ਚੰਡੀਗੜ੍ਹ: ਪੰਜਾਬੀ ਸੰਗੀਤ ਅਤੇ ਸਿਨੇਮਾ ਖੇਤਰ ਵਿੱਚ ਬਤੌਰ ਗਾਇਕ ਅਤੇ ਅਦਾਕਾਰ ਸਫ਼ਲ ਪਹਿਚਾਣ ਸਥਾਪਿਤ ਕਰ ਚੁੱਕੇ ਹਨ ਸਤਿੰਦਰ ਸਰਤਾਜ, ਜਿੰਨ੍ਹਾਂ ਦੀ ਨਵੀਂ ਪੰਜਾਬੀ ਫਿਲਮ 'ਹੁਸ਼ਿਆਰ ਸਿੰਘ' ਸੈੱਟ ਉਤੇ ਪੁੱਜ ਗਈ ਹੈ, ਜਿਸ ਨੂੰ ਉਦੈ ਪ੍ਰਤਾਪ ਸਿੰਘ ਨਿਰਦੇਸ਼ਿਤ ਕਰਨਗੇ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਦਾ ਵੀ ਨਿਰਦੇਸ਼ਨ ਕਰ ਚੁੱਕੇ ਹਨ।
'ਓਮਜੀ ਸਿਨੇ ਵਰਲਡ' ਅਤੇ 'ਸਰਤਾਜ ਫਿਲਮਜ਼' ਵੱਲੋਂ ਨਿਰਮਿਤ ਕੀਤੀ ਜਾ ਰਹੀ ਇਸ ਫਿਲਮ ਵਿੱਚ ਸਤਿੰਦਰ ਸਰਤਾਜ ਅਤੇ ਸਿੰਮੀ ਚਾਹਲ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜੋ ਪਹਿਲੀ ਵਾਰ ਇਕੱਠਿਆਂ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ, ਜਿੰਨ੍ਹਾਂ ਤੋਂ ਇਲਾਵਾ ਬੀਐਨ ਸ਼ਰਮਾ, ਰਾਣਾ ਰਣਬੀਰ, ਮਲਕੀਤ ਰੌਣੀ, ਸਰਦਾਰ ਸੋਹੀ, ਸੀਮਾ ਕੌਸ਼ਲ, ਸੁਖਵਿੰਦਰ ਰਾਜ ਬੁੱਟਰ, ਨਵਦੀਪ ਕਲੇਰ, ਪਵਨ ਜੋਹਲ, ਮੰਜੂ ਮਾਹਲ, ਜਸ਼ਨਜੀਤ ਗੋਸ਼ਾ ਆਦਿ ਵੀ ਮਹੱਤਵਪੂਰਨ ਕਿਰਦਾਰ ਅਦਾ ਕਰਨਗੇ।
ਪਰਿਵਾਰਿਕ ਡਰਾਮਾ ਅਤੇ ਦਿਲਚਸਪ ਕਹਾਣੀਸਾਰ ਆਧਾਰਿਤ ਉਕਤ ਫਿਲਮ ਦਾ ਲੇਖਨ ਜਗਦੀਪ ਸਿੰਘ ਵੜਿੰਗ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਬਹੁ-ਚਰਚਿਤ ਅਤੇ ਅਰਥ-ਭਰਪੂਰ ਫਿਲਮਾਂ ਨਾਲ ਵੀ ਬਤੌਰ ਲੇਖਕ ਜੁੜੇ ਰਹੇ ਹਨ।
ਸਤਿੰਦਰ ਸਰਤਾਜ ਵਜੋਂ ਆਪਣੇ ਘਰੇਲੂ ਹੋਮ ਪ੍ਰੋਡਕਸ਼ਨ ਅਧੀਨ ਬਣਾਈ ਜਾ ਰਹੀ ਇਸ ਬਿੱਗ ਸੈਟਅੱਪ ਪੰਜਾਬੀ ਫਿਲਮ ਨੂੰ ਸੋਹਣਾ ਮੁਹਾਂਦਰਾ ਦੇਣ ਵਿੱਚ ਸਿਨੇਮਾਟੋਗ੍ਰਾਫ਼ਰ ਜੇਲੈਸ਼ ਓਬਰਾਏ ਵੀ ਅਹਿਮ ਭੂਮਿਕਾ ਨਿਭਾਉਣਗੇ। ਮੋਹਾਲੀ ਅਤੇ ਪਟਿਆਲਾ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਉਕਤ ਫਿਲਮ ਦਾ ਪਹਿਲਾਂ ਸ਼ੈਡਿਊਲ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕਾ ਹੈ, ਜਿਸ ਦੌਰਾਨ ਲੀਡ ਕਾਸਟ ਉਪਰ ਕਈ ਅਹਿਮ ਸੀਨਾਂ ਦਾ ਫਿਲਮਾਂਕਣ ਪੂਰਾ ਕੀਤਾ ਜਾ ਰਿਹਾ ਹੈ।
ਹਾਲੀਆਂ ਸਮੇਂ ਦੌਰਾਨ ਰਿਲੀਜ਼ ਹੋਈਆਂ ਅਤੇ ਅਪਾਰ ਸਲਾਹੁਤਾ ਅਤੇ ਕਾਮਯਾਬੀ ਹਾਸਿਲ ਕਰਨ ਵਾਲੀਆਂ 'ਸ਼ਾਯਰ' ਅਤੇ 'ਕਲੀ ਜੋਟਾ' ਦਾ ਸ਼ਾਨਦਾਰ ਹਿੱਸਾ ਰਹੇ ਸਤਿੰਦਰ ਸਰਤਾਜ ਦੇ ਸਿਤਾਰੇ ਅੱਜਕੱਲ੍ਹ ਬੁਲੰਦੀਆਂ ਉਤੇ ਹਨ, ਜੋ ਗਾਇਕੀ ਦੇ ਨਾਲ-ਨਾਲ ਸਿਨੇਮਾ ਖੇਤਰ ਵਿੱਚ ਵੀ ਨਵੇਂ ਦਿਸਹਿੱਦੇ ਸਿਰਜਦੇ ਜਾ ਰਹੇ ਹਨ।
ਇਹ ਵੀ ਪੜ੍ਹੋ: