ਚੰਡੀਗੜ੍ਹ: ਹਿੰਦੀ ਸਿਨੇਮਾ ਖੇਤਰ ਵਿੱਚ ਖੂਬਸੂਰਤ ਅਦਾਕਾਰਾ ਦੇ ਤੌਰ 'ਤੇ ਤੇਜੀ ਨਾਲ ਉਭਰ ਰਹੀ ਹੈ ਅਦਾਕਾਰਾ ਉਰਵਸ਼ੀ ਰੌਤੇਲਾ, ਜੋ ਦੇਸ਼ ਭਗਤੀ ਅਧਾਰਿਤ ਇੱਕ ਆਗਾਮੀ ਹਿੰਦੀ ਫਿਲਮ ਵਿੱਚ ਲੀਡ ਰੋਲ ਵਿੱਚ ਨਜ਼ਰ ਆਵੇਗੀ, ਜਿਸ ਦੀਆਂ ਤਸਵੀਰਾਂ ਦੇ ਰੂਪ ਵਿੱਚ ਉਸ ਦੁਆਰਾ ਪਹਿਲੀ ਝਲਕ ਗਣਤੰਤਰ ਦਿਵਸ ਮੌਕੇ ਜਾਰੀ ਕਰ ਦਿੱਤੀ ਗਈ ਹੈ।
ਸਾਲ 2023 ਉਸ ਲਈ ਪੇਸ਼ੇਵਰ ਪੱਧਰ 'ਤੇ ਸੱਚਮੁੱਚ ਬੇਮਿਸਾਲ ਰਿਹਾ, ਜਿਸ ਦੌਰਾਨ ਉਸਨੇ ਬ੍ਰੋ, ਸਕੰਦਾ, ਏਜੰਟ ਅਤੇ ਇੰਸਪੈਕਟਰ ਅਵਿਨਾਸ਼ ਵਰਗੇ ਕਈ ਸ਼ਾਨਦਾਰ ਅਤੇ ਬਿਗ ਸੈਟਅੱਪ ਪ੍ਰੋਜੈਕਟਾਂ ਵਿੱਚ ਆਪਣੀ ਵਧੀਆ ਕਾਰਗੁਜ਼ਾਰੀ ਨਾਲ ਦਰਸ਼ਕਾਂ ਦੇ ਦਿਲਾਂ ਵਿੱਚ ਮੁੜ ਰਾਜ ਕਰਨ ਵਿੱਚ ਫਿਰ ਕਾਮਯਾਬੀ ਹਾਸਿਲ ਕੀਤੀ।
ਬਾਲੀਵੁੱਡ ਦੀਆਂ ਉੱਚ-ਕੋਟੀ ਐਕਟ੍ਰੈਸਸ ਵਿੱਚ ਅਪਣੀ ਮੌਜੂਦਗੀ ਦਰਜ ਕਰਵਾ ਰਹੀ ਇਹ ਪ੍ਰਤਿਭਾਵਾਨ ਅਦਾਕਾਰਾ ਉਕਤ ਫਿਲਮ ਵਿੱਚ ਇੱਕ ਕਾਲਜ ਲੀਡਰ ਦੀ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ, ਜਿਸ ਨੂੰ ਲੈ ਕੇ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੀ ਇਸ ਬਿਹਤਰੀਨ ਅਦਾਕਾਰਾ ਨੇ ਦੱਸਿਆ ਕਿ ਦਰਸ਼ਕਾਂ ਲਈ ਬਹੁਤ ਹੀ ਹੈਰਾਨੀਜਨਕ ਰਹੇਗਾ ਮੇਰਾ ਇਸ ਫਿਲਮ ਵਿਚਲਾ ਰੂਪ ਕਿਉਂਕਿ ਇਸ ਤਰਾਂ ਦਾ ਅਲਹਦਾ ਕਿਰਦਾਰ ਪਹਿਲੀ ਵਾਰ ਨਿਭਾਉਣ ਜਾ ਰਹੀ ਹਾਂ, ਜਿਸ ਨੂੰ ਸੱਚਾ ਟੱਚ ਦੇਣ ਲਈ ਕਾਫ਼ੀ ਰਿਸਰਚ ਵੀ ਕਰ ਰਹੀ ਹਾਂ ਤਾਂ ਜੋ ਇਸ ਭੂਮਿਕਾ ਨਾਲ ਹਰ ਪੱਖੋ ਇਨਸਾਫ਼ ਹੋ ਸਕੇ।
