ਚੰਡੀਗੜ੍ਹ: ਬਾਲੀਵੁੱਡ ਦੀ ਚਰਚਿਤ ਅਦਾਕਾਰਾ ਅਮਾਇਰਾ ਦਸਤੂਰ ਅਤੇ ਪੰਜਾਬੀ ਗਾਇਕ ਅਤੇ ਅਦਾਕਾਰ ਜੱਸੀ ਗਿੱਲ ਦੀ ਪੰਜਾਬੀ ਫਿਲਮ ‘ਫੁਰਤੀਲਾ’ 26 ਅਪ੍ਰੈਲ ਨੂੰ ਰਿਲੀਜ਼ ਹੋਣ ਜਾ ਰਹੀ ਹੈ, ਜਿਸ ਨੂੰ ਲੈ ਇਹ ਦੋਨੋਂ ਚਰਚਿਤ ਚਿਹਰੇ ਇੰਨੀਂ ਦਿਨੀਂ ਕਾਫ਼ੀ ਉਤਸ਼ਾਹਿਤ ਨਜ਼ਰ ਆ ਰਹੇ ਹਨ, ਜੋ ਪਹਿਲੀ ਵਾਰ ਆਨ ਸਕ੍ਰੀਨ ਜੋੜੀ ਦੇ ਰੂਪ ਵਿੱਚ ਦਰਸ਼ਕਾਂ ਦੇ ਸਨਮੁੱਖ ਹੋਣਗੇ।
'ਓਟ ਫਿਲਮਜ਼' ਦੇ ਬੈਨਰ ਹੇਠ ਬਣਾਈ ਗਈ ਉਕਤ ਮਿਊਜ਼ਿਕਲ ਪ੍ਰੇਮ ਕਹਾਣੀ ਦਾ ਨਿਰਦੇਸ਼ਨ ਨੌਜਵਾਨ ਅਤੇ ਪ੍ਰਤਿਭਾਵਾਨ ਫਿਲਮਕਾਰ ਅਮਰ ਹੁੰਦਲ ਵੱਲੋਂ ਕੀਤਾ ਗਿਆ ਹੈ, ਜੋ 'ਵਾਰਨਿੰਗ', 'ਵਾਰਨਿੰਗ 2', 'ਬੱਬਰ' ਆਦਿ ਜਿਹੀਆਂ ਕਈ ਸਫਲ ਅਤੇ ਬਹੁ-ਚਰਚਿਤ ਐਕਸ਼ਨ ਫਿਲਮਾਂ ਦਾ ਨਿਰਦੇਸ਼ਨ ਕਰ ਚੁੱਕੇ ਹਨ ਅਤੇ ਉਕਤ ਫਿਲਮ ਦੁਆਰਾ ਪਹਿਲੀ ਵਾਰ ਆਪਣੇ ਐਕਸ਼ਨ ਪੈਟਰਨ ਤੋਂ ਵੱਖਰੀ ਵੰਨਗੀ ਦੀ ਫਿਲਮ ਲੈ ਕੇ ਸਾਹਮਣੇ ਆ ਰਹੇ ਹਨ।
ਪੰਜਾਬੀ ਸਿਨੇਮਾ ਗਲਿਆਰਿਆਂ ਵਿੱਚ ਖਿੱਚ ਅਤੇ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਨੂੰ ਲੈ ਗੱਲ ਕਰਦਿਆਂ ਅਦਾਕਾਰ-ਗਾਇਕ ਜੱਸੀ ਗਿੱਲ ਨੇ ਕਿਹਾ ਕਿ 'ਪਿਛਲੇ ਦੋ-ਤਿੰਨ ਸਾਲਾਂ ਤੋਂ ਮੈਂ ਕੋਈ ਫਿਲਮ ਨਹੀਂ ਕੀਤੀ, ਕਿਉਂਕਿ ਮੈਂ ਅਜਿਹੀ ਫਿਲਮ ਕਰਨਾ ਚਾਹੁੰਦਾ ਸੀ ਜਿਸਦਾ ਸੰਕਲਪ ਅਤੇ ਵਿਸ਼ਾ ਸਾਰ ਬਿਲਕੁਲ ਵੱਖਰਾ ਹੋਵੇ ਅਤੇ ਉਕਤ ਫਿਲਮ ਇਸ ਕਸੌਟੀ 'ਤੇ ਖਰੀ ਉਤਰਦੀ ਲੱਗੀ, ਇਸੇ ਕਾਰਨ ਇਸ ਫਿਲਮ ਦਾ ਹਿੱਸਾ ਬਣਨਾ ਪਸੰਦ ਕੀਤਾ। ਇਹ ਇੱਕ ਵਿਲੱਖਣਤਾ ਭਰੀ ਲਵ ਸਟੋਰੀ ਹੈ, ਜਿਸ ਵਿਚਲੇ ਆਪਣੇ ਕਿਰਦਾਰ ਨੂੰ ਪ੍ਰਭਾਵੀ ਅਤੇ ਸੱਚਾ ਰੂਪ ਦੇਣ ਲਈ ਆਪਣੇ ਵੱਲੋਂ ਪੂਰੀ ਮਿਹਨਤ ਕਰਨ ਅਤੇ ਸੋ ਫੀਸਦੀ ਦੇਣ ਦੀ ਕੋਸ਼ਿਸ਼ ਕੀਤੀ ਹੈ, ਉਮੀਦ ਕਰਦਾ ਦਰਸ਼ਕ ਅਤੇ ਚਾਹੁੰਣ ਵਾਲੇ ਇਸ ਅਲਹਦਾ ਰੋਲ ਵਿੱਚ ਪਸੰਦ ਕਰਨਗੇ।'
ਓਧਰ ਇਸ ਫਿਲਮ ਦੀ ਅਦਾਕਾਰਾ ਅਮਾਇਰਾ ਦਸਤੂਰ ਵੀ ਕਾਫ਼ੀ ਆਸਵੰਦ ਵਿਖਾਈ ਦੇ ਰਹੀ ਹੈ, ਜਿੰਨ੍ਹਾਂ ਅਨੁਸਾਰ ਹਾਲਾਂਕਿ ਇਸ ਤੋਂ ਪਹਿਲਾਂ ਵੀ 'ਐਨੀ ਹਾਓ ਮਿੱਟੀ ਪਾਓ' ਅਤੇ 'ਚਿੜੀਆ ਦਾ ਚੰਬਾ' ਜਿਹੀਆਂ ਉਮਦਾ ਅਤੇ ਅਰਥ-ਭਰਪੂਰ ਫਿਲਮਾਂ ਕਰ ਚੁੱਕੀ ਹਾਂ, ਪਰ ਫੁਰਤੀਲਾ ਵੀ ਕਾਫੀ ਪੱਖੋਂ ਮੇਰੇ ਲਈ ਖਾਸੀ ਮਹੱਤਤਾ ਰੱਖਦੀ ਹੈ, ਜਿਸ ਵਿੱਚੋਂ ਸਭ ਤੋਂ ਅਹਿਮ ਕਾਰਨ ਇਹ ਵੀ ਹੈ ਕਿ ਪਹਿਲੀ ਵਾਰ ਜੱਸੀ ਗਿੱਲ ਨਾਲ ਸਕ੍ਰੀਨ ਸ਼ੇਅਰ ਕਰਨ ਅਤੇ ਬਾਕਮਾਲ ਸਿਨੇਮਾ ਹੁਨਰਮੰਦੀ ਰੱਖਦੇ ਅਮਰ ਹੁੰਦਲ ਦੀ ਨਿਰਦੇਸ਼ਨਾਂ ਹੇਠ ਕੰਮ ਕਰਨ ਦਾ ਅਵਸਰ ਮਿਲਿਆ ਹੈ, ਜੋ ਬਹੁਤ ਹੀ ਯਾਦਗਾਰੀ ਸਿਨੇਮਾ ਅਨੁਭਵ ਰਿਹਾ ਹੈ।
ਹਿੰਦੀ ਤੋਂ ਬਾਅਦ ਪੰਜਾਬੀ ਫਿਲਮ ਇੰਡਸਟਰੀ ਵਿੱਚ ਵੀ ਮਜ਼ਬੂਤ ਪੈੜਾਂ ਸਿਰਜਣ ਵੱਲ ਵੱਧ ਰਹੀ ਇਸ ਖੂਬਸੂਰਤ ਅਦਾਕਾਰਾ ਨੇ ਦੱਸਿਆ ਕਿ ਜਲਦ ਹੀ ਉਹ ਕੁਝ ਹੋਰ ਪਾਲੀਵੁੱਡ ਪ੍ਰੋਜੈਕਟਸ ਦਾ ਵੀ ਹਿੱਸਾ ਬਣਨ ਜਾ ਰਹੀ ਹੈ, ਜਿਸ ਵਿੱਚ ਵੀ ਲੀਡਿੰਗ ਅਤੇ ਮਹੱਤਵਪੂਰਨ ਰੋਲਜ਼ ਅਦਾ ਕਰਨ ਜਾ ਰਹੀ ਹੈ।