ਚੰਡੀਗੜ੍ਹ: ਹਾਲ ਹੀ ਆਈ 'ਐਨੀਮਲ' ਦੀ ਸੁਪਰ ਡੁਪਰ ਕਾਮਯਾਬੀ ਨੇ ਬਾਲੀਵੁੱਡ ਅਦਾਕਾਰ ਬੌਬੀ ਦਿਓਲ ਦੇ ਕਰੀਅਰ ਨੂੰ ਚਾਰ ਚੰਨ ਲਾਉਣ ਵਿੱਚ ਅਹਿਮ ਭੂਮਿਕਾ ਨਿਭਾਈ ਹੈ, ਜਿਸ ਨਾਲ ਹਿੰਦੀ ਸਿਨੇਮਾ ਗਲਿਆਰਿਆਂ ਵਿੱਚ ਮੁੜ ਚਰਚਾ ਦਾ ਕੇਂਦਰ-ਬਿੰਦੂ ਬਣੇ ਇਹ ਬਿਹਤਰੀਨ ਐਕਟਰ ਅੱਜਕੱਲ੍ਹ ਸਾਊਥ ਸਿਨੇਮਾ ਖਿੱਤੇ 'ਚ ਵੀ ਨਵੇਂ ਆਯਾਮ ਸਿਰਜਣ ਵੱਲ ਅੱਗੇ ਵੱਧਦੇ ਜਾ ਰਹੇ ਹਨ, ਜਿੰਨਾਂ ਦੇ ਵਿਸ਼ਾਲਤਾ ਅਖ਼ਤਿਆਰ ਕਰਦੇ ਜਾ ਰਹੇ ਦਰਸ਼ਕ ਦਾਇਰੇ ਦਾ ਹੀ ਅਹਿਸਾਸ ਕਰਵਾਉਣ ਜਾ ਰਹੀ ਹੈ, ਉਨਾਂ ਦੀ ਨਵੀਂ ਫਿਲਮ ਕੰਗੂਵਾ, ਜਿਸ ਦੁਆਰਾ ਅਦਾਕਾਰ ਤਾਮਿਲ ਸਿਨੇਮਾ 'ਚ ਸ਼ਾਨਦਾਰ ਡੈਬਿਊ ਕਰਨ ਜਾ ਰਹੇ ਹਨ।
'ਪੈਨ ਸਟੂਡਿਓ ਅਤੇ ਡਾ. ਜਯੰਤੀਲਾਲ ਗਾਡਾ' ਵੱਲੋਂ ਪੇਸ਼ ਕੀਤੀ ਇਸ ਐਕਸ਼ਨ ਫਿਲਮ ਦਾ ਨਿਰਮਾਣ ਸਟੂਡਿਓ ਗਰੀਨ ਅਤੇ ਕੇਈ ਗਿਆਨਵਲ ਵੱਲੋਂ ਕੀਤਾ ਗਿਆ ਹੈ, ਜੋ ਸਾਊਥ ਫਿਲਮ ਜਗਤ ਦੇ ਦਿੱਗਜ ਫਿਲਮ ਨਿਰਮਾਣਕਾਰਾਂ ਵਿੱਚ ਅਪਣਾ ਸ਼ੁਮਾਰ ਕਰਵਾਉਂਦੇ ਹਨ ਅਤੇ ਬੇਸ਼ੁਮਾਰ ਬਲਾਕ-ਬਸਟਰ ਫਿਲਮਾਂ ਨਿਰਮਿਤ ਕਰ ਚੁੱਕੇ ਹਨ, ਜਿੰਨਾਂ ਵਿਚ 'ਸਿੰਘਮ', 'ਪਰੂਥੀਵੀਰਨ', 'ਸਿਰੂਥਾਈ', 'ਕੋਮਬਨ', 'ਨਾਨ ਮਹਾਨ', 'ਆਲਲਾ ', 'ਮਦਰਾਸ', 'ਟੇਡੀ', 'ਪਾਥੂਥਾਲਾ' ਆਦਿ ਸ਼ਾਮਿਲ ਰਹੀਆਂ ਹਨ।
ਪੈਨ ਇੰਡੀਆਂ ਰਿਲੀਜ਼ ਹੋਣ ਜਾ ਰਹੀ ਉਕਤ ਬਹੁ-ਚਰਚਿਤ ਤਾਮਿਲ ਫਿਲਮ ਦਾ ਨਿਰਦੇਸ਼ਨ ਸ਼ਿਵ ਨੇ ਕੀਤਾ ਹੈ, ਜਿੰਨਾਂ ਦੇ ਪ੍ਰਭਾਵੀ ਨਿਰਦੇਸ਼ਨ ਅਧੀਨ ਬਣੀ ਇਸ ਫਿਲਮ ਦਾ ਖਾਸ ਆਕਰਸ਼ਨ ਮਸ਼ਹੂਰ ਬਾਲੀਵੁੱਡ ਅਦਾਕਾਰਾ ਦਿਸ਼ਾ ਪਟਾਨੀ ਵੀ ਹੋਵੇਗੀ, ਜੋ ਕਾਫ਼ੀ ਮਹੱਤਵਪੂਰਨ ਕਿਰਦਾਰ ਵਿੱਚ ਨਜ਼ਰ ਆਵੇਗੀ।
