ਚੰਡੀਗੜ੍ਹ: ਪੰਜਾਬੀ ਸੰਗੀਤ ਜਗਤ ਵਿੱਚ ਅੱਜ 'ਧਰੂ ਤਾਰੇ' ਵਾਂਗ ਅਪਣੀ ਅਲਹਦਾ ਹੋਂਦ ਦਾ ਇਜ਼ਹਾਰ ਕਰਵਾ ਰਹੇ ਹਨ ਗਾਇਕ ਆਰ ਨੇਤ, ਜੋ ਅਪਣਾ ਨਵਾਂ ਗਾਣਾ 'ਦਮ ਰੱਖ ਦੀ' ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਕਰਨ ਜਾ ਰਹੇ ਹਨ, ਜਿਸ ਨੂੰ 08 ਅਗਸਤ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।
'ਆਰ ਨੇਤ' ਅਤੇ 'ਰਾਜਚੇਤ ਸ਼ਰਮਾ' ਵੱਲੋਂ ਅਪਣੇ ਘਰੇਲੂ ਸੰਗੀਤਕ ਲੇਬਲ ਅਧੀਨ ਪੇਸ਼ ਕੀਤੇ ਜਾ ਰਹੇ ਇਸ ਗਾਣੇ ਨੂੰ ਅਵਾਜ਼ ਅਤੇ ਬੋਲ ਦੇਣ ਦੇ ਨਾਲ-ਨਾਲ ਇਸ ਦੀ ਕੰਪੋਜੀਸ਼ਨ ਦੀ ਸਿਰਜਣਾ ਵੀ ਆਰ ਨੇਤ ਵੱਲੋਂ ਖੁਦ ਕੀਤੀ ਗਈ ਹੈ।
ਬੀਟ ਸਾਂਗ ਅਤੇ ਡਾਂਸ ਨੰਬਰ ਵਜੋਂ ਸਾਹਮਣੇ ਲਿਆਂਦੇ ਜਾ ਰਹੇ ਇਸ ਗਾਣੇ ਨੂੰ ਸਹਿ ਗਾਇਕਾ ਦੇ ਤੌਰ ਉਤੇ ਆਵਾਜ਼ ਉਭਰਦੀ ਗਾਇਕਾ ਸਿਮਰ ਕੌਰ ਵੱਲੋਂ ਦਿੱਤੀ ਗਈ ਹੈ, ਜਿੰਨ੍ਹਾਂ ਦੋਹਾਂ ਦੀ ਖੂਬਸੂਰਤ ਸੁਮੇਲਤਾ ਹੀ ਸੰਗੀਤਕ ਖੇਤਰ ਵਿੱਚ ਦਸਤਕ ਦੇਣ ਜਾ ਰਹੇ ਇਸ ਪ੍ਰਭਾਵਪੂਰਨ ਗਾਣੇ ਦਾ ਮਿਊਜ਼ਿਕ ਮਿਕਸ ਸਿੰਘ ਦੁਆਰਾ ਤਿਆਰ ਕੀਤਾ ਗਿਆ ਹੈ, ਜੋ ਇੰਨੀਂ ਦਿਨੀਂ ਉੱਚ-ਕੋਟੀ ਅਤੇ ਸਫ਼ਲ ਸੰਗੀਤਕਾਰਾਂ ਵਿੱਚ ਅਪਣੀ ਮੌਜ਼ੂਦਗੀ ਦਰਜ ਕਰਵਾ ਰਹੇ ਹਨ।
ਸੰਗੀਤਕ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ-ਬਿੰਦੂ ਬਣੇ ਇਸ ਗਾਣੇ ਸੰਬੰਧਤ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਬਣਾਇਆ ਗਿਆ ਹੈ, ਜਿਸ ਨੂੰ ਚਾਰ ਚੰਨ ਲਾਉਣ ਵਿੱਚ ਮਸ਼ਹੂਰ ਮਾਡਲ ਅਤੇ ਅਦਾਕਾਰਾ ਪ੍ਰਾਂਜਲ ਦਾਹੀਆ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਰਿਲੀਜ਼ ਹੋਣ ਜਾ ਰਹੀ ਬਹੁ-ਚਰਚਿਤ ਅਤੇ ਗੁਰਨਾਮ ਭੁੱਲਰ ਸਟਾਰਰ ਪੰਜਾਬੀ ਫਿਲਮ 'ਰੋਜ਼ ਰੋਜ਼ੀ ਤੇ ਗੁਲਾਬ' ਦੁਆਰਾ ਪਾਲੀਵੁੱਡ ਵਿੱਚ ਵੀ ਸ਼ਾਨਦਾਰ ਡੈਬਿਊ ਕਰਨ ਜਾ ਰਹੀ ਹੈ।
ਹਾਲ ਹੀ ਵਿੱਚ ਜਾਰੀ ਕੀਤੇ ਅਪਣੇ ਕਈ ਗਾਣਿਆਂ ਨਾਲ ਵੀ ਸੰਗੀਤ ਖੇਤਰ ਵਿੱਚ ਅਪਣੀ ਧੱਕ ਕਾਇਮ ਰੱਖਣ ਵਿੱਚ ਸਫ਼ਲ ਰਹੇ ਹਨ ਗਾਇਕ ਆਰ ਨੇਤ, ਜੋ ਬਤੌਰ ਗੀਤਕਾਰ ਅਤੇ ਕੰਪੋਜ਼ਰ ਵੀ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ।
ਪੜਾਅ-ਦਰ-ਪੜਾਅ ਨਵੇਂ ਅਯਾਮ ਕਾਇਮ ਕਰਦੇ ਜਾ ਰਹੇ ਗਾਇਕ, ਗੀਤਕਾਰ ਆਰ ਨੇਤ ਵੱਲੋਂ ਹਾਲ ਹੀ ਦੇ ਦਿਨਾਂ ਵਿੱਚ ਜਾਰੀ ਕੀਤੇ ਅਤੇ ਅਪਾਰ ਮਕਬੂਲੀਅਤ ਹਾਸਿਲ ਕਰਨ ਵਾਲੇ ਗਾਣਿਆਂ ਵੱਲ ਨਜ਼ਰਸਾਨੀ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਪੀਐਮਸੀਐਮ', 'ਤੇਰੇ ਬਿਨ', 'ਮਾਂ' ਆਦਿ ਸ਼ਾਮਿਲ ਰਹੇ ਹਨ।