ਹੈਦਰਾਬਾਦ: ਅੱਜ ਕੱਲ੍ਹ ਕਈ ਕਿਸਮਾਂ ਦੀਆਂ ਚਾਹ ਜਿਵੇਂ ਕਿ ਗ੍ਰੀਨ ਟੀ, ਲੈਮਨ ਟੀ, ਹਰਬਸ ਟੀ, ਫਲਾਵਰ ਟੀ, ਡੀਟੌਕਸ ਚਾਹ ਅਤੇ ਦੁੱਧ ਵਾਲੀ ਚਾਹ ਆਦਿ ਦਾ ਰੁਝਾਨ ਹੈ। ਦੁੱਧ ਵਾਲੀ ਚਾਹ ਪੀਣਾ ਲੋਕ ਜ਼ਿਆਦਾ ਪਸੰਦ ਕਰਦੇ ਹਨ। ਮੌਸਮ ਭਾਵੇਂ ਕੋਈ ਵੀ ਹੋਵੇ, ਦੁੱਧ ਵਾਲੀ ਚਾਹ ਦੇ ਸ਼ੌਕੀਨ ਹਰ ਮੌਸਮ ਵਿੱਚ ਅਤੇ ਹਰ ਸਮੇਂ ਚਾਹ ਦਾ ਆਨੰਦ ਲੈਣਾ ਪਸੰਦ ਕਰਦੇ ਹਨ। ਖਾਸ ਕਰਕੇ ਮੀਂਹ ਦੇ ਮੌਸਮ ਵਿੱਚ ਚਾਹ ਪੀਣ ਦਾ ਮਜ਼ਾ ਹੀ ਵੱਖਰਾ ਹੁੰਦਾ ਹੈ। ਇਸ ਕਾਰਨ ਕਈ ਲੋਕ ਦਿਨ ਵਿੱਚ ਕਈ ਕੱਪ ਚਾਹ ਪੀ ਲੈਂਦੇ ਹਨ। ਪਰ ਮਾਹਿਰਾਂ ਦਾ ਮੰਨਣਾ ਹੈ ਕਿ ਦੁੱਧ ਵਾਲੀ ਚਾਹ ਦਾ ਜ਼ਿਆਦਾ ਸੇਵਨ ਕਈ ਵਾਰ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ।
ਮੀਂਹ ਦੇ ਮੌਸਮ ਵਿੱਚ ਠੰਢਕ ਅਤੇ ਨਮੀ ਦੇ ਕਾਰਨ ਗਰਮ ਚਾਹ ਪੀਣ ਨਾਲ ਆਰਾਮਦਾਇਕ ਅਤੇ ਸੁਹਾਵਣਾ ਮਹਿਸੂਸ ਹੁੰਦਾ ਹੈ। ਜੇਕਰ ਦੁੱਧ ਵਾਲੀ ਚਾਹ 'ਚ ਅਦਰਕ, ਇਲਾਇਚੀ ਅਤੇ ਤੁਲਸੀ ਵਰਗੀਆਂ ਸਮੱਗਰੀਆਂ ਮਿਲਾ ਦਿੱਤੀਆਂ ਜਾਣ, ਤਾਂ ਇਹ ਹੋਰ ਵੀ ਸੁਆਦੀ ਬਣ ਜਾਂਦੀ ਹੈ। ਪਰ ਕਿਸੇ ਵੀ ਚੀਜ਼ ਦਾ ਜ਼ਿਆਦਾ ਸੇਵਨ ਸਿਹਤ ਲਈ ਹਾਨੀਕਾਰਕ ਹੋ ਸਕਦਾ ਹੈ। ਮੁੰਬਈ ਦੇ ਨਿਊਟ੍ਰੀਸ਼ਨਿਸਟ ਅਤੇ ਡਾਇਟੀਸ਼ੀਅਨ ਰੁਸ਼ੇਲ ਜਾਰਜ ਦਾ ਕਹਿਣਾ ਹੈ ਕਿ ਦੁੱਧ ਵਾਲੀ ਚਾਹ ਦਾ ਬਹੁਤ ਜ਼ਿਆਦਾ ਸੇਵਨ ਕਰਨ ਨਾਲ ਸਰੀਰ 'ਤੇ ਕਈ ਵਾਰ ਨੁਕਸਾਨਦੇਹ ਪ੍ਰਭਾਵ ਪੈ ਸਕਦੇ ਹਨ। ਜਿਨ੍ਹਾਂ ਵਿੱਚੋਂ ਕੁਝ ਹੇਠ ਲਿਖੇ ਅਨੁਸਾਰ ਹਨ:-
ਪਾਚਨ ਸੰਬੰਧੀ ਸਮੱਸਿਆਵਾਂ: ਦੁੱਧ ਵਾਲੀ ਚਾਹ ਜ਼ਿਆਦਾ ਮਾਤਰਾ 'ਚ ਪੀਣ ਨਾਲ ਗੈਸ, ਬਲੋਟਿੰਗ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਮੀਂਹ ਦੇ ਮੌਸਮ 'ਚ ਪਾਚਨ ਤੰਤਰ ਪਹਿਲਾਂ ਹੀ ਬਹੁਤ ਸੰਵੇਦਨਸ਼ੀਲ ਹੁੰਦਾ ਹੈ। ਅਜਿਹੇ 'ਚ ਜੇਕਰ ਕਿਸੇ ਵੀ ਕਾਰਨ ਚਾਹ ਦਾ ਜ਼ਿਆਦਾ ਸੇਵਨ ਕੀਤਾ ਜਾਵੇ, ਤਾਂ ਇਸ ਨਾਲ ਵਿਅਕਤੀ 'ਚ ਪਾਚਨ ਤੰਤਰ ਨਾਲ ਜੁੜੀਆਂ ਕਈ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਐਸੀਡਿਟੀ ਦੇ ਮਰੀਜ਼ਾਂ ਨੂੰ ਦੁੱਧ ਵਾਲੀ ਚਾਹ ਦੇ ਜ਼ਿਆਦਾ ਸੇਵਨ ਤੋਂ ਬਚਣ ਦੀ ਸਲਾਹ ਦਿੱਤੀ ਜਾਂਦੀ ਹੈ।
ਹੱਡੀਆਂ 'ਤੇ ਪ੍ਰਭਾਵ: ਦੁੱਧ ਵਾਲੀ ਚਾਹ ਵਿੱਚ ਟੈਨਿਨ ਅਤੇ ਕੈਫੀਨ ਹੁੰਦਾ ਹੈ, ਜੋ ਸਰੀਰ ਵਿੱਚ ਕੈਲਸ਼ੀਅਮ ਦੇ ਸੋਖਣ ਨੂੰ ਰੋਕ ਸਕਦਾ ਹੈ। ਇਸ ਨਾਲ ਹੱਡੀਆਂ ਦੀ ਸਿਹਤ 'ਤੇ ਅਸਰ ਪੈ ਸਕਦਾ ਹੈ। ਜ਼ਿਆਦਾ ਮਾਤਰਾ ਵਿੱਚ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਸਕਦੀਆਂ ਹਨ ਅਤੇ ਓਸਟੀਓਪੋਰੋਸਿਸ ਦਾ ਖ਼ਤਰਾ ਵੱਧ ਸਕਦਾ ਹੈ।
ਨੀਂਦ 'ਤੇ ਅਸਰ: ਚਾਹ 'ਚ ਕੈਫੀਨ ਹੁੰਦੀ ਹੈ, ਜੋ ਨਰਵਸ ਸਿਸਟਮ ਨੂੰ ਉਤੇਜਿਤ ਕਰਦੀ ਹੈ। ਜ਼ਿਆਦਾ ਮਾਤਰਾ ਵਿੱਚ ਕੈਫੀਨ ਦਾ ਸੇਵਨ ਕਰਨ ਨਾਲ ਨੀਂਦ ਦੀ ਸਮੱਸਿਆ ਹੋ ਸਕਦੀ ਹੈ। ਰਾਤ ਨੂੰ ਚਾਹ ਪੀਣ ਨਾਲ ਨੀਂਦ ਦੀ ਗੁਣਵੱਤਾ ਖਰਾਬ ਹੋ ਸਕਦੀ ਹੈ, ਜਿਸ ਨਾਲ ਅਗਲੀ ਸਵੇਰ ਥਕਾਵਟ ਮਹਿਸੂਸ ਹੁੰਦੀ ਹੈ।
ਦੰਦਾਂ 'ਤੇ ਅਸਰ: ਦੁੱਧ ਵਾਲੀ ਚਾਹ 'ਚ ਮੌਜੂਦ ਖੰਡ ਦੰਦਾਂ ਲਈ ਨੁਕਸਾਨਦੇਹ ਹੋ ਸਕਦੀ ਹੈ। ਇਸ ਦਾ ਜ਼ਿਆਦਾ ਸੇਵਨ ਕਰਨ ਨਾਲ ਦੰਦਾਂ 'ਤੇ ਕੈਵਿਟੀ ਅਤੇ ਪਲੇਕ ਬਣਨ ਦੀ ਸੰਭਾਵਨਾ ਵੱਧ ਜਾਂਦੀ ਹੈ। ਇਸ ਤੋਂ ਇਲਾਵਾ, ਚਾਹ ਵਿੱਚ ਟੈਨਿਨ ਵੀ ਹੁੰਦੇ ਹਨ, ਜਿਸ ਕਾਰਨ ਦੰਦਾਂ 'ਤੇ ਦਾਗ ਬਣ ਸਕਦੇ ਹਨ।
ਭਾਰ ਵਧਣਾ: ਮੀਂਹ ਦੇ ਮੌਸਮ ਵਿੱਚ ਸਰੀਰਕ ਗਤੀਵਿਧੀ ਘੱਟ ਜਾਂਦੀ ਹੈ। ਇਸ ਤੋਂ ਇਲਾਵਾ, ਦੁੱਧ ਅਤੇ ਖੰਡ ਨਾਲ ਬਣੀ ਚਾਹ 'ਚ ਕਾਫੀ ਕੈਲੋਰੀ ਹੁੰਦੀ ਹੈ। ਇਸ ਮੌਸਮ ਵਿੱਚ ਬਿਨ੍ਹਾਂ ਕਿਸੇ ਵਾਧੂ ਮਿਹਨਤ ਦੇ ਕੈਲੋਰੀ ਬਰਨ ਕਰਨਾ ਮੁਸ਼ਕਲ ਹੋ ਜਾਂਦਾ ਹੈ। ਇਨ੍ਹਾਂ ਕਾਰਨਾਂ ਕਰਕੇ ਇਸ ਮੌਸਮ 'ਚ ਜ਼ਿਆਦਾ ਚਾਹ ਪੀਣ ਨਾਲ ਭਾਰ ਵੀ ਵੱਧ ਸਕਦਾ ਹੈ।
- ਚਮਕਦਾਰ ਚਮੜੀ ਪਾਉਣ ਲਈ ਰੋਜ਼ਾਨਾ ਦੁੱਧ 'ਚ ਮਿਲਾ ਕੇ ਪੀਓ ਇਹ ਚੀਜ਼ਾਂ, ਕੁਝ ਹੀ ਦਿਨਾਂ 'ਚ ਨਜ਼ਰ ਆਵੇਗਾ ਫਰਕ - Milk For Glowing Skin
- 5 ਘੰਟਿਆਂ ਤੋਂ ਘੱਟ ਸੌਣਾ ਸਿਹਤ ਲਈ ਖਤਰਨਾਕ, ਹੋ ਸਕਦੀਆਂ ਨੇ ਗੰਭੀਰ ਬਿਮਾਰੀਆਂ, ਜਾਣੋ ਸਿਹਤਮੰਦ ਰਹਿਣ ਲਈ ਕਿੰਨੇ ਘੰਟੇ ਸੌਣਾ ਬਿਹਤਰ - Less sleep Loss
- ਪਪੀਤੇ ਨੂੰ ਇਨ੍ਹਾਂ ਤਰੀਕਿਆਂ ਨਾਲ ਖਾਣਾ ਹੋ ਸਕਦੈ ਫਾਇਦੇਮੰਦ, ਪੀਰੀਅਡਸ ਦੇ ਦਰਦ ਤੋਂ ਲੈ ਕੇ ਮੋਟਾਪੇ ਤੱਕ ਕਈ ਸਮੱਸਿਆਵਾਂ ਤੋਂ ਮਿਲ ਜਾਵੇਗੀ ਰਾਹਤ - Papaya Benefits
ਸਾਵਧਾਨੀਆਂ: ਜੇਕਰ ਤੁਸੀਂ ਆਪਣੀ ਸਿਹਤ ਨੂੰ ਨੁਕਸਾਨ ਪਹੁੰਚਾਏ ਬਿਨ੍ਹਾਂ ਮੀਂਹ ਦੇ ਮੌਸਮ 'ਚ ਚਾਹ ਦਾ ਆਨੰਦ ਲੈਣਾ ਚਾਹੁੰਦੇ ਹੋ, ਤਾਂ ਕੁਝ ਸਾਵਧਾਨੀਆਂ ਵਰਤਣਾ ਫਾਇਦੇਮੰਦ ਹੋ ਸਕਦਾ ਹੈ।
- ਸੰਜਮ ਵਰਤੋ ਅਤੇ ਦੁੱਧ ਵਾਲੀ ਚਾਹ ਦਾ ਸੇਵਨ ਸੀਮਤ ਮਾਤਰਾ ਵਿੱਚ ਕਰੋ।
- ਚਾਹ ਵਿੱਚ ਖੰਡ ਦੀ ਮਾਤਰਾ ਘੱਟ ਕਰੋ ਅਤੇ ਇਸਦੀ ਥਾਂ ਸਿਹਤਮੰਦ ਵਿਕਲਪਾਂ ਦੀ ਵਰਤੋਂ ਕਰੋ।
- ਚਾਹ ਪੱਤੀਆਂ ਨੂੰ ਬਹੁਤ ਜ਼ਿਆਦਾ ਪਕਾਉਣ ਤੋਂ ਬਚੋ।
- ਚਾਹ ਵਿੱਚ ਅਦਰਕ, ਤੁਲਸੀ ਅਤੇ ਇਲਾਇਚੀ ਵਰਗੀਆਂ ਸਿਹਤਮੰਦ ਸਮੱਗਰੀਆਂ ਸ਼ਾਮਲ ਕਰੋ।
- ਜਿੱਥੋਂ ਤੱਕ ਹੋ ਸਕੇ, ਸ਼ਾਮ ਅਤੇ ਰਾਤ ਨੂੰ ਘੱਟ ਚਾਹ ਦਾ ਸੇਵਨ ਕਰੋ, ਤਾਂ ਕਿ ਨੀਂਦ 'ਤੇ ਕੋਈ ਅਸਰ ਨਾ ਪਵੇ।