ਕਰਾਚੀ: ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਮੰਗਲਵਾਰ ਨੂੰ 5.4 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਜਾਣਕਾਰੀ ਮੁਤਾਬਕ ਇਸ ਭੂਚਾਲ ਕਾਰਨ ਕਿਸੇ ਜਾਨੀ ਨੁਕਸਾਨ ਦੀ ਤੁਰੰਤ ਕੋਈ ਸੂਚਨਾ ਨਹੀਂ ਹੈ। ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਭੂਚਾਲ ਦਾ ਕੇਂਦਰ ਕਵੇਟਾ ਤੋਂ 150 ਕਿਲੋਮੀਟਰ ਉੱਤਰ-ਪੱਛਮ ਵਿੱਚ 35 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।
ਰਾਜਧਾਨੀ ਕਵੇਟਾ, ਨੋਸ਼ਕੀ, ਚਾਗੀ, ਚਮਨ, ਕਿਲਾ ਅਬਦੁੱਲਾ, ਦਲਬਾਦੀਨ, ਪਿਸ਼ਿਨ ਅਤੇ ਸੂਬੇ ਦੇ ਕੁੱਝ ਹੋਰ ਇਲਾਕਿਆਂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਪਾਕਿਸਤਾਨ ਦੇ ਮੌਸਮ ਵਿਗਿਆਨ ਦਫਤਰ ਨੇ ਕਿਹਾ ਕਿ ਭੂਚਾਲ ਦੇ ਝਟਕੇ ਪਾਕਿਸਤਾਨ-ਇਰਾਨ ਸਰਹੱਦੀ ਖੇਤਰਾਂ ਵਿੱਚ ਵੀ ਮਹਿਸੂਸ ਕੀਤੇ ਗਏ ਅਤੇ ਰਿਕਾਰਡ ਕੀਤੇ ਗਏ।
ਅਧਿਕਾਰੀਆਂ ਮੁਤਾਬਕ ਜਿਸ ਇਲਾਕੇ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਉੱਥੇ ਕਿਸੇ ਜਾਨੀ ਨੁਕਸਾਨ ਦੀ ਸੂਚਨਾ ਨਹੀਂ ਹੈ। ਹਾਲਾਂਕਿ, ਅਤੀਤ ਵਿੱਚ ਬਲੋਚਿਸਤਾਨ ਪ੍ਰਾਂਤ ਕਈ ਸ਼ਕਤੀਸ਼ਾਲੀ ਭੁਚਾਲਾਂ ਨਾਲ ਪ੍ਰਭਾਵਿਤ ਹੋਇਆ ਹੈ, ਜਿਸ ਦੇ ਨਤੀਜੇ ਵਜੋਂ ਜਾਨੀ ਨੁਕਸਾਨ, ਸੱਟਾਂ ਅਤੇ ਇਮਾਰਤਾਂ ਅਤੇ ਘਰਾਂ ਨੂੰ ਭਾਰੀ ਨੁਕਸਾਨ ਹੋਇਆ ਹੈ। ਦੱਸਣਯੋਗ ਹੈ ਕਿ ਅਕਤੂਬਰ 2021 'ਚ ਬਲੋਚਿਸਤਾਨ ਦੇ ਹਰਨਈ ਇਲਾਕੇ 'ਚ ਆਏ ਭੂਚਾਲ ਕਾਰਨ 40 ਲੋਕਾਂ ਦੀ ਮੌਤ ਹੋ ਗਈ ਸੀ ਅਤੇ 300 ਹੋਰ ਜ਼ਖਮੀ ਹੋ ਗਏ ਸਨ। ਦੱਸ ਦਈਏ ਕਿ ਇਸ ਘਟਨਾ ਨਾਲ ਦੂਰ-ਦੁਰਾਡੇ ਦੇ ਇਲਾਕੇ 'ਚ ਭਾਰੀ ਨੁਕਸਾਨ ਹੋਇਆ ਸੀ।
ਤੁਹਾਨੂੰ ਦੱਸ ਦੇਈਏ ਕਿ ਸਤੰਬਰ 2013 ਵਿੱਚ ਬਲੋਚਿਸਤਾਨ ਦੇ ਕਈ ਇਲਾਕਿਆਂ ਵਿੱਚ 7.8 ਤੀਬਰਤਾ ਦਾ ਭੂਚਾਲ ਆਇਆ ਸੀ, ਜਿਸ ਕਾਰਨ ਘੱਟੋ-ਘੱਟ 348 ਲੋਕਾਂ ਦੀ ਮੌਤ ਹੋ ਗਈ ਸੀ। ਅਵਾਰਨ ਅਤੇ ਕੇਚ ਵਰਗੇ ਜ਼ਿਲ੍ਹਿਆਂ ਵਿੱਚ 300,000 ਤੋਂ ਵੱਧ ਲੋਕ ਪ੍ਰਭਾਵਿਤ ਹੋਏ ਹਨ। ਇਸ ਹਾਦਸੇ 'ਚ 21,000 ਘਰ ਨੁਕਸਾਨੇ ਗਏ। ਇੰਨਾ ਹੀ ਨਹੀਂ, ਦੋ ਦਿਨ ਬਾਅਦ ਖ਼ਬਰ ਆਈ ਕਿ ਅਵਾਰਨ ਜ਼ਿਲ੍ਹੇ ਵਿੱਚ 6.8 ਤੀਬਰਤਾ ਦਾ ਇੱਕ ਹੋਰ ਸ਼ਕਤੀਸ਼ਾਲੀ ਭੂਚਾਲ ਆਇਆ ਹੈ ਅਤੇ ਕਈ ਇਲਾਕਿਆਂ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖ਼ਮੀ ਹੋ ਗਏ।