ਹੈਦਰਾਬਾਦ: ਇਸ ਸਾਲ ਹੋਲੀ ਦਾ ਤਿਉਹਾਰ 25 ਮਾਰਚ ਨੂੰ ਮਨਾਇਆ ਜਾ ਰਿਹਾ ਹੈ। ਇਸ ਦਿਨ ਦਮਾ ਦੇ ਲੋਕਾਂ ਨੂੰ ਕੁਝ ਸਾਵਧਾਨੀਆਂ ਅਪਣਾਉਣ ਦੀ ਲੋੜ ਹੁੰਦੀ ਹੈ। ਬਦਲਦੇ ਮੌਸਮ ਦੇ ਨਾਲ ਹੀ ਹੋਲੀ ਦਾ ਤਿਉਹਾਰ ਵੀ ਦਮਾ ਦੇ ਮਰੀਜ਼ਾਂ ਦੀਆਂ ਮੁਸ਼ਕਿਲਾਂ ਵਧਾ ਸਕਦਾ ਹੈ। ਇਸ ਲਈ ਹੋਲੀ ਖੇਡਦੇ ਸਮੇਂ ਅਜਿਹੇ ਮਰੀਜ਼ਾਂ ਨੂੰ ਕੁਝ ਗੱਲ੍ਹਾਂ ਦਾ ਧਿਆਨ ਰੱਖਣਾ ਚਾਹੀਦਾ ਹੈ, ਤਾਂ ਕਿ ਦਮਾ ਦੇ ਮਰੀਜ਼ ਵੀ ਚੰਗੀ ਤਰ੍ਹਾਂ ਹੋਲੀ ਦਾ ਆਨੰਦ ਲੈ ਸਕਣ।
ਦਮਾ ਦੇ ਮਰੀਜ਼ ਹੋਲੀ ਖੇਡਦੇ ਸਮੇਂ ਇਨ੍ਹਾਂ ਗੱਲ੍ਹਾਂ ਦਾ ਰੱਖਣ ਧਿਆਨ:
ਮਾਸਕ ਪਾਓ: ਹੋਲੀ ਦਾ ਤਿਉਹਾਰ ਰੰਗਾਂ ਤੋਂ ਬਿਨ੍ਹਾਂ ਪੂਰਾ ਨਹੀ ਹੁੰਦਾ ਹੈ। ਪਰ ਦਮਾ ਦੇ ਮਰੀਜ਼ਾਂ ਲਈ ਹੋਲੀ ਦੇ ਰੰਗ ਨੁਕਸਾਨਦੇਹ ਹੋ ਸਕਦੇ ਹਨ। ਜੇਕਰ ਤੁਸੀਂ ਖੁਦ ਨੂੰ ਹੋਲੀ ਦੇ ਰੰਗਾਂ ਤੋਂ ਬਚਾਉਣਾ ਚਾਹੁੰਦੇ ਹੋ, ਤਾਂ ਮਾਸਕ ਪਾ ਕੇ ਰੱਖੋ। ਇਸ ਨਾਲ ਹੋਲੀ ਦਾ ਰੰਗ ਮੂੰਹ ਅਤੇ ਨੱਕ 'ਚ ਨਹੀਂ ਜਾਵੇਗਾ ਅਤੇ ਤੁਹਾਨੂੰ ਸਾਹ ਲੈਣ 'ਚ ਮੁਸ਼ਕਿਲ ਨਹੀਂ ਹੋਵੇਗੀ।
ਬਹੁਤ ਜ਼ਿਆਦਾ ਭੱਜਦੌੜ: ਦਮਾ ਦੇ ਮਰੀਜ਼ਾਂ ਨੂੰ ਸਰੀਰਕ ਕਸਰਤ ਕਰਨਾ ਮਨਾ ਹੁੰਦਾ ਹੈ। ਜੇਕਰ ਤੁਸੀਂ ਰੰਗ ਖੇਡਦੇ ਸਮੇਂ ਬਹੁਤ ਜ਼ਿਆਦਾ ਭੱਜਦੌੜ ਕਰਦੇ ਹੋ, ਤਾਂ ਇਸ ਨਾਲ ਸਾਹ ਫੁੱਲਣ ਅਤੇ ਦਮਾ ਦਾ ਅਟੈਕ ਹੋ ਸਕਦਾ ਹੈ।
ਕੈਮੀਕਲ ਵਾਲੇ ਰੰਗਾਂ ਤੋਂ ਦੂਰੀ ਬਣਾਓ: ਦਮਾ ਦੇ ਮਰੀਜ਼ ਕੈਮੀਕਲ ਵਾਲੇ ਰੰਗਾਂ ਤੋਂ ਦੂਰ ਰਹਿਣ। ਰੰਗਾਂ 'ਚ ਮੌਜ਼ੂਦ ਖਤਰਨਾਕ ਕੈਮੀਕਲ ਨੱਕ ਅਤੇ ਮੂੰਹ 'ਚ ਜਾ ਕੇ ਐਲਰਜ਼ੀ ਦਾ ਕਾਰਨ ਬਣ ਸਕਦੇ ਹਨ। ਇਸ ਨਾਲ ਦਮਾ ਦੀ ਸਮੱਸਿਆ ਹੋਰ ਵੀ ਵਧ ਸਕਦੀ ਹੈ।
ਸ਼ਰਾਬ ਤੋਂ ਰਹੋ ਦੂਰ: ਹੋਲੀ ਮੌਕੇ ਜ਼ਿਆਦਾਤਰ ਲੋਕ ਸ਼ਰਾਬ ਪੀ ਕੇ ਜਸ਼ਨ ਮਨਾਉਦੇ ਹਨ, ਪਰ ਦਮਾ ਦੇ ਮਰੀਜ਼ ਸ਼ਰਾਬ ਤੋਂ ਦੂਰੀ ਬਣਾ ਕੇ ਰੱਖਣ। ਸ਼ਰਾਬ ਦੀ ਜਗ੍ਹਾਂ ਤੁਸੀਂ ਹੋਲੀ ਮੌਕੇ ਜੂਸ ਜਾਂ ਠੰਡਾਈ ਪੀ ਸਕਦੇ ਹੋ।
ਭੀੜ ਵਾਲੀ ਜਗ੍ਹਾਂ ਤੋਂ ਬਚੋ: ਦਮਾ ਦੇ ਮਰੀਜ਼ ਭੀੜ ਵਾਲੀ ਜਗ੍ਹਾਂ ਤੋਂ ਦੂਰ ਰਹਿਣ। ਇਸਦੇ ਨਾਲ ਹੀ, ਧੂੰਆ, ਸਮੋਕਿੰਗ ਅਤੇ ਪਾਣੀ 'ਚ ਦੇਰ ਤੱਕ ਗਿੱਲੇ ਰਹਿਣ ਨਾਲ ਤੁਸੀਂ ਸਾਹ ਨਾਲ ਜੁੜੀਆਂ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।