ਹੈਦਰਾਬਾਦ: ਕੁਸ਼ਟ ਰੋਗ ਨਾ ਸਿਰਫ਼ ਭਾਰਤ ਵਿੱਚ, ਸਗੋਂ ਪੂਰੀ ਦੁਨੀਆ ਵਿੱਚ ਇੱਕ ਵੱਡੀ ਚਿੰਤਾ ਦਾ ਕਾਰਨ ਰਿਹਾ ਹੈ। ਕੁਸ਼ਟ ਇੱਕ ਛੂਤ ਦੀ ਬਿਮਾਰੀ ਹੈ ਅਤੇ ਇਸਨੂੰ ਇੱਕ ਸਮਾਜਿਕ ਕਲੰਕ ਵਜੋਂ ਵੀ ਦੇਖਿਆ ਜਾਂਦਾ ਹੈ। ਇਸ ਲਈ ਕੁਸ਼ਟ ਰੋਗ ਤੋਂ ਪੀੜਤਾਂ ਨੂੰ ਨਾ ਸਿਰਫ਼ ਨਿਦਾਨ ਅਤੇ ਇਲਾਜ ਵਿੱਚ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਸਗੋਂ ਸਮਾਜਿਕ ਵਿਤਕਰੇ ਦਾ ਵੀ ਸਾਹਮਣਾ ਕਰਨਾ ਪੈਂਦਾ ਹੈ। ਸਾਲਾਂ ਤੋਂ ਕਈ ਸਿਹਤ ਅਤੇ ਸਮਾਜਿਕ ਸੰਸਥਾਵਾਂ ਅਤੇ ਕੁਸ਼ਟ ਰੋਗ ਪ੍ਰਤੀ ਕੰਮ ਕਰ ਰਹੀਆਂ ਸਰਕਾਰੀ ਅਤੇ ਗੈਰ-ਸਰਕਾਰੀ ਸੰਸਥਾਵਾਂ ਵੱਖ-ਵੱਖ ਪ੍ਰੋਗਰਾਮ ਅਤੇ ਸਮਾਗਮਾਂ ਰਾਹੀਂ ਲੋਕਾਂ ਵਿੱਚ ਕੁਸ਼ਟ ਰੋਗ ਅਤੇ ਇਸ ਨਾਲ ਸਬੰਧਤ ਸਾਰੇ ਮੁੱਦਿਆਂ ਬਾਰੇ ਜਾਗਰੂਕਤਾ ਫੈਲਾਉਣ ਦਾ ਯਤਨ ਕਰ ਰਹੀਆਂ ਹਨ। ਹਰ ਸਾਲ ਜਨਵਰੀ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਣ ਵਾਲਾ ਵਿਸ਼ਵ ਕੁਸ਼ਟ ਰੋਗ ਦਿਵਸ ਵੀ ਇਨ੍ਹਾਂ ਯਤਨਾਂ ਦਾ ਹੀ ਇੱਕ ਹਿੱਸਾ ਹੈ। ਇਸ ਸਾਲ ਇਹ ਸਮਾਗਮ 28 ਜਨਵਰੀ ਨੂੰ 'Beat Leprosy' ਥੀਮ 'ਤੇ ਮਨਾਇਆ ਜਾ ਰਿਹਾ ਹੈ।
ਕੁਸ਼ਟ ਰੋਗ ਕੀ ਹੈ?: ਕੁਸ਼ਟ ਨੂੰ ਹੈਨਸਨ ਦੀ ਬਿਮਾਰੀ ਵੀ ਕਿਹਾ ਜਾਂਦਾ ਹੈ। ਇਹ ਇੱਕ ਛੂਤ ਦੀ ਬਿਮਾਰੀ ਹੈ। ਇਹ ਬਿਮਾਰੀ ਖਾਸ ਕਿਸਮ ਦੇ ਬੈਕਟੀਰੀਆ 'ਮਾਈਕੋਬੈਕਟੀਰੀਅਮ ਲੇਪ੍ਰੇ' ਦੁਆਰਾ ਹੁੰਦੀ ਹੈ, ਜੋ ਕਿ ਮਨੁੱਖੀ ਸਰੀਰ ਦੇ ਨਰਵਸ ਸਿਸਟਮ ਨੂੰ ਪ੍ਰਭਾਵਿਤ ਕਰਦੀ ਹੈ। ਇਸ ਬਿਮਾਰੀ ਕਾਰਨ ਚਮੜੀ 'ਤੇ ਜ਼ਖ਼ਮ ਅਤੇ ਸੁੰਨ ਹੋਣ ਦੇ ਨਾਲ-ਨਾਲ ਨਸਾਂ, ਉੱਪਰੀ ਸਾਹ ਪ੍ਰਣਾਲੀ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ। ਜਿਸ ਦਾ ਸਮੇਂ ਸਿਰ ਇਲਾਜ ਨਾ ਹੋਣ 'ਤੇ ਅਪੰਗਤਾ ਵੀ ਹੋ ਸਕਦੀ ਹੈ। ਕੁਸ਼ਟ ਰੋਗ ਬਚਪਨ ਤੋਂ ਬੁਢਾਪੇ ਤੱਕ, ਕਿਸੇ ਵੀ ਉਮਰ ਵਿੱਚ ਹੋ ਸਕਦਾ ਹੈ। ਡਾਕਟਰਾਂ ਅਨੁਸਾਰ, ਸਮੇਂ ਸਿਰ ਜਾਂਚ ਅਤੇ ਸਹੀ ਇਲਾਜ ਨਾਲ ਕੁਸ਼ਟ ਰੋਗ ਨੂੰ ਠੀਕ ਕੀਤਾ ਜਾ ਸਕਦਾ ਹੈ। ਇੰਨਾ ਹੀ ਨਹੀਂ, ਸਹੀ ਸਮੇਂ 'ਤੇ ਸਹੀ ਇਲਾਜ ਨਾਲ ਇਸ ਬੀਮਾਰੀ ਕਾਰਨ ਹੋਣ ਵਾਲੀ ਅਪੰਗਤਾ ਦੀ ਸੰਭਾਵਨਾ ਤੋਂ ਵੀ ਕਾਫੀ ਹੱਦ ਤੱਕ ਬਚਿਆ ਜਾ ਸਕਦਾ ਹੈ।
ਅੰਕੜੇ ਕੀ ਕਹਿੰਦੇ ਹਨ?: ਵਿਸ਼ਵ ਸਿਹਤ ਸੰਗਠਨ ਨੇ 2005 ਵਿੱਚ ਕੁਸ਼ਟ ਰੋਗ ਨੂੰ ਇੱਕ "ਖਤਮ" ਗਲੋਬਲ ਜਨਤਕ ਸਿਹਤ ਸਮੱਸਿਆ ਐਲਾਨ ਕੀਤਾ ਸੀ, ਪਰ ਵਿਸ਼ਵ ਭਰ ਵਿੱਚ ਹਰ ਸਾਲ ਕੁਸ਼ਟ ਰੋਗ ਦੇ 2 ਲੱਖ ਤੋਂ ਵੱਧ ਨਵੇਂ ਕੇਸ ਅਜੇ ਵੀ ਰਿਪੋਰਟ ਕੀਤੇ ਜਾਂਦੇ ਹਨ। ਉਪਲਬਧ ਜਾਣਕਾਰੀ ਅਨੁਸਾਰ, ਸਾਲ 2020 ਵਿੱਚ ਵਿਸ਼ਵ ਪੱਧਰ 'ਤੇ ਕੁਸ਼ਟ ਰੋਗ ਦੇ ਲਗਭਗ 130,000 ਨਵੇਂ ਕੇਸ ਸਾਹਮਣੇ ਆਏ ਸੀ, ਜਿਨ੍ਹਾਂ ਵਿੱਚੋਂ ਲਗਭਗ 73% ਭਾਰਤ, ਬ੍ਰਾਜ਼ੀਲ ਅਤੇ ਇੰਡੋਨੇਸ਼ੀਆ ਵਿੱਚੋ ਸਨ। ਸਾਲ 2021 ਵਿੱਚ ਵਿਸ਼ਵ ਪੱਧਰ 'ਤੇ ਕੁਸ਼ਟ ਰੋਗ ਦੇ ਲਗਭਗ 1,40,546 