ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਖੇਤਰ ਵਿੱਚ ਬਤੌਰ ਅਦਾਕਾਰ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਰਵਿੰਦਰ ਮੰਡ, ਜੋ ਹੁਣ ਇੱਕ ਹੋਰ ਨਵੀਂ ਅਤੇ ਪ੍ਰਭਾਵੀ ਸਿਨੇਮਾ ਪਾਰੀ ਵੱਲ ਕਦਮ ਵਧਾ ਚੁੱਕੇ ਹਨ, ਜਿੰਨ੍ਹਾਂ ਦੀ ਡਾਇਲਾਗ ਲੇਖਕ ਵਜੋਂ ਰਿਲੀਜ਼ ਹੋਈ ਪੰਜਾਬੀ ਫਿਲਮ 'ਚੋਰ ਦਿਲ' ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਰਹੀ ਹੈ।
'ਮਿਲੀਨੀਅਨ ਸਟੈਪਸ ਫਿਲਮਜ਼' ਵੱਲੋਂ ਪੇਸ਼ ਕੀਤੀ ਗਈ ਅਤੇ 'ਰੰਧਾਵਾ ਬ੍ਰੋਜ ਦੀ ਐਸੋਸੀਏਸ਼ਨ' ਅਧੀਨ ਬਣਾਈ ਗਈ ਉਕਤ ਫਿਲਮ ਦਾ ਨਿਰਦੇਸ਼ਨ ਅਤੇ ਸਕ੍ਰੀਨ ਪਲੇਅ ਲੇਖਨ ਉਭਰਦੇ ਅਤੇ ਪ੍ਰਤਿਭਾਵਾਨ ਨਿਰਦੇਸ਼ਕ ਜੰਗਵੀਰ ਸਿੰਘ ਵੱਲੋਂ ਕੀਤਾ ਗਿਆ ਹੈ, ਜੋ ਇਸ ਦਿਲਚਸਪ ਫਿਲਮ ਨਾਲ ਨਿਰਦੇਸ਼ਨ ਦੇ ਤੌਰ ਉਤੇ ਇੱਕ ਨਵੇਂ ਆਗਾਜ਼ ਵੱਲ ਵਧਣ ਜਾ ਰਹੇ ਹਨ।
ਦੁਨੀਆ ਭਰ 'ਚ ਪ੍ਰਦਰਸ਼ਿਤ ਹੋ ਚੁੱਕੀ ਇਸ ਫਿਲਮ ਵਿੱਚ ਅਦਾਕਾਰ ਜਗਜੀਤ ਸੰਧੂ ਅਤੇ ਅਦਾਕਾਰਾ ਫਿਦਾ ਗਿੱਲ ਵੱਲੋਂ ਲੀਡਿੰਗ ਕਿਰਦਾਰ ਅਦਾ ਕੀਤੇ ਗਏ ਹਨ, ਜਿੰਨ੍ਹਾਂ ਤੋਂ ਇਲਾਵਾ ਇਸ ਦੇ ਕਲਾਕਾਰਾਂ ਵਿੱਚ ਰਾਣਾ ਜੰਗ ਬਹਾਦਰ, ਵਿੱਕੀ ਕੋਦੂ, ਅਮਜ਼ਦ ਰਾਣਾ, ਗੁਰਚੇਤ ਚਿੱਤਰਕਾਰ, ਦਮਨ ਸੰਧੂ, ਨੇਹਾ ਗਰੇਵਾਲ ਆਦਿ ਵੀ ਸ਼ੁਮਾਰ ਹਨ, ਜਿੰਨ੍ਹਾਂ ਨਾਲ ਅਦਾਕਾਰ ਰਵਿੰਦਰ ਮੰਡ ਖੁਦ ਵੀ ਮਹੱਤਵਪੂਰਨ ਭੂਮਿਕਾ ਦੁਆਰਾ ਦਰਸ਼ਕਾਂ ਦੇ ਸਨਮੁੱਖ ਹੋਏ ਹਨ।
ਸ਼ੂਟਿੰਗ ਅਤੇ ਸ਼ੋਅਜ਼ ਰੁਝੇਵਿਆਂ ਦੇ ਸਿਲਸਿਲੇ ਅਧੀਨ ਅੱਜਕੱਲ੍ਹ ਕੈਨੇਡਾ ਦੌਰੇ ਉਤੇ ਚੱਲ ਰਹੇ ਅਦਾਕਾਰ ਰਵਿੰਦਰ ਮੰਡ ਨੇ ਈਟੀਵੀ ਭਾਰਤ ਨਾਲ ਵਿਸ਼ੇਸ਼ ਗੱਲਬਾਤ ਕਰਦਿਆਂ ਦੱਸਿਆ ਕਿ ਲੇਖਕ ਦੇ ਤੌਰ ਉਤੇ ਉਨ੍ਹਾਂ ਦੀ ਇਹ ਫਿਲਮ ਪੂਰਨ ਮੰਨੋਰੰਜਨ ਦੇ ਤੌਰ ਉਤੇ ਬਣਾਈ ਗਈ ਹੈ, ਜਿਸ ਦੇ ਡਾਇਲਾਗਾਂ ਨੂੰ ਉਨ੍ਹਾਂ ਵੱਲੋਂ ਮਿਆਰੀ ਮਾਪਦੰਡਾਂ ਅਧੀਨ ਸਿਰਜਿਆ ਗਿਆ ਹੈ, ਤਾਂ ਕਿ ਹਰ ਵਰਗ ਚਾਹੇ ਉਹ ਨੌਜਵਾਨ ਹੋਣ, ਬਜ਼ੁਰਗ ਜਾਂ ਮਹਿਲਾਵਾਂ ਇੰਨ੍ਹਾਂ ਦਾ ਸਹਿਜਤਾ ਨਾਲ ਆਨੰਦ ਮਾਣ ਸਕਣ।
ਹਾਲ ਹੀ ਦੇ ਸਮੇਂ ਦੌਰਾਨ ਸਾਹਮਣੇ ਆਈਆਂ ਕਈ ਵੱਡੀਆਂ ਅਤੇ ਬਹੁ ਚਰਚਿਤ ਫਿਲਮਾਂ ਦਾ ਅਦਾਕਾਰ ਦੇ ਰੂਪ ਵਿੱਚ ਸ਼ਾਨਦਾਰ ਹਿੱਸਾ ਰਹੇ ਅਦਾਕਾਰ ਰਵਿੰਦਰ ਮੰਡ, ਜੋ ਆਉਣ ਵਾਲੇ ਦਿਨਾਂ ਵਿੱਚ ਕਈ ਹੋਰ ਬਿੱਗ ਸੈੱਟਅੱਪ ਅਤੇ ਮਲਟੀ-ਸਟਾਰਰ ਫਿਲਮਾਂ ਵਿੱਚ ਅਦਾਕਾਰ ਅਤੇ ਲੇਖਕ ਦੇ ਤੌਰ ਉਤੇ ਅਪਣੀ ਬਹੁ-ਆਯਾਮੀ ਕਲਾ ਸਮਰੱਥਾ ਦਾ ਇਜ਼ਹਾਰ ਕਰਵਾਉਣਗੇ।
ਇਹ ਵੀ ਪੜ੍ਹੋ: