ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਸਾਹਮਣੇ ਆ ਰਹੀਆਂ ਅਲਹਦਾ ਕੰਟੈਂਟ ਫਿਲਮਾਂ ਦੀ ਲੜੀ ਵਿੱਚ ਹੀ ਅਪਣਾ ਸ਼ੁਮਾਰ ਕਰਵਾਉਣ ਜਾ ਰਹੀ ਹੈ ਪੰਜਾਬੀ ਫਿਲਮ 'ਫ਼ਰਲੋ', ਜੋ ਰਿਲੀਜ਼ ਲਈ ਤਿਆਰ ਹੈ ਅਤੇ ਜਲਦ ਹੀ ਦੇਸ਼-ਵਿਦੇਸ਼ ਦੇ ਸਿਨੇਮਾਘਰਾਂ ਦਾ ਸ਼ਿੰਗਾਰ ਬਣਨ ਜਾ ਰਹੀ ਹੈ।
'ਰਾਊਂਡ ਸਕੁਏਅਰ ਪ੍ਰੋਡੋਕਸ਼ਨ' ਅਤੇ ਗੁਰਪ੍ਰੀਤ ਘੁੱਗੀ ਵੱਲੋਂ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦਾ ਨਿਰਮਾਣ ਗੁਰਲਵ ਸਿੰਘ ਰਟੌਲ ਅਤੇ ਪਰਵਿੰਦਰ ਸਿੰਘ ਵੱਲੋਂ ਕੀਤਾ ਗਿਆ ਹੈ, ਜਦਕਿ ਨਿਰਦੇਸ਼ਨ ਵਿਕਰਮ ਗਰੋਵਰ ਦੁਆਰਾ ਕੀਤਾ ਗਿਆ ਹੈ, ਜੋ ਇਸ ਤੋਂ ਪਹਿਲਾਂ ਜਿੱਥੇ ਕਈ ਵੱਡੀਆਂ ਪੰਜਾਬੀ ਫਿਲਮਾਂ ਦੇ ਕਾਰਜਕਾਰੀ ਨਿਰਮਾਤਾ ਦੀ ਕਮਾਂਡ ਸੰਭਾਲ ਚੁੱਕੇ ਹਨ, ਉੱਥੇ 'ਸਨ ਆਫ਼ ਮਨਜੀਤ ਸਿੰਘ' ਬਿਹਤਰੀਨ ਫਿਲਮ ਵੀ ਬਤੌਰ ਨਿਰਦੇਸ਼ਕ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੇ ਹਨ, ਜਿੰਨ੍ਹਾਂ ਦੀ ਫਿਲਮਕਾਰ ਦੇ ਰੂਪ ਵਿੱਚ ਬਣਾਈ ਜਾ ਰਹੀ ਉਕਤ ਦੂਜੀ ਫਿਲਮ ਹੈ।
ਪੰਜਾਬ ਦੇ ਦੁਆਬਾ ਅਤੇ ਮੋਹਾਲੀ ਆਦਿ ਖੇਤਰਾਂ ਵਿੱਚ ਫਿਲਮਾਈ ਗਈ ਉਕਤ ਫਿਲਮ ਨਾਲ ਅਦਾਕਾਰ ਗੁਰਪ੍ਰੀਤ ਘੁੱਗੀ ਬਤੌਰ ਨਿਰਮਾਤਾ ਵੀ ਇੱਕ ਹੋਰ ਨਵੀਂ ਸਿਨੇਮਾ ਸ਼ੁਰੂਆਤ ਕਰਨ ਜਾ ਰਹੇ ਹਨ, ਜੋ ਅਦਾਕਾਰ ਦੇ ਤੌਰ ਉਤੇ ਇਸ ਫਿਲਮ ਵਿੱਚ ਲੀਡ ਰੋਲ ਅਦਾ ਕਰਦੇ ਨਜ਼ਰੀ ਪੈਣਗੇ।
ਉਨ੍ਹਾਂ ਤੋਂ ਇਲਾਵਾ ਇਸ ਫਿਲਮ ਨਾਲ ਜੁੜੇ ਹੋਰਨਾਂ ਕਲਾਕਾਰਾਂ 'ਚ ਲਵ ਗਿੱਲ, ਗੁਰਿੰਦਰ ਮਕਣਾ, ਹਨੀ ਮੱਟੂ ਵੀ ਮਹੱਤਵਪੂਰਨ ਅਤੇ ਸਪੋਰਟਿੰਗ ਕਿਰਦਾਰਾਂ ਵਿੱਚ ਹਨ। ਡਰਾਮਾ, ਐਕਸ਼ਨ ਅਤੇ ਭਾਵਨਾਤਮਕ ਵਿਸ਼ੇ ਸਾਰ ਅਤੇ ਦਿਲ ਟੁੰਬਵੀਂ ਕਹਾਣੀ ਅਧੀਨ ਬਣਾਈ ਗਈ ਉਕਤ ਫਿਲਮ ਦੇ ਸਿਨੇਮਾਟੋਗ੍ਰਾਫ਼ਰ ਨੀਤੂ ਇਕਬਾਲ ਸਿੰਘ ਹਨ, ਜਿੰਨ੍ਹਾਂ ਦੁਆਰਾ ਖੂਬਸੂਰਤ ਸਾਂਚੇ ਵਿੱਚ ਢਾਲੀ ਗਈ ਇਹ ਫਿਲਮ 10 ਜਨਵਰੀ 2025 ਨੂੰ ਸਿਨੇਮਾਘਰਾਂ ਵਿੱਚ ਆਉਣ ਲਈ ਪੂਰੀ ਤਰ੍ਹਾਂ ਤਿਆਰ ਹੈ, ਜੋ ਵੱਡੇ ਪੱਧਰ ਉੱਪਰ ਵਰਲਡ-ਵਾਈਡ ਰਿਲੀਜ਼ ਕੀਤੀ ਜਾ ਰਹੀ ਹੈ।
ਬਾਲੀਵੁੱਡ ਦੇ ਸੁਪ੍ਰਸਿੱਧ ਕਾਮੇਡੀਅਨ ਕਪਿਲ ਸ਼ਰਮਾ ਦੇ ਕਰੀਬੀ ਦੋਸਤ ਅਤੇ ਪਰਿਵਾਰਿਕ ਮੈਂਬਰ ਵਾਂਗ ਮੰਨੇ ਜਾਂਦੇ ਹਨ ਨਿਰਦੇਸ਼ਕ ਵਿਕਰਮ ਗਰੋਵਰ, ਜਿੰਨ੍ਹਾਂ ਵੱਲੋਂ ਨਿਰਦੇਸ਼ਕ ਦੇ ਰੂਪ ਵਿੱਚ ਬਣਾਈ ਗਈ 'ਸੰਨ ਆਫ ਮਨਜੀਤ ਸਿੰਘ' ਦਾ ਨਿਰਮਾਣ ਵੀ ਕਪਿਲ ਸ਼ਰਮਾ ਵੱਲੋਂ ਹੀ ਕੀਤਾ ਗਿਆ ਸੀ, ਜੋ ਦਰਸ਼ਕਾਂ ਅਤੇ ਆਲੋਚਕਾਂ ਵੱਲੋਂ ਕਾਫ਼ੀ ਸਰਾਹੀ ਗਈ।
ਇਹ ਵੀ ਪੜ੍ਹੋ: