ਚੰਡੀਗੜ੍ਹ: ਪੰਜਾਬੀ ਫਿਲਮ ਜਗਤ ਵਿੱਚ ਸਥਾਪਤੀ ਲਈ ਪਿਛਲੇ ਲੰਮੇਂ ਸਮੇਂ ਤੋਂ ਸ਼ੰਘਰਸ਼ਸ਼ੀਲ ਹਨ ਅਦਾਕਾਰ ਗਿਤਾਜ ਬਿੰਦਰਖੀਆ, ਜਿੰਨ੍ਹਾਂ ਦੀ ਨਵੀਂ ਫਿਲਮ 'ਰੱਬ ਫੇਰ ਮਿਲਾਵੇ' ਦਾ ਐਲਾਨ ਕਰ ਦਿੱਤਾ ਗਿਆ ਹੈ, ਜਿਸ ਨੂੰ ਨੌਜਵਾਨ ਫਿਲਮਕਾਰ ਗੌਰਵ ਬੱਬਰ ਨਿਰਦੇਸ਼ਿਤ ਕਰਨਗੇ, ਜੋ ਖੁਦ ਇਸ ਫਿਲਮ ਨਾਲ ਇੱਕ ਹੋਰ ਪ੍ਰਭਾਵੀ ਪਾਰੀ ਦੇ ਆਗਾਜ਼ ਵੱਲ ਵਧਣ ਜਾ ਰਹੇ ਹਨ।
'ਸੇਵਨ ਸੀਜ਼ ਪ੍ਰੋਡੋਕਸ਼ਨ' ਦੇ ਬੈਨਰ ਹੇਠ ਬਣਾਈ ਅਤੇ ਪੇਸ਼ ਕੀਤੀ ਜਾ ਰਹੀ ਇਸ ਫਿਲਮ ਵਿੱਚ ਗਿਤਾਜ ਬਿੰਦਰਖੀਆ ਅਤੇ ਸ਼ਰਨ ਕੌਰ ਲੀਡ ਜੋੜੀ ਵਜੋਂ ਨਜ਼ਰ ਆਉਣਗੇ, ਜਿੰਨ੍ਹਾਂ ਤੋਂ ਇਲਾਵਾ ਪੰਜਾਬੀ ਸਿਨੇਮਾ ਨਾਲ ਜੁੜੇ ਕਈ ਹੋਰ ਨਾਮਵਰ ਚਿਹਰੇ ਵੀ ਮਹੱਤਵਪੂਰਨ ਕਿਰਦਾਰਾਂ ਵਿੱਚ ਵਿਖਾਈ ਦੇਣਗੇ।
ਰੁਮਾਂਟਿਕ-ਡਰਾਮਾ ਕਹਾਣੀਸਾਰ ਅਧੀਨ ਨਿਰਮਿਤ ਕੀਤੀ ਜਾ ਰਹੀ ਉਕਤ ਫਿਲਮ ਦਾ ਨਿਰਮਾਣ ਰਿਤਿਕ ਬਾਂਸਲ ਕਰ ਰਹੇ ਹਨ, ਜਿੰਨ੍ਹਾਂ ਦੀ ਟੀਮ ਅਨੁਸਾਰ ਸੰਗੀਤਮਈ ਪ੍ਰੇਮ ਥੀਮ ਅਧਾਰਿਤ ਇਸ ਫਿਲਮ ਦਾ ਲੇਖਨ ਗੁਰਲਵ ਸਿੰਘ ਰਟੌਲ ਅਤੇ ਪਰਮਿੰਦਰ ਸਿੰਘ ਕਰ ਰਹੇ ਹਨ, ਜੋ ਇਸ ਤੋਂ ਪਹਿਲਾਂ ਕਈ ਵੱਡੀਆਂ ਪੰਜਾਬੀ ਫਿਲਮਾਂ ਨੂੰ ਸ਼ਾਨਦਾਰ ਵਜ਼ੂਦ ਦੇਣ ਵਿੱਚ ਅਹਿਮ ਭੂਮਿਕਾ ਨਿਭਾ ਚੁੱਕੇ ਹਨ।
ਸੰਗੀਤ ਜਗਤ ਦੀ ਦਿੱਗਜ ਸ਼ਖਸ਼ੀਅਤ ਰਹੇ ਮਰਹੂਮ ਸੁਰਜੀਤ ਬਿੰਦਰਖੀਆ ਦੀ ਕਲਾ ਵਿਰਾਸਤ ਨੂੰ ਅੱਗੇ ਵਧਾਉਣ ਲਈ ਲਗਾਤਾਰ ਤਰੱਦਦਸ਼ੀਲ ਹਨ ਗਿਤਾਜ ਬਿੰਦਰਖੀਆ, ਜੋ ਇਸ ਤੋਂ ਪਹਿਲਾਂ ਕਈ ਬਿਹਤਰੀਨ ਅਤੇ ਬਹੁ-ਚਰਚਿਤ ਫਿਲਮਾਂ ਦਾ ਬਤੌਰ ਲੀਡ ਐਕਟਰ ਸ਼ਾਨਦਾਰ ਹਿੱਸਾ ਰਹੇ ਹਨ।
ਹਾਲਾਂਕਿ ਇੱਕ ਤੱਥ ਇਹ ਵੀ ਹੈ ਕਿ ਉਨ੍ਹਾਂ ਦੀ ਬਿਹਤਰੀਨ ਅਦਾਕਾਰੀ ਦੇ ਬਾਵਜੂਦ ਇੰਨ੍ਹਾਂ ਵਿੱਚੋ ਇੱਕ ਨੂੰ ਛੱਡ ਕੇ ਜਿਆਦਾਤਾਰ ਫਿਲਮਾਂ ਬਾਕਸ ਆਫਿਸ ਉਤੇ ਜਿਆਦਾ ਮੁਫਾਦਕਾਰੀ ਨਤੀਜੇ ਲਿਆਉਣ ਵਿੱਚ ਕਾਮਯਾਬ ਨਹੀਂ ਹੋ ਸਕੀਆਂ, ਪਰ ਇਸ ਸਭ ਕਾਸੇ ਦੇ ਬਾਵਜੂਦ ਸੁਖਦ ਗੱਲ ਇਹ ਰਹੀ ਹੈ ਕਿ ਇਸ ਅਸਫਲਤਾ ਨੂੰ ਦਰਕਿਨਾਰ ਕਰਦੇ ਹੋਏ ਗਿਤਾਜ ਅਪਣੀ ਸਿਨੇਮਾ ਪੈੜ ਬਣਾਉਣ ਲਈ ਲਗਾਤਾਰ ਜੀਅ ਜਾਨ ਨਾਲ ਜੁਟੇ ਹੋਏ ਹਨ, ਜਿੰਨ੍ਹਾਂ ਦੇ ਸਿਰੜ ਨਾਲ ਅਪਣੀ ਕਰਮਭੂਮੀ ਵਿੱਚ ਜੁਟੇ ਹੋਣ ਦਾ ਇਕ ਵਾਰ ਫਿਰ ਅਹਿਸਾਸ ਕਰਵਾਏਗੀ ਇਹ ਭਾਵਪੂਰਨ ਫਿਲਮ, ਜੋ ਜਲਦ ਹੀ ਆਨ ਫਲੌਰ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ।
ਗਾਇਕੀ ਦੀ ਬਜਾਏ ਅਦਾਕਾਰੀ ਵੱਲ ਜਿਆਦਾ ਝੁਕਾਅ ਰੱਖਦੇ ਗਿਤਾਜ ਬਿੰਦਰਖੀਆ ਦੀਆਂ ਹੁਣ ਤੱਕ ਦੇ ਸਿਨੇਮਾ ਕਰੀਅਰ ਦੌਰਾਨ ਕੀਤੀਆਂ ਫਿਲਮਾਂ ਦੀ ਗੱਲ ਕੀਤੀ ਜਾਵੇ ਤਾਂ ਇੰਨ੍ਹਾਂ ਵਿੱਚ 'ਮੋਹ' ਅਤੇ 'ਗੋਡੇ ਗੋਡੇ ਚਾਅ' ਆਦਿ ਸ਼ੁਮਾਰ ਰਹੀਆਂ ਹਨ।