ਨਵੇਂ ਕੇਸ ਦਰਜ ਕੀਤੇ ਗਏ ਸਨ। ਹਾਲਾਂਕਿ, ਅੰਕੜਿਆਂ ਅਨੁਸਾਰ, ਇਸ ਦਿਸ਼ਾ ਵਿੱਚ ਲਗਾਤਾਰ ਯਤਨਾਂ ਦਾ ਨਤੀਜਾ ਹੈ ਕਿ ਵਿਸ਼ਵ ਭਰ ਵਿੱਚ ਕੁਸ਼ਟ ਰੋਗ ਦੇ ਮਾਮਲਿਆਂ ਦੀ ਗਿਣਤੀ ਘੱਟ ਰਹੀ ਹੈ। ਇਸ ਸਮੇਂ ਭਾਰਤ ਵਿੱਚ ਕੁਸ਼ਟ ਰੋਗ ਦਾ ਪ੍ਰਸਾਰ ਪ੍ਰਤੀ 10,000 ਲੋਕਾਂ ਵਿੱਚ 0.4 ਮੰਨਿਆ ਜਾਂਦਾ ਹੈ। ਵਿਸ਼ਵ ਸਿਹਤ ਸੰਗਠਨ ਦੀ ਇੱਕ ਰਿਪੋਰਟ ਅਨੁਸਾਰ, ਇਸ ਸਮੇਂ ਕੁਸ਼ਟ ਰੋਗ ਦੇ ਸਭ ਤੋਂ ਵੱਧ ਮਾਮਲੇ ਅਫਰੀਕੀ ਅਤੇ ਏਸ਼ੀਆਈ ਦੇਸ਼ਾਂ ਵਿੱਚ ਦੇਖਣ ਨੂੰ ਮਿਲ ਰਹੇ ਹਨ।
ਵਿਸ਼ਵ ਕੁਸ਼ਟ ਰੋਗ ਦਿਵਸ ਮਨਾਉਣ ਦਾ ਉਦੇਸ਼: ਇਸ ਸਾਲ ਵਿਸ਼ਵ ਕੁਸ਼ਟ ਰੋਗ ਦਿਵਸ ਨਾ ਸਿਰਫ਼ ਇਸ ਬਿਮਾਰੀ ਦੇ ਇਲਾਜ ਵੱਲ ਤਰੱਕੀ, ਪੀੜਤਾਂ ਲਈ ਆਸਾਨ ਜਾਂਚ ਅਤੇ ਇਲਾਜ ਦੀ ਉਪਲਬਧਤਾ ਨੂੰ ਬਿਹਤਰ ਬਣਾਉਣ, ਸਗੋਂ ਕੁਸ਼ਟ ਰੋਗ ਨਾਲ ਜੁੜੇ ਕਲੰਕ ਨੂੰ ਮਿਟਾਉਣ ਅਤੇ ਇੱਕ ਬਿਹਤਰ ਜੀਵਨ ਦੇਣ ਲਈ ਵੀ ਸਮਰਪਿਤ ਹੈ। ਇਹ ਦਿਨ ਸਮਾਜਿਕ ਯਤਨਾਂ ਨੂੰ ਉਤਸ਼ਾਹਿਤ ਕਰਨ ਦੇ ਉਦੇਸ਼ ਨਾਲ "Beat Leprosy" ਦੇ ਥੀਮ 'ਤੇ ਮਨਾਇਆ ਜਾ ਰਿਹਾ ਹੈ। ਅਸਲ ਵਿੱਚ ਇਸ ਬਿਮਾਰੀ ਨੂੰ ਖਤਮ ਕਰਨ ਜਾਂ ਰੋਕਣ ਲਈ ਪੀੜਤ ਦੀ ਪੂਰੀ ਸਰੀਰਕ ਅਤੇ ਮਾਨਸਿਕ ਸਿਹਤਯਾਬੀ ਲਈ ਜਾਂਚ ਅਤੇ ਇਲਾਜ ਦੇ ਨਾਲ-ਨਾਲ ਇਸ ਬਿਮਾਰੀ ਨਾਲ ਜੁੜੇ ਸਮਾਜਿਕ ਅਤੇ ਮਨੋਵਿਗਿਆਨਕ ਪਹਿਲੂਆਂ ਨੂੰ ਸੰਬੋਧਿਤ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਕੁਸ਼ਟ ਰੋਗ ਪੀੜਤਾਂ ਨੂੰ ਸਮਾਜਿਕ ਵਿਤਕਰੇ ਜਾਂ ਅਲੱਗ-ਥਲੱਗਤਾ ਦਾ ਸਾਹਮਣਾ ਨਾ ਕਰਨਾ ਪਵੇ ਅਤੇ ਉਹ ਬਿਹਤਰ ਅਤੇ ਸਨਮਾਨਜਨਕ ਜੀਵਨ ਬਤੀਤ ਕਰ ਸਕਣ।
ਵਰਨਣਯੋਗ ਹੈ ਕਿ ਵਿਸ਼ਵ ਕੁਸ਼ਟ ਰੋਗ ਦਿਵਸ ਹਰ ਸਾਲ ਜਨਵਰੀ ਦੇ ਆਖਰੀ ਐਤਵਾਰ ਨੂੰ ਮਨਾਇਆ ਜਾਂਦਾ ਹੈ। ਇਸ ਮੌਕੇ ਕੁਸ਼ਟ ਰੋਗ ਤੋਂ ਪ੍ਰਭਾਵਿਤ ਲੋਕਾਂ ਦੀਆਂ ਸੰਸਥਾਵਾਂ ਅਤੇ ਵਿਸ਼ਵ ਭਰ ਵਿੱਚ ਕੁਸ਼ਟ ਰੋਗ ਬਾਰੇ ਕੰਮ ਕਰਨ ਵਾਲੀਆਂ ਸਿਹਤ ਅਤੇ ਸਮਾਜਿਕ ਸੰਸਥਾਵਾਂ ਵੱਲੋਂ ਵੱਖ-ਵੱਖ ਜਾਗਰੂਕਤਾ ਪ੍ਰੋਗਰਾਮ ਅਤੇ ਸਿਹਤ ਕੈਂਪ ਲਗਾਏ ਜਾਂਦੇ ਹਨ। ਇਸ ਤੋਂ ਇਲਾਵਾ, ਇਸ ਮੌਕੇ ਖੋਜ ਨੂੰ ਉਤਸ਼ਾਹਿਤ ਕਰਨ ਅਤੇ ਬਿਮਾਰੀ ਦੇ ਬਿਹਤਰ ਇਲਾਜ ਲਈ ਫੰਡ ਇਕੱਠਾ ਕਰਨ ਲਈ ਵੀ ਪ੍ਰੋਗਰਾਮ ਆਯੋਜਿਤ ਕੀਤੇ ਜਾਂਦੇ ਹਨ।
ਵਿਸ਼ਵ ਕੁਸ਼ਟ ਰੋਗ ਦਿਵਸ ਦਾ ਇਤਿਹਾਸ: ਵਿਸ਼ਵ ਕੁਸ਼ਟ ਰੋਗ ਦਿਵਸ ਸਾਲ 1953 ਵਿੱਚ ਫਰਾਂਸੀਸੀ ਮਾਨਵਤਾਵਾਦੀ ਰਾਉਲ ਫੋਲੇਰੋ ਦੁਆਰਾ ਇਸ ਬਿਮਾਰੀ ਬਾਰੇ ਗਲਤ ਧਾਰਨਾਵਾਂ ਨੂੰ ਦੂਰ ਕਰਨ ਅਤੇ ਕੁਸ਼ਟ ਰੋਗ ਬਾਰੇ ਲੋਕਾਂ ਨੂੰ ਜਾਗਰੂਕ ਕਰਨ ਦੇ ਉਦੇਸ਼ ਨਾਲ ਸ਼ੁਰੂ ਕੀਤਾ ਗਿਆ ਸੀ। ਇਸ ਸਮਾਗਮ ਦਾ ਇੱਕ ਉਦੇਸ਼ ਮਹਾਤਮਾ ਗਾਂਧੀ ਨੂੰ ਸ਼ਰਧਾਂਜਲੀ ਭੇਟ ਕਰਨਾ ਵੀ ਸੀ, ਕਿਉਂਕਿ ਉਨ੍ਹਾਂ ਨੇ ਕੁਸ਼ਟ ਰੋਗ ਪ੍ਰਤੀ ਯਤਨ ਸ਼ੁਰੂ ਕੀਤੇ ਸਨ। ਇਸ ਦੇ ਨਾਲ ਹੀ, ਉਹ ਸਾਰੀ ਉਮਰ ਪੀੜਤ ਲੋਕਾਂ ਦੇ ਇਲਾਜ ਅਤੇ ਵਿਕਾਸ ਲਈ ਉਪਰਾਲੇ ਕਰਦੇ ਰਹੇ ਸਨ।