ਚੰਡੀਗੜ੍ਹ: ਦੇਸ਼-ਵਿਦੇਸ਼ ਵਿੱਚ ਅਲਹਦਾ ਕੰਟੈਂਟ ਅਤੇ ਮੁਹਾਂਦਰੇ ਨੂੰ ਲੈ ਚਰਚਾ ਅਤੇ ਖਿੱਚ ਦਾ ਕੇਂਦਰ ਬਿੰਦੂ ਬਣੀ ਹੋਈ ਹੈ ਪੰਜਾਬੀ ਫਿਲਮ 'ਚੋਰਾਂ ਨਾਲ ਯਾਰੀਆਂ', ਜਿਸ ਦੀ ਸਟਾਰ-ਕਾਸਟ ਉਚੇਚੇ ਤੌਰ ਉਤੇ ਸ਼੍ਰੀ ਕਰਤਾਰਪੁਰ ਸਾਹਿਬ ਪਹੁੰਚ ਚੁੱਕੀ ਹੈ, ਜਿੱਥੇ ਲਹਿੰਦੇ ਪੰਜਾਬ ਦੇ ਕਲਾਕਾਰਾਂ ਅਤੇ ਕਲਾ ਖੇਤਰ ਸ਼ਖਸ਼ੀਅਤਾਂ ਵੱਲੋਂ ਪੂਰੀ ਟੀਮ ਦਾ ਫੁੱਲਾਂ ਦੇ ਗੁਲਦਸਤੇ ਭੇਂਟ ਕਰਕੇ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ।
ਪਾਕਿ ਧਰਤੀ ਦੇ ਇਸ ਪਵਿੱਤਰ ਮੁਕੱਦਸ ਅਤੇ ਇਤਿਹਾਸਕ ਅਸਥਾਨ ਵਿਖੇ ਨਤਮਸਤਕ ਹੋਏ ਉਕਤ ਫਿਲਮ ਟੀਮ ਮੈਬਰਾਂ 'ਚ ਪ੍ਰਭ ਗਰੇਵਾਲ, ਮਨਰੀਤ ਸਰਾਂ, ਮਲਕੀਤ ਰੌਣੀ, ਗੁਰਪ੍ਰੀਤ ਮੰਡ, ਦਵਿੰਦਰ ਸਿੰਘ, ਨਿਰਮਾਤਾ ਗੁਰਦਿਆਲ ਸਿੰਘ ਸਿੱਧੂ, ਨਿਰਦੇਸ਼ਕ ਨਸੀਬ ਰੰਧਾਵਾ, ਗੁਰਜੀਤ ਚਾਹਲ ਤੋਂ ਇਲਾਵਾ ਸ਼ਮਸ਼ੇਰ ਸਿੰਘ, ਬਲਰਾਜ ਸਿੰਘ, ਰਮਨਦੀਪ ਕੌਰ, ਅਮਿਤੋਜਬੀਰ ਸਿੰਘ, ਤੇਜਕਰਨ ਸਿੰਘ, ਇਕਬਾਲ ਸਿੰਘ ਸੰਧੂ, ਰਮਨਜੀਤ ਕੌਰ, ਅਵਨਤਾਰ ਸਿੰਘ, ਹਰਮਨਦੀਪ ਕੌਰ ਆਦਿ ਸ਼ੁਮਾਰ ਸਨ, ਜਦਕਿ ਦੂਜੇ ਪਾਸਿਓ ਸਵਾਗਤੀ ਟੀਮ ਦੀ ਅਗਵਾਈ ਹਨੀ ਅਲਬੇਲਾ, ਅੰਜੁਮ ਗਿੱਲ, ਅਹਿਮਦ ਰਜ਼ਾ ਪੰਜਾਬੀ, ਬਾਬਰ ਜਲੰਧਰੀ ਨੇ ਕੀਤੀ ਹੋਇਆ।
ਚੜ੍ਹਦੇ ਅਤੇ ਲਹਿੰਦੇ ਪੰਜਾਬ ਦੀ ਇਸ ਕਲਾਕਾਰੀ ਮਿਲਣੀ ਨੂੰ ਲੈ ਕੇ ਦੋਹਾਂ ਪਾਸਿਓ ਕਾਫ਼ੀ ਉਤਸ਼ਾਹ ਅਤੇ ਖੁਸ਼ੀ ਪਾਈ ਜਾ ਰਹੀ ਹੈ, ਜਿਸ ਸੰਬੰਧਤ ਹੀ ਅਪਣੇ ਮਨੀ ਵਲਵਲਿਆਂ ਦਾ ਇਜ਼ਹਾਰ ਲਾਹੌਰੀਏ ਖਿੱਤੇ ਦੀਆਂ ਇੰਨ੍ਹਾਂ ਮੰਨੀਆਂ-ਪ੍ਰਮੰਨੀਆਂ ਸ਼ਖਸ਼ੀਅਤਾਂ ਨੇ ਕਿਹਾ ਕਿ ਦੋਹਾਂ ਵਤਨਾਂ ਦੀ ਇਹ ਕਲਾ ਇਕੱਠਤਾ ਆਪਸੀ ਰਿਸ਼ਤਿਆਂ ਦੇ ਅਨੂਠੇ ਸੁਮੇਲ ਨੂੰ ਦਰਸਾ ਰਹੀ ਹੈ, ਜੋ ਆਪਸੀ ਸਾਂਝ ਦੀਆਂ ਤੰਦਾਂ ਨੂੰ ਹੋਰ ਮਜ਼ਬੂਤ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ। ਉਨ੍ਹਾਂ ਅੱਗੇ ਕਿਹਾ ਕਿ ਅਸੀਂ ਸਾਰਿਆਂ ਨੂੰ ਉਮੀਦ ਹੈ ਕਿ ਭਵਿੱਖ ਵਿੱਚ ਵੀ ਸਿਨੇਮਾ ਅਤੇ ਕਲਾਵਾਂ ਦਾ ਇਹ ਆਪਸੀ ਨਾਤਾ ਇਸੇ ਤਰ੍ਹਾਂ ਬਣਿਆ ਰਹੇਗਾ।
ਇਹ ਵੀ ਪੜ੍ਹੋ: