ਸੰਯੁਕਤ ਰਾਸ਼ਟਰ: ਗਾਜ਼ਾ ਦੇ 90 ਫੀਸਦੀ ਲੋਕ ਆਪਣੇ ਘਰਾਂ ਤੋਂ ਬੇਘਰ ਹੋ ਗਏ ਹਨ। ਸੰਯੁਕਤ ਰਾਸ਼ਟਰ ਨੇ ਸੋਮਵਾਰ ਨੂੰ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਐਤਵਾਰ ਅਤੇ ਸੋਮਵਾਰ ਨੂੰ ਗਾਜ਼ਾ ਦੇ 19 ਬਲਾਕਾਂ ਵਿੱਚ ਰਹਿ ਰਹੇ ਹਜ਼ਾਰਾਂ ਲੋਕਾਂ ਨੂੰ ਜਗ੍ਹਾਂ ਤੁਰੰਤ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਸੀ। ਸਿਨਹੂਆ ਨਿਊਜ਼ ਏਜੰਸੀ ਨੇ ਦੱਸਿਆ ਕਿ ਐਤਵਾਰ ਨੂੰ ਕੁਝ ਲੋਕਾਂ ਨੂੰ ਪੱਛਮੀ ਗਾਜ਼ਾ ਸ਼ਹਿਰ ਖਾਲੀ ਕਰਨ ਦਾ ਹੁਕਮ ਦਿੱਤਾ ਗਿਆ ਸੀ, ਜਦਕਿ ਸੋਮਵਾਰ ਨੂੰ ਦੇਰ ਅਲ-ਬਲਾਹ ਕੈਂਪ ਨੂੰ ਖਾਲੀ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ।
ਗਾਜ਼ਾ ਵਿੱਚ ਹਰ 10 ਵਿੱਚੋਂ 9 ਲੋਕਾਂ ਦੇ ਬੇਘਰ ਹੋਣ ਦਾ ਅਨੁਮਾਨ ਹੈ। ਦਫ਼ਤਰ ਨੇ ਕਿਹਾ, ਬੇਘਰ ਦੀਆਂ ਨਵੀਆਂ ਲਹਿਰਾਂ ਮੁੱਖ ਤੌਰ 'ਤੇ ਉਨ੍ਹਾਂ ਲੋਕਾਂ ਨੂੰ ਪ੍ਰਭਾਵਿਤ ਕਰਦੀਆਂ ਹਨ ਜੋ ਪਹਿਲਾਂ ਕਈ ਵਾਰ ਬੇਘਰ ਹੋ ਚੁੱਕੇ ਹਨ। ਉਹ ਵਾਰ-ਵਾਰ ਆਪਣੀ ਜ਼ਿੰਦਗੀ ਸ਼ੁਰੂ ਕਰਨ ਲਈ ਮਜਬੂਰ ਹੋ ਰਹੇ ਹਨ।
ਗਾਜ਼ਾ ਵਿੱਚ ਲੋਕ ਖਾਸ ਕਰਕੇ ਬੱਚੇ ਪਾਣੀ ਇਕੱਠਾ ਕਰਨ ਲਈ ਹਰ ਰੋਜ਼ ਘੰਟਿਆਂਬੱਧੀ ਕਤਾਰਾਂ ਵਿੱਚ ਖੜ੍ਹੇ ਰਹਿੰਦੇ ਹਨ। ਐਮਰਜੈਂਸੀ ਸਿਹਤ ਦੇਖਭਾਲ ਤੱਕ ਪਹੁੰਚ ਵੀ ਇੱਕ ਵੱਡੀ ਚੁਣੌਤੀ ਹੈ। ਉੱਤਰੀ ਗਾਜ਼ਾ ਵਿੱਚ 80,000 ਅੰਦਰੂਨੀ ਤੌਰ 'ਤੇ ਬੇਘਰ ਲੋਕਾਂ ਲਈ ਕੋਈ ਕੈਂਪ ਨਹੀਂ ਹੈ। ਬਹੁਤ ਸਾਰੇ ਲੋਕ ਬਿਨ੍ਹਾਂ ਗੱਦਿਆਂ ਜਾਂ ਕੱਪੜਿਆਂ ਦੇ ਠੋਸ ਰਹਿੰਦ-ਖੂੰਹਦ ਅਤੇ ਮਲਬੇ ਦੇ ਵਿਚਕਾਰ ਸੁੱਤੇ ਹੋਏ ਪਾਏ ਗਏ ਸਨ ਅਤੇ ਕੁਝ ਨੇ ਅੰਸ਼ਕ ਤੌਰ 'ਤੇ ਤਬਾਹ ਹੋ ਗਈਆਂ ਸੰਯੁਕਤ ਰਾਸ਼ਟਰ ਦੀਆਂ ਸਹੂਲਤਾਂ ਅਤੇ ਰਿਹਾਇਸ਼ੀ ਇਮਾਰਤਾਂ ਵਿੱਚ ਸ਼ਰਨ ਲਈ ਸੀ।
ਸੰਯੁਕਤ ਰਾਸ਼ਟਰ ਨੇ ਕਿਹਾ ਕਿ ਇਜ਼ਰਾਈਲੀ ਬਲਾਂ ਨੇ ਇਨ੍ਹਾਂ ਖੇਤਰਾਂ ਨੂੰ ਨਿਕਾਸੀ ਖੇਤਰਾਂ ਵਜੋਂ ਮਨੋਨੀਤ ਕੀਤਾ ਹੈ, ਜਿਸ ਕਾਰਨ ਪਿਛਲੇ ਦੋ ਹਫ਼ਤਿਆਂ ਦੌਰਾਨ ਛੋਟੇ ਬੱਚਿਆਂ ਅਤੇ ਬਜ਼ੁਰਗਾਂ ਸਮੇਤ ਪਰਿਵਾਰਾਂ ਦੇ ਉਜਾੜੇ ਦੀਆਂ ਲਹਿਰਾਂ ਪੈਦਾ ਹੋ ਰਹੀਆਂ ਹਨ। ਮਨੁੱਖਤਾਵਾਦੀ ਕਾਰਜਾਂ ਨੂੰ ਕਾਇਮ ਰੱਖਣ ਲਈ ਲੋੜੀਂਦੇ ਬਾਲਣ ਅਤੇ ਹੋਰ ਸਪਲਾਈਆਂ ਦੀ ਗੰਭੀਰ ਘਾਟ ਹੈ। ਇਸਦੇ ਨਾਲ ਹੀ, ਗਰਮੀ ਕਾਰਨ ਸਪਲਾਈ (ਖਾਸ ਕਰਕੇ ਭੋਜਨ) ਦੇ ਖਰਾਬ ਹੋਣ ਦਾ ਖਤਰਾ ਹੈ।
ਗਾਜ਼ਾ ਵਿੱਚ 18 ਬੇਕਰੀਆਂ ਵਿੱਚੋਂ ਸਿਰਫ ਸੱਤ ਹੀ ਕੰਮ ਕਰ ਰਹੀਆਂ ਹਨ। ਦਫਤਰ ਨੇ ਕਿਹਾ ਕਿ ਰਸੋਈ ਗੈਸ ਅਤੇ ਭੋਜਨ ਦੀ ਸਪਲਾਈ ਦੀ ਘਾਟ ਕਾਰਨ ਕਮਿਊਨਿਟੀ ਰਸੋਈਆਂ ਨੂੰ ਕੰਮ ਕਰਨ ਲਈ ਵੀ ਸੰਘਰਸ਼ ਕਰਨਾ ਪੈ ਰਿਹਾ ਹੈ। ਇੱਥੇ ਖਾਣਾ ਬਣਾਉਣਾ ਮੁਸ਼ਕਲ ਹੋ ਗਿਆ ਹੈ। ਬੇਘਰ ਪਰਿਵਾਰ ਖਾਣਾ ਪਕਾਉਣ ਲਈ ਫਰਨੀਚਰ ਅਤੇ ਕੂੜੇ ਤੋਂ ਲੱਕੜ ਅਤੇ ਪਲਾਸਟਿਕ ਨੂੰ ਸਾੜਨ 'ਤੇ ਨਿਰਭਰ ਹੋ ਰਹੇ ਹਨ, ਜਿਸ ਕਾਰਨ ਸਿਹਤ ਦਾ ਖਤਰਾ ਅਤੇ ਵਾਤਾਵਰਣ ਦੇ ਖਤਰੇ ਵੱਧ ਰਹੇ ਹਨ।
ਮਾਨਵਤਾਵਾਦੀ ਏਜੰਸੀ ਨੇ ਕਿਹਾ ਕਿ ਖਾਣਾ ਬਣਾਉਣ ਲਈ ਉਹ ਕਣਕ ਦਾ ਆਟਾ ਅਤੇ ਡੱਬਾਬੰਦ ਭੋਜਨ ਵੰਡ ਰਹੇ ਹਨ, ਪਰ ਹੁਣ ਏਰੇਜ਼ ਵੈਸਟ ਕ੍ਰਾਸਿੰਗ ਦੇ ਬੰਦ ਹੋਣ ਕਾਰਨ ਇਸ ਵਿੱਚ ਰੁਕਾਵਟ ਆ ਰਹੀ ਹੈ। ਸੰਯੁਕਤ ਰਾਸ਼ਟਰ ਫੂਡ ਐਂਡ ਐਗਰੀਕਲਚਰ ਆਰਗੇਨਾਈਜ਼ੇਸ਼ਨ ਅਤੇ ਸੰਯੁਕਤ ਰਾਸ਼ਟਰ ਸੈਟੇਲਾਈਟ ਸੈਂਟਰ ਦੁਆਰਾ ਕਰਵਾਏ ਗਏ ਇੱਕ ਸੰਯੁਕਤ ਮੁਲਾਂਕਣ ਦਾ ਅੰਦਾਜ਼ਾ ਹੈ ਕਿ ਗਾਜ਼ਾ ਦੀ ਲਗਭਗ 57 ਫੀਸਦੀ ਖੇਤੀਬਾੜੀ ਜ਼ਮੀਨ ਅਤੇ ਇਸਦੇ ਇੱਕ ਤਿਹਾਈ ਗ੍ਰੀਨਹਾਉਸਾਂ ਨੂੰ ਨੁਕਸਾਨ ਪਹੁੰਚਿਆ ਹੈ। ਸਥਾਨਕ ਬਜ਼ਾਰ ਵਿੱਚ ਮੀਟ ਅਤੇ ਪੋਲਟਰੀ ਵਰਗੇ ਭੋਜਨ ਦੀ ਵੀ ਭਾਰੀ ਘਾਟ ਹੈ।