਹੀਂ ਰੱਖਦੇ। ਮੈਂ ਪ੍ਰਧਾਨ ਮੰਤਰੀ ਅਤੇ ਗ੍ਰਹਿ ਮੰਤਰੀ ਨੂੰ ਵੀ ਚਿੱਠੀ ਲਿਖਣਾ ਚਾਹੁੰਦੀ ਹਾਂ ਕਿ ਤੁਸੀਂ ਅਜਿਹੇ ਵਿਅਕਤੀ ਨੂੰ ਮੰਤਰੀ ਬਣਾ ਦਿੱਤਾ ਅਤੇ ਦੂਜੇ ਪਾਸੇ ਤੁਸੀਂ 33 ਫੀਸਦੀ ਔਰਤਾਂ ਦੇ ਰਾਖਵੇਂਕਰਨ ਦੀ ਗੱਲ ਵੀ ਕਰਦੇ ਹੋ। ਅਜਿੰਹੇ ਬੰਦੇ ਨੂੰ ਮੰਤਰੀ ਹੋਣਾ ਹੀ ਨਹੀਂ ਚਾਹੀਦਾ,'।