ਚੰਡੀਗੜ੍ਹ: ਪੰਜਾਬ ਦੀ ਪੁਰਾਤਨ ਗਾਇਕੀ, ਸੱਭਿਆਚਾਰ ਅਤੇ ਵੰਨਗੀਆਂ ਨੂੰ ਦੁਨੀਆ ਭਰ ਵਿੱਚ ਫੈਲਾਉਣ ਵਿੱਚ ਮੋਹਰੀ ਭੂਮਿਕਾ ਨਿਭਾ ਰਹੇ ਹਨ ਲੋਕ ਗਾਇਕ ਹਰਭਜਨ ਮਾਨ, ਜੋ ਦੇਸ਼ ਦੇ ਨਾਲ ਵਿਦੇਸ਼ਾਂ ਵਿੱਚ ਵੀ ਅਪਣੀ ਉਮਦਾ ਗਾਇਕੀ ਦਾ ਲੋਹਾ ਲਗਾਤਾਰ ਮੰਨਵਾ ਰਹੇ ਹਨ ਅਤੇ ਇਸੇ ਸ਼ਾਨਦਾਰ ਲੜੀ ਦਾ ਇਜ਼ਹਾਰ ਕਰਵਾਉਣ ਜਾ ਰਿਹਾ ਹੈ ਉਨਾਂ ਵੱਲੋ ਜਲਦ ਵਿੱਢਿਆ ਜਾ ਰਿਹਾ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਟੂਰ 'ਦਿ ਲੀਜੈਂਡ ਇਜ ਬੈਕ', ਜਿਸ ਦੌਰਾਨ ਵੱਡੇ ਪੱਧਰ ਉੱਪਰ ਆਯੋਜਿਤ ਕੀਤੇ ਜਾਣ ਵਾਲੇ ਕਈ ਗ੍ਰੈਂਡ ਸੋਅਜ਼ ਦਾ ਉਹ ਹਿੱਸਾ ਬਣਨਗੇ।
ਉਕਤ ਸੋਅਜ਼ ਸੰਬੰਧਤ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਉਨਾਂ ਦੱਸਿਆ ਕਿ ਲੰਮੇਂ ਸਮੇਂ ਬਾਅਦ ਟੂਰ ਦਾ ਹਿੱਸਾ ਬਣ ਉਹ ਬਹੁਤ ਖ਼ੁਸ਼ੀ ਅਤੇ ਮਾਣ ਮਹਿਸੂਸ ਕਰ ਰਹੇ ਹਨ, ਜੋ ਕਿ ਪੰਜਾਬੀਅਤ ਰੰਗ ਵਿੱਚ ਰੰਗੇ ਠੇਠ ਪਰਿਵਾਰਕ ਸੋਅਜ਼ ਹੋਣਗੇ, ਜਿੰਨਾਂ ਦੁਆਰਾ ਉਹ ਅਪਣਾ ਵਿਰਸਾ ਭੁੱਲਦੀ ਜਾ ਰਹੀ ਨੌਜਵਾਨ ਪੀੜੀ ਨੂੰ ਅਪਣੀਆਂ ਅਸਲ ਜੜਾਂ ਨਾਲ ਜੁੜਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਉਨਾਂ ਅੱਗੇ ਕਿਹਾ ਕਿ ਅਗਸਤ-ਸਤੰਬਰ 2024 ਦੇ ਮਹੀਨੇ ਹੋਣ ਜਾ ਰਹੇ ਇੰਨਾਂ ਸੋਅਜ਼ ਨੂੰ 'ਜੱਗ ਜਿਉਂਦਿਆਂ ਦੇ ਮੇਲੇ' ਸਿਰਲੇਖ ਹੇਠ ਦਰਸ਼ਕਾਂ ਦੇ ਸਨਮੁੱਖ ਕੀਤਾ ਜਾ ਰਿਹਾ ਹੈ, ਜਿਸ ਦਾ ਵੱਡੀ ਗਿਣਤੀ ਦਰਸ਼ਕ ਆਨੰਦ ਮਾਣਨਗੇ।
ਉਨਾਂ ਕਿਹਾ ਕਿ ਬਹੁਤ ਖੁਸ਼ਕਿਸਮਤ ਹਾਂ ਕਿ ਹਰ ਦੇਸ਼ ਦੀ ਤਰ੍ਹਾਂ ਬੀਤੇ ਵਰਿਆਂ ਦੌਰਾਨ ਅਸੀਂ ਜਦ ਵੀ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੇ ਵੱਖ-ਵੱਖ ਸ਼ਹਿਰਾਂ ਵਿੱਚ ਆਏ ਤਾਂ ਚਾਹੁੰਣ ਵਾਲਿਆ ਦਾ ਭਰਵਾਂ ਹੁੰਗਾਰਾ ਮਿਲਿਆ। ਆਸ ਕਰਦੇ ਹਾਂ ਕਿ ਪਹਿਲੇ ਟੂਰਜ਼ ਵਾਂਗ ਹੀ ਇਸ ਵਾਰ ਵੀ ਦਰਸ਼ਕ ਪਿਆਰ ਅਤੇ ਸਤਿਕਾਰ ਬਖ਼ਸ਼ਣਗੇ।
ਹਾਲ ਹੀ ਵਿੱਚ ਜਾਰੀ ਕੀਤੇ 'ਪੰਜਾਬ', 'ਦਿਲ ਮੇਰਾ', 'ਤੇਰੀ ਮੇਰੀ ਜੋੜੀ 2', 'ਆਨ-ਸ਼ਾਨ', 'ਕਲਗੀਧਰ ਦੇ ਲਾਡਲੇ' ਆਦਿ ਜਿਹੇ ਅਪਣੇ ਕਈ ਗਾਣਿਆਂ ਨਾਲ ਪੰਜਾਬੀ ਸੰਗੀਤ ਜਗਤ ਵਿੱਚ ਅਪਣੀ ਲਗਾਤਾਰ ਦਾ ਮੁੜ ਪ੍ਰਭਾਵੀ ਇਜ਼ਹਾਰ ਅਤੇ ਅਹਿਸਾਸ ਕਰਵਾਉਣ ਵਿੱਚ ਸਫ਼ਲ ਰਹੇ ਹਨ ਇਹ ਬਾਕਮਾਲ ਗਾਇਕ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਵੀ ਬਰਾਬਰਤਾ ਨਾਲ ਅਪਣੀ ਸ਼ਾਨਦਾਰ ਮੌਜੂਦਗੀ ਦਰਜ ਕਰਵਾਉਂਦੇ ਆ ਰਹੇ ਹਨ।
ਕਵੀਸ਼ਰੀ ਦੇ ਯੁੱਗ ਤੋਂ ਆਧੁਨਿਕੀਕਰਨ ਸੰਗੀਤ ਦੇ ਇਸ ਦੌਰ ਤੱਕ ਅਪਣੀ ਨਾਯਾਬ ਗਾਇਨ ਕਲਾ ਨੂੰ ਹੋਰ ਪ੍ਰਪੱਕਤਾ ਅਤੇ ਕਾਮਯਾਬ ਅਯਾਮ ਦੇਣ ਵਿਚ ਸਫ਼ਲ ਰਹੇ ਇਹ ਅਜ਼ੀਮ ਗਾਇਕ ਅਤੇ ਅਦਾਕਾਰ ਆਉਣ ਵਾਲੇ ਦਿਨਾਂ ਵੀ ਕੁਝ ਹੋਰ ਗਾਣਿਆਂ ਅਤੇ ਫਿਲਮ ਪ੍ਰੋਜੈਕਟਸ ਦੁਆਰਾ ਵੀ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਸੰਬੰਧੀ ਤਿਆਰੀਆਂ ਨੂੰ ਉਹ ਨਾਲੋਂ-ਨਾਲ ਹੋਰ ਪੁਖਤਗੀ ਦਿੰਦੇ ਨਜ਼ਰੀ ਆ ਰਹੇ ਹਨ।