ਅੱਜ ਦਾ ਮੁੱਖਵਾਕ
ਗੂਜਰੀ ਮਹਲਾ ੧ ॥
ਨਾਭਿ ਕਮਲ ਤੇ ਬ੍ਰਹਮਾ ਉਪਜੇ ਬੇਦ ਪੜਹਿ ਮੁਖਿ ਕੰਠਿ ਸਵਾਰਿ ॥ ਤਾ ਕੋ ਅੰਤੁ ਨ ਜਾਈ ਲਖਣਾ ਆਵਤ ਜਾਤ ਰਹੇ ਗੁਬਾਰਿ ॥੧॥ ਪ੍ਰੀਤਮ ਕਿਉ ਬਿਸਰਹਿ ਮੇਰੇ ਪ੍ਰਾਣ ਅਧਾਰ ॥ ਜਾ ਕੀ ਭਗਤਿ ਕਰਹਿ ਜਨ ਪੂਰੇ ਮੁਨਿ ਜਨ ਸੇਵਹਿ ਗੁਰ ਵੀਚਾਰਿ ॥੧॥ ਰਹਾਉ ॥ ਰਵਿ ਸਸਿ ਦੀਪਕ ਜਾ ਕੇ ਤ੍ਰਿਭਵਣਿ ਏਕਾ ਜੋਤਿ ਮੁਰਾਰਿ ॥ ਗੁਰਮੁਖਿ ਹੋਇ ਸੁ ਅਹਿਨਿਸਿ ਨਿਰਮਲੁ ਮਨਮੁਖਿ ਰੈਣਿ ਅੰਧਾਰਿ ॥੨॥ ਸਿਧ ਸਮਾਧਿ ਕਰਹਿ ਨਿਤ ਝਗਰਾ ਦੁਹੁ ਲੋਚਨ ਕਿਆ ਹੇਰੈ ॥ ਅੰਤਰਿ ਜੋਤਿ ਸਬਦੁ ਧੁਨਿ ਜਾਗੈ ਸਤਿਗੁਰੁ ਝਗਰੁ ਨਿਬੇਰੇ ॥੩॥ ਸੁਰਿ ਨਰ ਨਾਥ ਬੇਅੰਤ ਅਜੋਨੀ ਸਾਚੇ ਮਹਲਿ ਅਪਾਰਾ ॥ ਨਾਨਕ ਸਹਜਿ ਮਿਲੇ ਜਗਜੀਵਨ ਨਦਰਿ ਕਰਹੁ ਨਿਸਤਾਰਾ ॥੪॥੨॥
ਬੁੱਧਵਾਰ, ੯ ਸਾਵਣ (ਸੰਮਤ ੫੫੬ ਨਾਨਕਸ਼ਾਹੀ) ੨੪ ਜੁਲਾਈ, ੨੦੨੪ (ਅੰਗ: ੪੮੯)
ਪੰਜਾਬੀ ਵਿਆਖਿਆ:-
ਗੂਜਰੀ ਮਹਲਾ ੧ ॥
(ਪੁਰਾਣਾਂ ਵਿਚ ਕਥਾ ਆਉਂਦੀ ਹੈ ਕਿ ਜਿਸ ਬ੍ਰਹਮਾ ਦੇ ਰਚੇ ਹੋਏ) ਵੇਦ (ਪੰਡਿਤ ਲੋਕ) ਮੂੰਹੋਂ ਗਲੇ ਨਾਲ ਮਿੱਠੀ ਸੁਰ ਵਿਚ ਨਿੱਤ ਪੜ੍ਹਦੇ ਹਨ, ਉਹ ਬ੍ਰਹਮਾ ਵਿਸ਼ਨੂੰ ਦੀ ਧੁੰਨੀ ਵਿਚੋਂ ਉੱਗੇ ਹੋਏ ਕੌਲ ਦੀ ਨਾਲ ਤੋਂ ਜੰਮਿਆ (ਤੇ ਆਪਣੇ ਜਨਮ-ਦਾਤੇ ਦੀ ਕੁਦਰਤਿ ਦਾ ਅੰਤ ਲੱਭਣ ਲਈ ਉਸ ਨਾਲ ਵਿਚ ਚੱਲ ਪਿਆ, ਕਈ ਜੁਗ ਉਸ ਨਾਲ ਦੇ) ਹਨੇਰੇ ਵਿਚ ਹੀ ਆਉਂਦਾ ਜਾਂਦਾ ਰਿਹਾ, ਪਰ ਉਸ ਦਾ ਅੰਤ ਨਾਹ ਲੱਭ ਸਕਿਆ ।੧। ਹੇ ਮੇਰੀ ਜ਼ਿੰਦਗੀ ਦੇ ਆਸਰੇ ਪ੍ਰੀਤਮ! ਮੈਨੂੰ ਨਾਹ ਭੁੱਲ । ਤੂੰ ਉਹ ਹੈਂ ਜਿਸ ਦੀ ਭਗਤੀ ਪੂਰਨ ਪੁਰਖ ਸਦਾ ਕਰਦੇ ਰਹਿੰਦੇ ਹਨ, ਜਿਸ ਨੂੰ ਰਿਸ਼ੀ ਮੁਨੀ ਗੁਰੂ ਦੀ ਦੱਸੀ ਸੂਝ ਦੇ ਆਸਰੇ ਸਦਾ ਸਿਮਰਦੇ ਹਨ ।੧।ਰਹਾਉ।
ਉਹ ਪ੍ਰਭੂ ਇਤਨਾ ਵੱਡਾ ਹੈ ਕਿ ਸੂਰਜ ਤੇ ਚੰਦ੍ਰਮਾ ਉਸ ਦੇ ਤ੍ਰਿਭਵਣੀ ਜਗਤ ਵਿਚ (ਮਾਨੋ ਨਿਕੇ ਜਿਹੇ) ਦੀਵੇ (ਹੀ) ਹਨ, ਸਾਰੇ ਜਗਤ ਵਿਚ ਉਸੇ ਦੀ ਜੋਤਿ ਵਿਆਪਕ ਹੈ । ਜੇਹੜਾ ਮਨੁੱਖ ਗੁਰੂ ਦੇ ਦੱਸੇ ਰਾਹ ਤੇ ਤੁਰ ਕੇ ਉਸ ਨੂੰ ਦਿਨ ਰਾਤ ਮਿਲਦਾ ਹੈ ਉਹ ਪਵਿਤ੍ਰ ਜੀਵਨ ਵਾਲਾ ਹੋ ਜਾਂਦਾ ਹੈ । ਜੋ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦਾ ਹੈ ਉਸ ਦੀ ਜ਼ਿੰਦਗੀ ਦੀ ਰਾਤ (ਅਗਿਆਨਤਾ ਦੇ) ਹਨੇਰੇ ਵਿਚ ਬੀਤਦੀ ਹੈ ।੨। ਵੱਡੇ ਵੱਡੇ ਜੋਗੀ (ਆਪਣੇ ਹੀ ਉੱਦਮ ਦੀ ਟੇਕ ਰੱਖ ਕੇ) ਸਮਾਧੀਆਂ ਲਾਂਦੇ ਹਨ ਤੇ ਮਨ ਨੂੰ ਜਿੱਤਣ ਦੇ ਜਤਨ ਕਰਦੇ ਹਨ (ਪਰ ਜੇਹੜਾ ਮਨੁੱਖ ਆਪਣੇ ਉੱਦਮ ਉਤੇ ਹੀ ਟੇਕ ਰੱਖੇ, ਉਸ ਨੂੰ) ਉਹ ਅੰਦਰ-ਵੱਸਦੀ ਜੋਤਿ ਇਹਨਾਂ ਅੱਖਾਂ ਨਾਲ ਨਹੀਂ ਦਿੱਸਦੀ । (ਜੋ ਮਨੁੱਖ ਗੁਰੂ ਦੇ ਸਨਮੁਖ ਹੁੰਦਾ ਹੈ) ਉਸ ਦਾ ਮਨ ਵਾਲਾ ਝਗੜਾ ਗੁਰੂ ਮੁਕਾ ਦੇਂਦਾ ਹੈ, ਉਸ ਦੇ ਅੰਦਰ ਗੁਰੂ ਦਾ ਸ਼ਬਦ-ਰੂਪ ਮਿੱਠੀ ਲਗਨ ਲੱਗ ਪੈਂਦੀ ਹੈ, ਉਸ ਦੇ ਅੰਦਰ ਪਰਮਾਤਮਾ ਦੀ ਜੋਤਿ ਜਗ ਪੈਂਦੀ ਹੈ ।੩।
ਹੇ ਨਾਨਕ! (ਅਰਦਾਸ ਕਰ-) ਹੇ ਦੇਵਤਿਆਂ ਤੇ ਮਨੁੱਖਾਂ ਦੇ ਖਸਮ! ਹੇ ਬੇਅੰਤ। ਹੇ ਜੂਨ-ਰਹਿਤ! ਤੇ ਅਟੱਲ ਮਹਲ ਵਿਚ ਟਿਕੇ ਰਹਿਣ ਵਾਲੇ ਅਪਾਰ ਪ੍ਰਭੂ! ਹੇ ਜਗਤ ਦੇ ਜੀਵਨ! (ਮੇਹਰ ਕਰ ਮੈਨੂੰ) ਅਡੋਲਤਾ ਵਿਚ ਨਿਵਾਸ ਮਿਲੇ । ਮੇਹਰ ਦੀ ਨਿਗਾਹ ਕਰ ਕੇ ਮੇਰਾ ਬੇੜਾ ਪਾਰ ਕਰ ।੪।੨।
English Translation:-
GUJRI, FIRST MEHL:
From the lotus of Vishnu's navel, Brahma was born; He chanted the Vedas with a melodious voice. He could not find the Lord's limits, and he remained in the darkness of coming and going. ||1|| Why should I forget my Beloved? He is the support of my very breath of life. The perfect beings perform devotional worship to Him. The silent sages serve Him through the Guru's Teachings. || 1 || Pause || His lamps are the sun and the moon; the One Light of the Destroyer of ego fills the three worlds. One who becomes Gurmukh remains immaculately pure, day and night, while the self-willed manmukh is enveloped by the darkness of night. ||2|| The Siddhas in Samaadhi are continually in conflict; what can they see with their two eyes? One who has the Divine Light within his heart, and is awakened to the melody of the Word of the Shabad - the True Guru settles his conflicts. || 3 || O Lord of angels and men, infinite and unborn, Your True Mansion is incomparable. Nanak merges imperceptibly into the Life of the world; shower Your mercy upon him, and save him. || 4 || 2 || Wednesday 9th Saawan (Samvat 556 Nanakshahi) 24th July 2024 (Page 489) (ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ)