ਚੰਡੀਗੜ੍ਹ: ਪੰਜਾਬੀ ਸਿਨੇਮਾ ਦੇ ਉੱਚ-ਕੋਟੀ ਐਕਟਰਜ਼ ਵਿੱਚ ਅੱਜਕੱਲ੍ਹ ਆਪਣੀ ਮੌਜੂਦਗੀ ਦਰਜ ਕਰਵਾ ਰਹੇ ਹਨ ਅਦਾਕਾਰ ਕਰਮਜੀਤ ਅਨਮੋਲ, ਜੋ ਅਪਣਾ ਨਵਾਂ ਗਾਣਾ 'ਯਾਰਾ ਵੇ 3' ਲੈ ਕੇ ਸਰੋਤਿਆ ਅਤੇ ਦਰਸ਼ਕਾਂ ਦੇ ਸਨਮੁੱਖ ਹੋਣ ਜਾ ਰਹੇ ਹਨ, ਜਿਸ ਨੂੰ ਉਨ੍ਹਾਂ ਵੱਲੋਂ ਜਲਦ ਹੀ ਸੰਗੀਤਕ ਮਾਰਕੀਟ ਵਿੱਚ ਜਾਰੀ ਕੀਤਾ ਜਾ ਰਿਹਾ ਹੈ।
ਸੰਗੀਤ ਪੇਸ਼ਕਰਤਾ ਦਲਬੀਰ ਸਿੰਘ ਯੂਕੇ ਵੱਲੋਂ ਪੇਸ਼ ਕੀਤੇ ਜਾ ਰਹੇ ਇਸ ਸਦਾ ਬਹਾਰ ਗਾਣੇ ਦਾ ਸੰਗੀਤ ਅਮਦਾਦ ਅਲੀ ਵੱਲੋਂ ਤਿਆਰ ਕੀਤਾ ਗਿਆ ਹੈ, ਜਦਕਿ ਇਸ ਦੇ ਬੋਲ ਮਸ਼ਹੂਰ ਗੀਤਕਾਰ ਕੁਲਦੀਪ ਕਡਿਆਰਾ ਵੱਲੋਂ ਲਿਖੇ ਗਏ ਹਨ, ਜੋ ਇਸ ਤੋਂ ਪਹਿਲਾਂ ਵੀ ਕਰਮਜੀਤ ਅਨਮੋਲ ਲਈ ਕਈ ਬਿਹਤਰੀਨ ਗਾਣਿਆਂ ਦੀ ਕਲਮਬੱਧਤਾ ਕਰ ਚੁੱਕੇ ਹਨ, ਜੋ ਮਕਬੂਲੀਅਤ ਦੇ ਨਵੇਂ ਅਯਾਮ ਕਾਇਮ ਕਰਨ ਵਿੱਚ ਵੀ ਸਫ਼ਲ ਰਹੇ ਹਨ।
ਪਿਆਰ-ਸਨੇਹ ਭਰੇ ਜਜ਼ਬਾਤਾਂ ਦੀ ਤਰਜ਼ਮਾਨੀ ਕਰਦੇ ਉਕਤ ਗਾਣੇ ਦਾ ਮਿਊਜ਼ਿਕ ਵੀਡੀਓ ਵੀ ਬੇਹੱਦ ਸ਼ਾਨਦਾਰ ਅਤੇ ਖੂਬਸੂਰਤ ਬਣਾਇਆ ਗਿਆ, ਜਿਸ ਦਾ ਫਿਲਮਾਂਕਣ ਰਾਜਸਥਾਨ ਦੇ ਜੈਸਲਮੇਰ ਅਤੇ ਆਸ-ਪਾਸ ਦੀਆਂ ਮਨਮੋਹਕ ਲੋਕੇਸ਼ਨਜ਼ ਉਪਰ ਕੀਤਾ ਗਿਆ ਹੈ।
ਬਿੱਗ ਸੈਟਅੱਪ ਅਤੇ ਵਿਸ਼ਾਲ ਕੈਨਵਸ ਅਧੀਨ ਫਿਲਮਾਏ ਗਏ ਉਕਤ ਸੰਗੀਤਕ ਵੀਡੀਓ ਨੂੰ ਚਾਰ ਚੰਨ ਲਾਉਣ ਵਿੱਚ ਡੀਓਪੀ ਗੁਰਵਿੰਦਰ ਸਿੱਧੂ ਵੱਲੋਂ ਵੀ ਅਹਿਮ ਭੂਮਿਕਾ ਨਿਭਾਈ ਗਈ ਹੈ, ਜੋ ਇਸ ਤੋਂ ਪਹਿਲਾਂ ਵੀ ਕਈ ਵੱਡੇ ਮਿਊਜ਼ਿਕ ਵੀਡੀਓ ਨੂੰ ਸੋਹਣਾ ਮੁਹਾਂਦਰਾ ਦੇਣ ਦਾ ਮਾਣ ਹਾਸਿਲ ਕਰ ਚੁੱਕੇ ਹਨ।
ਸਾਲ 2013 ਵਿੱਚ ਰਿਲੀਜ਼ ਹੋਈ ਅਤੇ ਸੁਪਰ ਡੁਪਰ ਹਿੱਟ ਰਹੀ ਪੰਜਾਬੀ ਫਿਲਮ 'ਜੱਟ ਬੁਆਏਜ਼: ਪੁੱਤ ਜੱਟਾਂ ਦੇ' ਵਿੱਚ ਸ਼ਾਮਿਲ ਕੀਤਾ ਗਿਆ ਅਤੇ ਕਰਮਜੀਤ ਅਨਮੋਲ ਵੱਲੋਂ ਪਲੇ ਬੈਕ ਕੀਤਾ ਗਿਆ ਗਾਣਾ 'ਯਾਰਾ ਵੇ' ਅਪਾਰ ਲੋਕਪ੍ਰਿਯਤਾ ਹਾਸਿਲ ਕਰਨ ਵਿੱਚ ਸਫ਼ਲ ਰਿਹਾ, ਜਿਸ ਦੀ ਤੀਜੀ ਕੜ੍ਹੀ ਦੇ ਰੂਪ ਵਿੱਚ ਹੀ ਸਾਹਮਣੇ ਲਿਆਂਦਾ ਜਾ ਰਿਹਾ ਹੈ ਉਕਤ ਗਾਣਾ, ਜੋ ਗੈਰ-ਫਿਲਮੀ ਗੀਤ ਵਜੋਂ 11 ਅਗਸਤ ਨੂੰ ਵੱਖ-ਵੱਖ ਸੰਗੀਤਕ ਪਲੇਟਫ਼ਾਰਮ ਉਪਰ ਜਾਰੀ ਕੀਤਾ ਜਾ ਰਿਹਾ ਹੈ।