ਹਿੰਦੀ ਤੋਂ ਇਲਾਵਾ 38 ਭਾਸ਼ਾਵਾਂ ਵਿੱਚ ਰਿਲੀਜ਼ ਹੋਣ ਜਾ ਰਹੀ ਇਸ ਫਿਲਮ ਦੁਆਰਾ ਆਪਣੇ ਤਾਮਿਲ ਡੈਬਿਊ ਨੂੰ ਲੈ ਕੇ ਡੈਸ਼ਿੰਗ ਐਕਟਰ ਬੌਬੀ ਦਿਓਲ ਇੰਨੀ ਦਿਨੀਂ ਬੇਹੱਦ ਉਤਸ਼ਾਹਿਤ ਵਿਖਾਈ ਦੇ ਰਹੇ ਹਨ, ਜਿੰਨਾਂ ਅਨੁਸਾਰ "ਇਹ ਰੋਲ ਮੇਰੇ ਕੰਫਰਟ ਜ਼ੋਨ ਤੋਂ ਬਾਹਰ ਰਿਹਾ ਹੈ, ਪਰ ਮੈਂ ਇਸ ਫਿਲਮ ਦੀ ਨਿਰਮਾਣ ਅਤੇ ਨਿਰਦੇਸ਼ਨ ਟੀਮ ਦਾ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹਾਂ, ਜਿੰਨਾਂ ਸਾਰਿਆਂ ਨੇ ਤਾਮਿਲ ਭਾਸ਼ਾ ਤੋਂ ਅਣਜਾਨ ਹੋਣ ਦੇ ਬਾਵਜੂਦ ਇੰਨਾਂ ਉਮਦਾ ਕੰਮ ਮੈਥੋਂ ਕਰਵਾ ਸਕਣ ਵਿੱਚ ਕਾਮਯਾਬੀ ਹਾਸਿਲ ਕੀਤੀ। ਪਰ ਹੁਣ ਸਾਊਥ ਦਰਸ਼ਕਾਂ ਦੇ ਮਿਲ ਰਹੇ ਪਿਆਰ ਸਨੇਹ ਬਾਅਦ ਇਸ ਜਗਤ ਦੀਆਂ ਭਾਸ਼ਾਵਾਂ ਵਿੱਚ ਵੀ ਪੂਰੀ ਮੁਹਾਰਤ ਹਾਸਲ ਕਰਾਂਗਾ, ਤਾਂ ਜੋ ਅੱਗੇ ਕੀਤੇ ਜਾਣ ਵਾਲੇ ਕਿਰਦਾਰਾਂ ਅਤੇ ਫਿਲਮਾਂ ਨੂੰ ਹੋਰ ਸੱਚਾ ਰੂਪ ਮਿਲ ਸਕੇ।"
ਸੰਦੀਪ ਰੈੱਡੀ ਵਾਂਗਾ ਨਿਰਦੇਸ਼ਿਤ 'ਐਨੀਮਲ' ਤੋਂ ਬਾਅਦ ਇਸ ਨਵੀਂ ਫਿਲਮ ਵਿੱਚ ਵੀ ਗ੍ਰੇ ਸ਼ੇਡ ਕਿਰਦਾਰ ਵਿੱਚ ਨਜ਼ਰ ਆਉਣਗੇ ਇਹ ਬਾਕਮਾਲ ਅਦਾਕਾਰ, ਜਿੰਨਾਂ ਦੇ ਕਰੀਅਰ ਲਈ ਟਰਨਿੰਗ ਪੁਆਇੰਟ ਸਾਬਿਤ ਹੋਈ ਹੈ 'ਐਨੀਮਲ', ਜੋ ਦੁਨੀਆ ਭਰ 'ਚ 737.50 ਕਰੋੜ ਰੁਪਏ ਦਾ ਸ਼ਾਨਦਾਰ ਕਲੈਕਸ਼ਨ ਕਰਨ ਵਿਚ ਸਫ਼ਲ ਰਹੀ ਹੈ ਅਤੇ ਹਾਲੇ ਤੱਕ ਇਸ ਦਾ ਅਸਰ ਸਿਨੇਮਾ ਸਨਅਤ ਵਿੱਚ ਪੂਰੀ ਤਰ੍ਹਾਂ ਕਾਇਮ ਹੈ।
ਓਧਰ ਜੇਕਰ ਬੌਬੀ ਦਿਓਲ ਦੇ ਮੌਜੂਦਾ ਵਰਕਫ੍ਰੰਟ ਦੀ ਗੱਲ ਕੀਤੀ ਜਾਵੇ ਤਾਂ ਇੰਨੀਂ ਦਿਨੀਂ ਉਹ ਕਈ ਵੱਡੀਆਂ ਫਿਲਮਾਂ ਅਤੇ ਵੈੱਬ ਸ਼ੋਅ ਦੀ ਸ਼ੂਟਿੰਗ ਵਿੱਚ ਬਿਜ਼ੀ ਹਨ। ਇਸ ਤੋਂ ਇਲਾਵਾ ਉਨਾਂ ਦੀ ਇੱਕ ਹੋਰ ਅਹਿਮ ਫਿਲਮ 'ਆਪਣੇ 2' ਵੀ ਜਲਦ ਸ਼ੁਰੂ ਹੋਣ ਜਾ ਰਹੀ ਹੈ, ਜਿਸ ਦਾ ਨਿਰਦੇਸ਼ਨ ਅਨਿਲ ਸ਼ਰਮਾ ਕਰਨਗੇ।