ਉਨਾਂ ਦੱਸਿਆ ਕਿ ਦੇਸ਼ ਦੀ ਗਹਿਮਾ ਅਤੇ ਆਨ ਬਾਨ ਸ਼ਾਨ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਵੀ ਉਨਾਂ ਦੀ ਇਹ ਫਿਲਮ ਖਾਸਾ ਯੋਗਦਾਨ ਪਾਵੇਗੀ, ਜਿਸ ਨੂੰ ਕਹਾਣੀਸਾਰ ਅਧੀਨ ਤਰੋ-ਤਾਜ਼ਗੀ ਅਤੇ ਪ੍ਰਭਾਵਸ਼ਾਲੀ ਮੁਹਾਂਦਰਾ ਦੇਣ ਲਈ ਫਿਲਮ ਦੀ ਪੂਰੀ ਟੀਮ ਵੱਲੋਂ ਕਾਫ਼ੀ ਜਨੂੰਨੀਅਤ ਨਾਲ ਤਰੱਦਦ ਕੀਤੇ ਜਾ ਰਹੇ ਹਨ।
ਉਨਾਂ ਆਪਣੀਆਂ ਅਗਾਮੀ ਸਿਨੇਮਾ ਯੋਜਨਾਵਾਂ ਸੰਬੰਧੀ ਚਰਚਾ ਕਰਦਿਆਂ ਦੱਸਿਆ ਕਿ ਉਨਾਂ ਦੀਆਂ ਜਲਦ ਸਾਹਮਣੇ ਆਉਣ ਜਾ ਰਹੀਆਂ ਫਿਲਮਾਂ ਵਿੱਚ 'ਦਿਲ ਹੈ ਗ੍ਰੇ', 'ਬਲੈਕ ਰੋਜ਼' ਆਦਿ ਸ਼ਾਮਿਲ ਹਨ, ਜਿੰਨਾਂ ਵਿੱਚ ਵੀ ਉਹ ਲੀਡਿੰਗ ਰੋਲਜ਼ ਵਿੱਚ ਵਿਖਾਈ ਦੇਵੇਗੀ।
'ਮਿਸ ਦਿਵਾ ਯੂਨੀਵਰਸ' ਦੇ ਖਿਤਾਬ ਤੋਂ ਇਲਾਵਾ ਮਿਸ ਯੂਨੀਵਰਸ ਪੈਜੇਟਸ 2015 ਵਿੱਚ ਭਾਰਤ ਦੀ ਨੁਮਾਇੰਦਗੀ ਕਰ ਚੁੱਕੀ ਹੈ ਬਾਕਮਾਲ ਅਦਾਕਾਰਾ, ਜਿਸ ਦੇ ਹੁਣ ਤੱਕ ਦੇ ਕਰੀਅਰ ਵੱਲ ਝਾਤ ਮਾਰੀ ਜਾਵੇ ਤਾਂ ਉਨਾਂ ਅਪਣੇ ਅਦਾਕਾਰੀ ਸਫ਼ਰ ਦੀ ਸ਼ੁਰੂਆਤ ਸਾਲ 2013 ਵਿਚ ਆਈ ਸੰਨੀ ਦਿਓਲ ਸਟਾਰਰ 'ਸਿੰਘ ਸਾਹਿਬ ਦੀ ਗ੍ਰੇਟ' ਨਾਲ ਕੀਤਾ, ਜਿਸ ਨੂੰ ਹਾਲਾਂਕਿ ਟਿਕਟ ਖਿੜਕੀ 'ਤੇ ਆਸ ਅਨੁਸਾਰ ਕਾਮਯਾਬੀ ਨਹੀਂ ਮਿਲੀ, ਪਰ ਇਸ ਦਿਲਕਸ਼ ਅਦਾਕਾਰਾ ਦੀ ਅਦਾਕਾਰੀ ਨੂੰ ਦਰਸ਼ਕਾਂ ਅਤੇ ਫਿਲਮ ਆਲੋਚਕਾਂ ਦੁਆਰਾ ਕਾਫ਼ੀ ਪਸੰਦ ਕੀਤਾ ਗਿਆ।
ਉਪਰੰਤ ਮੁੰਬਈ ਗਲਿਆਰਿਆਂ ਵਿੱਚ ਪੂਰੀ ਤਰਾਂ ਛਾਅ ਜਾਣ ਵਾਲੀ ਇਸ ਅਦਾਕਾਰਾ ਨੇ ਹਾਲੀਆ ਸਮੇਂ ਦੌਰਾਨ ਕਈ ਬਹੁ-ਚਰਚਿਤ ਫਿਲਮਾਂ ਵਿਚ ਅਪਣੀ ਨਾਯਾਬ ਅਦਾਕਾਰੀ ਦਾ ਲੋਹਾ ਮੰਨਵਾਇਆ ਹੈ, ਜਿੰਨਾਂ ਵਿੱਚ 'ਹੇਟ ਸਟੋਰੀ 4', 'ਗ੍ਰੇਟ ਗ੍ਰੈਂਡ ਮਸਤੀ', 'ਸਨਮ ਰੇ' ਅਤੇ 'ਪਾਗਲਪੰਤੀ' ਆਦਿ ਸ਼ੁਮਾਰ ਰਹੀਆਂ ਹਨ।