ਚੰਡੀਗੜ੍ਹ: ਪੰਜਾਬੀ ਸਿਨੇਮਾ ਦੀ ਇੱਕ ਹੋਰ ਨਿਵੇਕਲੀ ਫਿਲਮ ਵਜੋਂ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਆਉਣ ਵਾਲੀ ਪੰਜਾਬੀ ਫਿਲਮ 'ਦਿਲ ਅਵਾਰਾ', ਜਿਸ ਦਾ ਰਸਮੀ ਐਲਾਨ ਅਤੇ ਪਹਿਲਾਂ ਲੁੱਕ ਜਾਰੀ ਕਰ ਦਿੱਤਾ ਗਿਆ ਹੈ।
ਹਾਲ ਹੀ ਵਿੱਚ ਰਿਲੀਜ਼ ਹੋਈਆਂ 'ਜੱਟ ਐਂਡ ਜੂਲੀਅਟ 3' ਜਿਹੀਆਂ ਕਈ ਬਹੁ-ਚਰਚਿਤ ਅਤੇ ਸੁਪਰ-ਡੁਪਰ ਹਿੱਟ ਪੰਜਾਬੀ ਫਿਲਮਾਂ ਦਾ ਨਿਰਮਾਣ ਕਰ ਚੁੱਕੇ 'ਵਾਈਟ ਹਿੱਲ ਸਟੂਡਿਓਜ਼' ਵੱਲੋਂ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਉਕਤ ਫਿਲਮ ਦਾ ਲੇਖਣ ਅਤੇ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਸਮਰ ਸਿੰਘ ਚੌਹਾਨ ਕਰਨਗੇ, ਜੋ ਇਸ ਤੋਂ ਪਹਿਲਾਂ ਬਤੌਰ ਐਸੋਸੀਏਟ ਨਿਰਦੇਸ਼ਕ ਕਈ ਵੱਡੀਆਂ ਪੰਜਾਬੀ ਫਿਲਮਾਂ ਦਾ ਹਿੱਸਾ ਰਹੇ ਹਨ।
ਪਾਲੀਵੁੱਡ ਵਿੱਚ ਬਤੌਰ ਨਿਰਦੇਸ਼ਕ ਇੱਕ ਨਵੀਂ ਅਤੇ ਸ਼ਾਨਦਾਰ ਸਿਨੇਮਾ ਪਾਰੀ ਦਾ ਅਗਾਜ਼ ਕਰਨ ਜਾ ਰਹੇ ਸਮਰ ਸਿੰਘ ਚੌਹਾਨ ਵੱਲੋਂ ਨਿਰਦੇਸ਼ਿਤ ਕੀਤੀ ਜਾ ਰਹੀ ਇਸ ਰੁਮਾਂਟਿਕ ਡਰਾਮਾ ਅਤੇ ਸੰਗੀਤਮਈ ਫਿਲਮ ਦੁਆਰਾ ਕਈ ਨਵੇਂ ਚਿਹਰੇ ਪੰਜਾਬੀ ਸਿਨੇਮਾ ਵਿੱਚ ਅਪਣੀ ਸ਼ਾਨਦਾਰ ਉਪ-ਸਥਿਤੀ ਦਾ ਇਜ਼ਹਾਰ ਕਰਵਾਉਣਗੇ, ਜਿੰਨ੍ਹਾਂ ਵਿੱਚ ਨਵਦੀਸ਼ ਅਰੋੜਾ, ਆਲੀਆ ਹਮੀਦੀ, ਮੋਨਿਕਾ ਸ਼ਰਮਾ, ਅੰਗਦ ਅਸੀਜਾ ਸ਼ੁਮਾਰ ਹਨ, ਜਿੰਨ੍ਹਾਂ ਤੋਂ ਇਲਾਵਾ ਵਰਸਟਾਈਲ ਐਕਟਰ ਮਿੰਟੂ ਕਾਪਾ ਵੀ ਇੱਕ ਨਵੇਂ ਅਵਤਾਰ ਵਿੱਚ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ।
