ਚੰਡੀਗੜ੍ਹ: ਪੰਜਾਬੀ ਗਾਇਕੀ ਅਤੇ ਸਿਨੇਮਾ ਦੋਹਾਂ ਹੀ ਖੇਤਰਾਂ ਵਿੱਚ ਮਾਣਮੱਤੀ ਪਹਿਚਾਣ ਅਤੇ ਸ਼ਾਨਦਾਰ ਵਜ਼ੂਦ ਕਾਇਮ ਕਰਨ ਵਿੱਚ ਸਫ਼ਲ ਰਹੀ ਹੈ ਦਿੱਗਜ ਗਾਇਕਾ-ਅਦਾਕਾਰਾ ਅਮਰ ਨੂਰੀ, ਜਿੰਨਾ ਨੂੰ ਰਿਲੀਜ਼ ਹੋਣ ਜਾ ਰਹੇ ਗਾਣੇ 'ਦਿੱਲੀ ਏਅਰਪੋਰਟ' ਦਾ ਅਹਿਮ ਹਿੱਸਾ ਬਣਾਇਆ ਗਿਆ ਹੈ, ਜਿਸ ਸੰਬੰਧਤ ਫਿਲਮਾਂਕਣ ਪੰਜਾਬ ਦੇ ਵੱਖ-ਵੱਖ ਹਿੱਸਿਆਂ ਵਿੱਚ ਮੁਕੰਮਲ ਕਰ ਲਿਆ ਗਿਆ ਹੈ।
'ਸ਼ਾਲੀਮਾਰ ਪ੍ਰੋਡੋਕਸ਼ਨ' ਵੱਲੋਂ ਪੇਸ਼ ਕੀਤੇ ਜਾ ਰਹੇ ਉਕਤ ਟਰੈਕ ਨੂੰ ਆਵਾਜ਼ ਨੌਜਵਾਨ ਅਤੇ ਸੰਗੀਤ ਖੇਤਰ ਦਾ ਚਮਕਦਾ ਸਿਤਾਰਾ ਬਣਦੇ ਜਾ ਰਹੇ ਗਾਇਕ ਇੰਦਰ ਵੱਲੋਂ ਦਿੱਤੀ ਗਈ ਹੈ, ਜਦ ਕਿ ਇਸ ਦੇ ਬੋਲ ਕਿੰਗ ਗਰੇਵਾਲ ਨੇ ਰਚੇ ਹਨ, ਜਿੰਨਾ ਦੁਆਰਾ ਪ੍ਰਭਾਵੀ ਅਤੇ ਭਾਵਨਾਤਮਕ ਸ਼ਬਦਾਂ ਅਧੀਨ ਸਿਰਜੇ ਗਏ ਇਸ ਅਰਥ-ਭਰਪੂਰ ਗਾਣੇ ਦਾ ਮਿਊਜ਼ਿਕ ਜੀ ਗੁਰੀ ਵੱਲੋਂ ਸੰਗੀਤਬੱਧ ਕੀਤਾ ਗਿਆ ਹੈ, ਜਿੰਨਾ ਦੇ ਸਦਾ ਸੰਗੀਤ ਨਾਲ ਤਿਆਰ ਕੀਤੇ ਗਏ ਬੇਸ਼ੁਮਾਰ ਗਾਣੇ ਮਕਬੂਲੀਅਤ ਦੇ ਕਈ ਨਵੇਂ ਅਯਾਮ ਕਾਇਮ ਕਰਨ ਵਿੱਚ ਸਫ਼ਲ ਰਹੇ ਹਨ।
ਸੰਗੀਤਕ ਖੇਤਰ ਵਿੱਚ ਵਿਲੱਖਣਤਾ ਦਾ ਇਜ਼ਹਾਰ ਕਰਵਾਉਣ ਜਾ ਰਹੇ ਉਕਤ ਗਾਣੇ ਸੰਬੰਧੀ ਰਸਮੀ ਜਾਣਕਾਰੀ ਸਾਂਝੀ ਕਰਦਿਆਂ ਸੰਗੀਤਕਾਰ ਜੀ ਗੁਰੀ ਨੇ ਦੱਸਿਆ ਕਿ ਪੰਜਾਬੀ ਸਿਨੇਮਾ ਅਤੇ ਸੰਗੀਤ ਜਗਤ ਦੀ ਸਤਿਕਾਰਤ ਹਸਤੀ ਵਜੋਂ ਜਾਣੀ ਜਾਂਦੀ ਅਦਾਕਾਰਾ ਅਮਰ ਨੂਰੀ ਦਾ ਉਕਤ ਪ੍ਰੋਜੈਕਟ ਦਾ ਹਿੱਸਾ ਬਣਨਾ ਸਾਡੀ ਪੂਰੀ ਟੀਮ ਲਈ ਬਹੁਤ ਮਾਣ ਵਾਲੀ ਗੱਲ ਹੈ, ਜਿੰਨਾਂ ਦੀ ਇਸ ਟਰੈਕ ਸੰਬੰਧਤ ਮਿਊਜ਼ਿਕ ਵੀਡੀਓ ਵਿੱਚ ਮੌਜੂਦਗੀ ਇਸ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਉਨਾਂ ਆਪਣੇ ਜਜ਼ਬਾਤ ਬਿਆਨ ਕਰਦਿਆਂ ਅੱਗੇ ਕਿਹਾ ਕਿ ਰੋਜ਼ੀ-ਰੋਟੀ ਖਾਤਰ ਵਿਦੇਸ਼ ਰਵਾਨਗੀ ਕਰਨ ਜਾ ਰਹੇ ਇੱਕ ਨੌਜਵਾਨ ਦੀ ਆਪਣੀ ਮਾਂ ਦਰਮਿਆਨ ਦੀ ਭਾਵਨਾਤਮਕਤਾ ਨੂੰ ਪ੍ਰਤੀਬਿੰਬ ਕਰਦਾ ਇਹ ਗਾਣਾ ਗਾਇਕ ਰਵ ਇੰਦਰ ਵੱਲੋਂ ਬੇਹੱਦ ਉਮਦਾ ਰੂਪ ਵਿੱਚ ਗਾਇਨ ਕੀਤਾ ਗਿਆ ਹੈ, ਜਿਸ ਸੰਬੰਧੀ ਸਨੇਹਪੂਰਨਤਾ ਨੂੰ ਹੋਰ ਨਵੇਂ ਅਯਾਮ ਦੇਵੇਗੀ ਅਦਾਕਾਰਾ ਅਮਰ ਨੂਰੀ ਦੀ ਇਸ ਦੇ ਮਿਊਜ਼ਿਕ ਵੀਡੀਓ ਵਿੱਚ ਕੀਤੀ ਨਾਯਾਬ ਅਦਾਕਾਰੀ, ਜਿੰਨਾਂ ਦੁਆਰਾ ਇੱਕ ਵਾਰ ਫਿਰ ਅਪਣੀ ਬਹੁਤ ਹੀ ਪ੍ਰਭਾਵਸ਼ਾਲੀ ਅਦਾਕਾਰੀ ਦਾ ਅਹਿਸਾਸ ਦਰਸ਼ਕਾਂ ਨੂੰ ਕਰਵਾਇਆ ਜਾਵੇਗਾ।
ਹਾਲ ਹੀ ਵਿੱਚ ਰਿਲੀਜ਼ ਹੋਈ ਪੰਜਾਬੀ ਫਿਲਮ 'ਪਿੰਡ ਅਮਰੀਕਾ' ਵਿੱਚ ਨਿਭਾਈ ਮਹੱਤਵਪੂਰਨ ਭੂਮਿਕਾ ਦੁਆਰਾ ਵੀ ਅਪਣੀ ਸ਼ਾਨਦਾਰ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਅਤੇ ਭਰਵੀਂ ਸਲਾਹੁਤਾ ਹਾਸਿਲ ਕਰਨ ਵਿੱਚ ਸਫ਼ਲ ਰਹੀ ਹੈ ਅਦਾਕਾਰਾ ਅਮਰ ਨੂਰੀ, ਜੋ ਹੌਲੀ-ਹੌਲੀ ਮੁੜ ਅਦਾਕਾਰੀ ਖੇਤਰ ਵਿੱਚ ਆਪਣੀਆਂ ਪੈੜਾਂ ਮਜ਼ਬੂਤ ਕਰਦੇ ਜਾ ਰਹੇ ਹਨ, ਜਿਸੇ ਸੰਬੰਧੀ ਉਨਾਂ ਵੱਲੋਂ ਕੀਤੇ ਜਾ ਯਤਨ ਦਾ ਅਹਿਸਾਸ ਆਉਣ ਵਾਲੇ ਦਿਨਾਂ ਵਿੱਚ ਉਨਾਂ ਦੇ ਸਾਹਮਣੇ ਆਉਣ ਜਾ ਰਹੇ ਕਈ ਹੋਰ ਪ੍ਰੋਜੈਕਟ ਵੀ ਕਰਵਾਉਣਗੇ, ਜਿੰਨਾਂ ਵਿੱਚ ਪੰਜਾਬੀ ਫਿਲਮ ਅਤੇ ਲਘੂ ਫਿਲਮਜ਼ ਅਤੇ ਕੁਝ ਹੋਰ ਮਿਊਜ਼ਿਕ ਵੀਡੀਓਜ਼ ਵੀ ਸ਼ੁਮਾਰ ਹਨ।