ਹੈਦਰਾਬਾਦ: ਗਰਭ ਅਵਸਥਾ ਦੇ ਸ਼ੁਰੂਆਤੀ ਦਿਨਾਂ 'ਚ ਔਰਤਾਂ ਨੂੰ ਜ਼ਿਆਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਨ੍ਹਾਂ ਦਿਨਾਂ ਦੌਰਾਨ ਸਰੀਰ 'ਚ ਕਾਫ਼ੀ ਬਦਲਾਅ ਹੋ ਰਹੇ ਹੁੰਦੇ ਹਨ। ਕਈ ਚੀਜ਼ਾਂ ਖਾਣ 'ਚ ਸਵਾਦ ਲੱਗਦੀਆਂ ਹਨ, ਤਾਂ ਕਈ ਚੀਜ਼ਾਂ ਨੂੰ ਦੇਖ ਕੇ ਉਲਟੀ ਆਉਣ ਲੱਗ ਜਾਂਦੀ ਹੈ। ਇਸ ਸਮੇਂ ਦੌਰਾਨ ਸਰੀਰ ਨੂੰ ਵਧੀਆ ਭੋਜਨ ਦੀ ਲੋੜ ਹੁੰਦੀ ਹੈ। ਅਜਿਹੇ 'ਚ ਪੌਸ਼ਟਿਕ ਤੱਤਾਂ ਨਾਲ ਭਰਪੂਰ ਫ਼ਲ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਹਾਲਾਂਕਿ, ਕੁਝ ਅਜਿਹੇ ਫਲ ਵੀ ਹੁੰਦੇ ਹਨ, ਜੋ ਤੁਹਾਨੂੰ ਗਰਭ ਅਵਸਥਾ ਦੌਰਾਨ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਲਈ ਹੇਠਾਂ ਦੱਸਿਆ ਗਿਆ ਹੈ ਕਿ ਗਰਭ ਅਵਸਥਾ ਦੌਰਾਨ ਕਿਹੜੇ ਫਲ ਸਿਹਤ ਲਈ ਫਾਇਦੇਮੰਦ ਅਤੇ ਨੁਕਸਾਨਦੇਹ ਹੁੰਦੇ ਹਨ।
ਗਰਭ ਅਵਸਥਾ ਦੌਰਾਨ ਇਹ ਫਲ ਫਾਇਦੇਮੰਦ:
ਸੰਤਰਾ: ਸੰਤਰੇ 'ਚ ਵਿਟਾਮਿਨ-ਸੀ ਅਤੇ ਫੋਲੇਟ ਪਾਇਆ ਜਾਂਦਾ ਹੈ, ਜੋ ਕਿ ਗਰੱਭਸਥ ਸ਼ੀਸ਼ੂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੁੰਦਾ ਹੈ। ਸ਼ੁਰੂਆਤੀ ਦਿਨਾਂ 'ਚ ਉਲਟੀ ਆਉਣ ਵਾਂਗ ਮਹਿਸੂਸ ਹੁੰਦਾ ਹੈ, ਤਾਂ ਤੁਸੀਂ ਆਪਣੇ ਮੂੰਹ ਦੇ ਸਵਾਦ ਨੂੰ ਠੀਕ ਕਰਨ ਲਈ ਸੰਤਰੇ ਨੂੰ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਸੰਤਰੇ ਦੇ ਜੂਸ ਦੀ ਜਗ੍ਹਾਂ ਫਲ ਖਾਣਾ ਜ਼ਿਆਦਾ ਵਧੀਆ ਹੋ ਸਕਦਾ ਹੈ।
ਕੇਲਾ: ਕੇਲੇ 'ਚ ਕਾਰਬੋਹਾਈਡ੍ਰੇਟ ਪਾਇਆ ਜਾਂਦਾ ਹੈ, ਜਿਸ ਨਾਲ ਸਰੀਰ ਨੂੰ ਊਰਜਾ ਮਿਲਦੀ ਹੈ। ਇਸ ਨਾਲ ਤੁਹਾਡਾ ਹੀਮੋਗਲੋਬਿਨ ਪੱਧਰ ਵੀ ਵਧਦਾ ਹੈ। ਜੇਕਰ ਤੁਹਾਨੂੰ ਕੋਈ ਐਲਰਜ਼ੀ ਜਾਂ ਸ਼ੂਗਰ ਦੀ ਸਮੱਸਿਆ ਨਹੀਂ ਹੈ, ਤਾਂ ਤੁਸੀਂ ਕੇਲੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ।
ਸੇਬ: ਸੇਬ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ 'ਚ ਪ੍ਰੋਟੀਨ, ਕਾਰਬੋਹਾਈਡ੍ਰੇਟ, ਫਾਈਬਰਸ, ਵਿਟਾਮਿਨ-ਸੀ, ਪੋਟਾਸ਼ੀਅਮ ਅਤੇ ਐਂਟੀਆਕਸੀਡੈਂਟ ਵਰਗੇ ਗੁਣ ਪਾਏ ਜਾਂਦੇ ਹਨ। ਇਸ ਨਾਲ ਹੋਣ ਵਾਲੇ ਬੱਚੇ ਨੂੰ ਭਰਪੂਰ ਪੋਸ਼ਣ ਮਿਲਦਾ ਹੈ।
ਗਰਭ ਅਵਸਥਾ ਦੌਰਾਨ ਇਨ੍ਹਾਂ ਫਲਾਂ ਨੂੰ ਖਾਣ ਤੋਂ ਕਰੋ ਪਰਹੇਜ਼:
ਪਪੀਤਾ: ਗਰਭ ਅਵਸਥਾ ਦੌਰਾਨ ਪਪੀਤਾ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਕਿਹਾ ਜਾਂਦਾ ਹੈ ਕਿ ਜਦੋ ਪਪੀਤਾ ਠੀਕ ਤਰ੍ਹਾਂ ਪਕਿਆ ਨਹੀਂ ਹੁੰਦਾ, ਤਾਂ ਇਸ 'ਚ ਜੋ ਲੈਟਿਕਸ ਪਾਇਆ ਜਾਂਦਾ ਹੈ, ਉਹ ਪੇਟ 'ਚ ਸੁੰਗੜਨ ਦਾ ਕਾਰਨ ਬਣ ਸਕਦਾ ਹੈ। ਇਸ ਕਰਕੇ ਬੱਚੇ ਨੂੰ ਸਮੱਸਿਆ ਹੋ ਸਕਦੀ ਹੈ ਅਤੇ ਪੇਟ 'ਚ ਦਰਦ ਵੀ ਹੋ ਸਕਦਾ ਹੈ। ਇਸਦੇ ਨਾਲ ਹੀ ਗਰਭਪਾਤ ਵੀ ਹੋ ਸਕਦਾ ਹੈ।
ਅੰਗੂਰ: ਗਰਭ ਅਵਸਥਾ ਦੌਰਾਨ ਅੰਗੂਰ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅੰਗੂਰ ਖਾਣ ਨਾਲ ਵੀ ਗਰਭਵਤੀ ਔਰਤ ਨੂੰ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਚੀਕੂ: ਆਯੂਰਵੇਦ 'ਚ ਗਰਭਅਵਸਥਾ ਦੇ ਸ਼ੁਰੂਆਤੀ ਦਿਨਾ ਦੌਰਾਨ ਚੀਕੂ ਨਾ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਜਿਨ੍ਹਾਂ ਲੋਕਾਂ ਨੂੰ ਐਲਰਜ਼ੀ ਹੈ, ਉਨ੍ਹਾਂ ਨੂੰ ਚੀਕੂ ਖਾਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੋਲਡ ਡ੍ਰਿੰਕਸ, ਕੱਚੇ ਅੰਡੇ, ਗੋਲਗੱਪੇ ਆਦਿ ਤੋਂ ਵੀ ਦੂਰੀ ਬਣਾ ਲਓ। ਇਸ ਨਾਲ ਮਾਂ ਅਤੇ ਬੱਚੇ ਦੋਨਾਂ ਨੂੰ ਖਤਰਾ ਹੋ ਸਕਦਾ ਹੈ।