ਨੌਜਵਾਨ ਮਨਾਂ ਦੀ ਤਰਜ਼ਮਾਨੀ ਕਰਦੀ ਅਤੇ ਖੂਬਸੂਰਤ ਕਹਾਣੀ ਅਧੀਨ ਬੁਣੀ ਗਈ ਉਕਤ ਫਿਲਮ ਦੇ ਨਿਰਮਾਤਾ ਗੁਣਬੀਰ ਸਿੰਘ ਸਿੱਧੂ, ਮਨਮੋਰਡ ਸਿੰਘ ਸਿੱਧੂ ਹਨ, ਜਿੰਨ੍ਹਾਂ ਵੱਲੋਂ ਵਿਸ਼ਾਲ ਕੈਨਵਸ ਅਧੀਨ ਬਣਾਈ ਜਾ ਰਹੀ ਇਸ ਫਿਲਮ ਦਾ ਸੰਗੀਤ ਸੰਨੀ ਇੰਦਰ, ਗੋਲਡ ਬੁਆਏ, ਵਿੰਦੂ ਕਿੰਗਰਾ, ਕਰੁਸ਼ ਮੂਜਿਕ ਅਤੇ ਮੁਨੀਸ਼ ਦੁਆਰਾ ਤਿਆਰ ਕੀਤਾ ਜਾ ਰਿਹਾ ਹੈ, ਜਦਕਿ ਗੀਤਾਂ ਦੇ ਬੋਲ ਕੁਮਾਰ, ਯੰਗਵੀਰ, ਸਮਰ ਸਿੰਘ ਚੌਹਾਨ ਨੇ ਰਚੇ ਹਨ।
ਮਨਮੋਹਕ ਸੰਗੀਤਬੱਧਤਾ ਦਾ ਅਹਿਸਾਸ ਕਰਵਾਉਣ ਜਾ ਰਹੀ ਇਸ ਫਿਲਮ ਦੇ ਗਾਣਿਆਂ ਨੂੰ ਮੰਨੇ-ਪ੍ਰਮੰਨੇ ਹਿੰਦੀ ਅਤੇ ਪੰਜਾਬੀ ਗਾਇਕ ਪਿੱਠਵਰਤੀ ਅਵਾਜ਼ਾਂ ਦੇਣਗੇ, ਜਿੰਨ੍ਹਾਂ ਵਿੱਚ ਅੰਕਿਤ ਤਿਵਾੜੀ, ਸ਼ਾਨ, ਜਯੋਤਿਕਾ ਤਾਂਗੜੀ, ਮਧੁਰ ਸ਼ਰਮਾ, ਹਸ਼ਮਤ ਸੁਲਤਾਨਾ, ਅਦਿਤੀ ਸ਼ਰਮਾ, ਨਾਜਿਮ ਅਲੀ ਸ਼ਾਮਿਲ ਹਨ।
'ਵਾਈਟ ਹਿੱਲ ਸਟੂਡੀਓ' ਵੱਲੋਂ 10 ਜਨਵਰੀ 2025 ਨੂੰ ਵਰਲਡ ਵਾਈਡ ਜਾਰੀ ਕੀਤੀ ਜਾਣ ਵਾਲੀ ਇਸ ਫਿਲਮ ਦੇ ਸਿਨੇਮਾਟੋਗ੍ਰਾਫ਼ਰੀ ਪੱਖ ਹਰਦੀਪ ਸਿੰਘ ਸੰਭਾਲਣਗੇ, ਜਦਕਿ ਪ੍ਰੋਡੋਕਸ਼ਨ ਹੈੱਡ ਦੀ ਜ਼ਿੰਮੇਵਾਰੀ ਨੂੰ ਚੰਨਾ ਮਾਵੀ ਅੰਜ਼ਾਮ ਦੇਣਗੇ।
ਇਹ ਵੀ ਪੜ੍ਹੋ: