ਅੰਮ੍ਰਿਤਸਰ: ਕੰਗਨਾ ਰਣੌਤ ਆਪਣੀ ਆਉਣ ਵਾਲੀ ਫਿਲਮ 'ਐਮਰਜੈਂਸੀ' ਨੂੰ ਲੈ ਕੇ ਕਾਫੀ ਸਮੇਂ ਤੋਂ ਸੁਰਖੀਆਂ 'ਚ ਹੈ। ਇਹ ਫਿਲਮ 6 ਸਤੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣੀ ਸੀ ਪਰ ਸੈਂਸਰ ਬੋਰਡ ਵੱਲੋਂ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਗਿਆ, ਜਿਸ ਤੋਂ ਬਾਅਦ ਨਿਰਮਾਤਾਵਾਂ ਨੇ ਬੰਬੇ ਹਾਈ ਕੋਰਟ ਤੱਕ ਪਹੁੰਚ ਕੀਤੀ। ਹੁਣ ਕੰਗਨਾ ਰਣੌਤ ਦੀ ਇਸ ਸਿਆਸੀ ਡਰਾਮਾ ਫਿਲਮ ਨੂੰ ਸੈਂਸਰ ਬੋਰਡ ਨੇ ਪਾਸ ਕਰ ਦਿੱਤਾ ਹੈ। ਹੁਣ ਫਿਲਮ 'ਐਮਰਜੈਂਸੀ' ਨੂੰ ਸੈਂਸਰ ਬੋਰਡ ਵੱਲੋਂ ਸਰਟੀਫਿਕੇਟ ਮਿਲਣ ਉਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਗੁਰਚਰਨ ਸਿੰਘ ਗਰੇਵਾਲ ਦਾ ਬਿਆਨ ਸਾਹਮਣੇ ਆਇਆ ਹੈ।
ਫਿਲਮ ਨੂੰ ਸਰਟੀਫਿਕੇਟ ਮਿਲਣ ਉਤੇ ਕੀ ਬੋਲੇ ਗੁਰਚਰਨ ਸਿੰਘ ਗਰੇਵਾਲ
ਹਾਲ ਹੀ ਵਿੱਚ ਗੁਰਚਰਨ ਸਿੰਘ ਗਰੇਵਾਲ ਨੇ ਇੱਕ ਵੀਡੀਓ ਜਾਰੀ ਕੀਤੀ ਅਤੇ ਕਿਹਾ ਕਿ ਪਿਛਲੇ ਦਿਨਾਂ 'ਚ ਇੱਕ ਵਿਵਾਦਤ ਫਿਲਮ ਐਮਰਜੈਂਸੀ, ਜਿਸ ਦੇ ਟ੍ਰੇਲਰ ਦੇ ਵਿੱਚ ਬਹੁਤ ਸਾਰੇ ਵਿਵਾਦਤ ਸੀਨ ਦਿਖਾਏ ਗਏ ਅਤੇ ਸਿੱਖਾਂ ਨੂੰ ਬਦਨਾਮ ਕਰਨ ਲਈ ਬੇਲੋੜੇ ਸੀਨ ਸ਼ਾਮਿਲ ਕੀਤੇ ਗਏ, ਇਸ ਦੇ ਖਿਲਾਫ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਿੱਖ ਸੰਸਥਾਵਾਂ ਵੱਲੋਂ ਬਹੁਤ ਵੱਡਾ ਗੰਭੀਰ ਨੋਟਿਸ ਲਿਆ ਸੀ।
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਸਾਨੂੰ ਇਸ ਗੱਲ ਦਾ ਪੱਕੇ ਤੌਰ ਉਤੇ ਪਤਾ ਸੀ ਕਿ ਹਰਿਆਣਾ ਦੇ ਇਲੈਕਸ਼ਨ ਤੋਂ ਬਾਅਦ ਸਰਕਾਰ ਵੱਲੋਂ ਇਸ ਫਿਲਮ ਨੂੰ ਸਰਟੀਫਿਕੇਟ ਦੇ ਦਿੱਤਾ ਜਾਵੇਗਾ, ਜੋ ਕਿ ਅੱਜ ਦੇ ਦਿੱਤਾ ਗਿਆ ਹੈ। ਇਹ ਫਿਲਮ ਹੁਣ ਰਿਲੀਜ਼ ਹੋਣ ਜਾ ਰਹੀ ਹੈ।
ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹੋਏ ਉਨ੍ਹਾਂ ਨੇ ਅੱਗੇ ਕਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਅਪੀਲ ਕਰਦੇ ਹਾਂ ਕਿ ਇਸ ਫਿਲਮ ਦੇ ਪੰਜਾਬ ਵਿੱਚ ਲੱਗਣ ਨਾਲ ਹਾਲਾਤਾਂ ਉਤੇ ਅਸਰ ਪਏਗਾ। ਹਾਲ ਦੀ ਘੜੀ ਇਸ ਫਿਲਮ ਨੂੰ ਪੰਜਾਬ ਵਿੱਚ ਰੋਕ ਦਿੱਤਾ ਜਾਵੇ, ਕਿਉਂਕਿ ਪੰਜਾਬ ਦੇ ਲੋਕਾਂ ਵਿੱਚ ਇਸ ਫਿਲਮ ਪ੍ਰਤੀ ਕਾਫੀ ਰੋਸ ਹੈ।
ਕੰਗਨਾ ਰਣੌਤ ਨੇ ਖੁਦ ਦਿੱਤੀ ਜਾਣਕਾਰੀ
ਕੰਗਨਾ ਰਣੌਤ ਨੇ ਅੱਜ 17 ਅਕਤੂਬਰ ਨੂੰ ਸੋਸ਼ਲ ਮੀਡੀਆ 'ਤੇ ਪੋਸਟ ਕੀਤਾ ਅਤੇ ਕਿਹਾ, "ਸਾਨੂੰ ਇਹ ਐਲਾਨ ਕਰਦੇ ਹੋਏ ਖੁਸ਼ੀ ਹੋ ਰਹੀ ਹੈ ਕਿ ਸਾਨੂੰ ਸਾਡੀ ਫਿਲਮ ਐਮਰਜੈਂਸੀ ਲਈ ਸੈਂਸਰ ਬੋਰਡ ਤੋਂ ਸਰਟੀਫਿਕੇਟ ਮਿਲ ਗਿਆ ਹੈ। ਅਸੀਂ ਜਲਦੀ ਹੀ ਰਿਲੀਜ਼ ਡੇਟ ਦਾ ਐਲਾਨ ਕਰਾਂਗੇ। ਤੁਹਾਡੇ ਧੀਰਜ ਅਤੇ ਸਹਿਯੋਗ ਲਈ ਧੰਨਵਾਦ।"
We are glad to announce we have received the censor certificate for our movie Emergency, we will be announcing the release date soon. Thank you for your patience and support 🇮🇳
— Kangana Ranaut (@KanganaTeam) October 17, 2024
ਉਲੇਖਯੋਗ ਹੈ ਕਿ ਐਮਰਜੈਂਸੀ 6 ਸਤੰਬਰ 2024 ਨੂੰ ਰਿਲੀਜ਼ ਹੋਣੀ ਸੀ ਪਰ ਸਿੱਖ ਭਾਈਚਾਰੇ ਦੇ ਵਿਰੋਧ ਅਤੇ ਕਈ ਵਿਵਾਦਾਂ ਕਾਰਨ ਸੀਬੀਐਫਸੀ ਨੇ ਫਿਲਮ ਨੂੰ ਸਰਟੀਫਿਕੇਟ ਨਹੀਂ ਦਿੱਤਾ ਸੀ।
ਇਹ ਵੀ ਪੜ੍ਹੋ: