ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਚਰਚਿਤ ਜੋੜੀ ਵਜੋਂ ਆਪਣਾ ਸ਼ੁਮਾਰ ਕਰਵਾਉਣ ਵੱਲ ਵੱਧ ਰਹੇ ਹਨ ਗਾਇਕ ਆਰ ਨੇਤ ਅਤੇ ਗਾਇਕਾ ਸ਼ਿਪਰਾ ਗੋਇਲ, ਜੋ ਆਪਣਾ ਨਵਾਂ ਦੋਗਾਣਾ ਟਰੈਕ 'ਕਿਨ੍ਹਾਂ ਪਿਆਰ ਕਰਾਂ' ਲੈ ਕੇ ਇੱਕ ਵਾਰ ਮੁੜ ਸਰੋਤਿਆਂ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿੰਨ੍ਹਾਂ ਦਾ ਇਹ ਚਰਚਿਤ ਗਾਣਾ 16 ਅਪ੍ਰੈਲ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਹੋਵੇਗਾ।
'ਸ਼ਿਪਰਾ ਗੋਇਲ ਰਿਕਾਰਡਜ਼' ਦੇ ਲੇਬਲ ਅਧੀਨ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤੇ ਜਾ ਰਹੇ ਇਸ ਦੋਗਾਣਾ ਟਰੈਕ ਦੇ ਬੋਲ ਵੀ ਆਰ ਨੇਤ ਨੇ ਲਿਖੇ ਹਨ, ਜਦਕਿ ਸੰਗੀਤ ਸ਼ੈਰੀ ਨੈਕਸਸ ਦੁਆਰਾ ਸੰਗੀਤਬੱਧ ਕੀਤਾ ਗਿਆ ਹੈ, ਜਿੰਨ੍ਹਾਂ ਦੀ ਟੀਮ ਅਨੁਸਾਰ ਨੌਜਵਾਨੀ ਮਨਾਂ ਦੀ ਤਰਜ਼ਮਾਨੀ ਕਰਦੇ ਇਸ ਸਦਾ ਬਹਾਰ ਗਾਣੇ ਨੂੰ ਬਹੁਤ ਹੀ ਅਨੂਠੇ ਸੰਗੀਤਕ ਸੁਮੇਲ ਅਧੀਨ ਤਿਆਰ ਕੀਤਾ ਗਿਆ ਹੈ, ਜੋ ਨਿਵੇਕਲੀ ਸੰਗੀਤਕ ਤਰੋ-ਤਾਜ਼ਗੀ ਦਾ ਅਹਿਸਾਸ ਵੀ ਸੁਣਨ ਵਾਲਿਆਂ ਨੂੰ ਕਰਵਾਏਗਾ।
ਹਾਲ ਹੀ ਵਿੱਚ ਰਿਲੀਜ਼ ਹੋਏ ਆਪਣੇ ਦੋਗਾਣਾ ਟਰੈਕ 'ਤੇਰੇ ਬਿਨ' ਨੂੰ ਲੈ ਕੇ ਵੀ ਖਾਸੀ ਚਰਚਾ ਅਤੇ ਸਲਾਹੁਤਾ ਹਾਸਿਲ ਕਰ ਚੁੱਕੇ ਹਨ ਆਰ ਨੇਤ ਅਤੇ ਸ਼ਿਪਰਾ ਗੋਇਲ, ਜਿੰਨ੍ਹਾਂ ਦਾ ਬੈਕ ਟੂ ਬੈਕ ਇਹ ਦੂਸਰਾ ਸੰਗੀਤਕ ਪ੍ਰੋਜੈਕਟ ਹੈ, ਜਿਸ ਨੂੰ ਲੈ ਕੇ ਇਹ ਬਾਕਮਾਲ ਗਾਇਕ ਜੋੜੀ ਇਨੀਂ ਦਿਨੀਂ ਕਾਫੀ ਉਤਸ਼ਾਹਿਤ ਨਜ਼ਰ ਆ ਰਹੀ ਹੈ।
ਸੰਗੀਤਕ ਖੇਤਰ ਵਿੱਚ ਪੜਾਅ ਦਰ ਪੜਾਅ ਹੋਰ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੀ ਉਕਤ ਫਨਕਾਰ ਜੋੜੀ ਦੇ ਹਾਲੀਆ ਸੰਗੀਤਕ ਸਫ਼ਰ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇਸ ਗੱਲ ਦਾ ਅਹਿਸਾਸ ਸਹਿਜੇ ਹੀ ਹੋ ਜਾਂਦਾ ਹੈ ਕਿ ਇਹ ਦੋਵੇਂ ਹੀ ਆਪਣੀ ਆਪਣੀ ਪਹਿਚਾਣ ਦਾ ਦਾਇਰਾ ਗਾਇਕ-ਗਾਇਕਾ ਦੇ ਤੌਰ 'ਤੇ ਵੀ ਲਗਾਤਾਰ ਹੋਰ ਵਿਸ਼ਾਲ ਕਰਦੇ ਜਾ ਰਹੇ ਹਨ, ਜਿੰਨ੍ਹਾਂ ਵੱਲੋਂ ਵੱਖ-ਵੱਖ ਗਾਇਕਾ ਅਤੇ ਗਾਇਕਾਵਾਂ ਨਾਲ ਕੀਤੀ ਜਾ ਰਹੀ ਗਾਇਨ ਕਲੋਬਰੇਸ਼ਨ ਵੀ ਇੰਨਾਂ ਦੀ ਪਹਿਚਾਣ ਨੂੰ ਹੋਰ ਪੁਖ਼ਤਗੀ ਦੇਣ ਅਤੇ ਵਜੂਦ ਨੂੰ ਹੋਰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾ ਰਹੀ ਹੈ, ਜਿਸ ਦਾ ਅਹਿਸਾਸ ਉਨਾਂ ਦੇ ਬੀਤੇ ਦਿਨਾਂ ਦੌਰਾਨ ਸਾਹਮਣੇ ਆਏ ਕਈ ਟਰੈਕ ਭਲੀਭਾਂਤ ਕਰਵਾ ਚੁੱਕੇ ਹਨ।
ਪੰਜਾਬ ਤੋਂ ਲੈ ਕੇ ਦੁਨੀਆ-ਭਰ ਵਿੱਚ ਆਪਣੀ ਵਿਲੱਖਣ ਗਾਇਕੀ ਦਾ ਲੋਹਾ ਮਨਵਾਉਂਦੇ ਜਾ ਰਹੇ ਆਰ ਨੇਤ ਅਤੇ ਸ਼ਿਪਰਾ ਗੋਇਲ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਅਲਹਦਾ-ਅਲਹਦਾ ਰੂਪ ਵਿੱਚ ਸਾਹਮਣੇ ਲਿਆਂਦੇ ਗਏ ਅਤੇ ਹਿੱਟ ਰਹੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨਾਂ ਵਿੱਚ 'ਜਿਗਰਾ ਭਾਲਦੀ ਐਂ' (ਆਰ ਨੇਤ-ਲਾਭ ਹੀਰਾ), 'ਬਾਈ ਕੋਲ'(ਆਰ ਨੇਤ- ਜੇਪੀ 47), 'ਅੱਗ ਵਰਗੀ' (ਸ਼ਿਪਰਾ ਗੋਇਲ), 'ਸ਼ਰਤ ਲਗਾ ਕੇ'(ਸ਼ਿਪਰਾ ਗੋਇਲ-ਜੱਸੀ ਗਿੱਲ) ਆਦਿ ਸ਼ੁਮਾਰ ਰਹੇ ਹਨ।