ਚੰਡੀਗੜ੍ਹ: 'ਬਿੱਗ ਬੌਸ' 13 ਤੋਂ ਹੀ ਸਭ ਦੀ ਹਰਮਨ ਪਿਆਰੀ ਸ਼ਹਿਨਾਜ਼ ਗਿੱਲ ਦੇ ਪਰਿਵਾਰ ਤੋਂ ਇੱਕ ਖੁਸ਼ੀ ਦੀ ਖਬਰ ਸੁਣਨ ਨੂੰ ਮਿਲ ਰਹੀ ਹੈ। ਦਰਅਸਲ, ਅਦਾਕਾਰਾ ਦੇ ਪਿਤਾ ਸੰਤੋਖ ਸਿੰਘ ਨੂੰ ਇੱਕ ਪੁਰਾਣੇ ਮਾਮਲੇ ਵਿੱਚ ਬਰੀ ਕਰ ਦਿੱਤਾ ਗਿਆ ਹੈ। ਆਓ ਇਸ ਪੂਰੇ ਮਾਮਲੇ ਬਾਰੇ ਵਿਸਥਾਰ ਨਾਲ ਜਾਣਦੇ ਹਾਂ।
ਕੀ ਸੀ ਪੂਰਾ ਮਾਮਲਾ: ਉਲੇਖਯੋਗ ਹੈ ਕਿ 2020 ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਉਤੇ ਇੱਕ ਔਰਤ ਵੱਲੋਂ ਬਲਾਤਕਾਰ ਦਾ ਮਾਮਲਾ ਦਰਜ ਕਰਵਾਇਆ ਗਿਆ ਸੀ। ਰਿਪੋਰਟਾਂ ਮੁਤਾਬਕ ਇੱਕ ਔਰਤ ਆਪਣੇ ਬੁਆਏਫ੍ਰੈਂਡ ਨੂੰ ਮਿਲਣ ਗਈ ਸੀ, ਜੋ ਕਿ ਸੰਤੋਖ ਸਿੰਘ ਦੇ ਘਰ ਰਹਿੰਦਾ ਸੀ। ਸੰਤੋਖ ਸਿੰਘ ਆਪਣੇ ਘਰ ਦੇ ਬਾਹਰ ਹੀ ਖੜ੍ਹੇ ਸਨ। ਉਨ੍ਹਾਂ ਨੇ ਉਸ ਔਰਤ ਨੂੰ ਉਸਦੇ ਬੁਆਏਫ੍ਰੈਂਡ ਨੂੰ ਮਿਲਾਉਣ ਦੀ ਗੱਲ ਕਹਿ ਕੇ ਗੱਡੀ ਵਿੱਚ ਬਿਠਾ ਲਿਆ। ਉਸ ਸਮੇਂ ਉਸ ਔਰਤ ਦਾ ਇਲਜ਼ਾਮ ਸੀ ਕਿ ਸੰਤੋਖ ਸਿੰਘ ਨੇ ਬੰਦੂਕ ਦੀ ਨੋਕ ਉਤੇ ਉਸ ਨਾਲ ਬਲਾਤਕਾਰ ਕੀਤਾ ਸੀ। ਹਾਲਾਂਕਿ ਹੁਣ ਉਹ ਇਸ ਪੂਰੇ ਮਾਮਲੇ ਉਤੇ ਬਰੀ ਹੋ ਗਏ ਹਨ।
ਜਿਉਂ ਹੀ ਅੱਜ (28 ਅਗਸਤ) ਬਾਬਾ ਬਕਾਲਾ ਸਾਹਿਬ ਅਦਾਲਤ ਨੇ ਸ਼ਹਿਨਾਜ਼ ਗਿੱਲ ਦੇ ਪਿਤਾ ਸੰਤੋਖ ਸਿੰਘ ਨੂੰ ਬਰੀ ਕੀਤੀ ਤਾਂ ਅਦਾਕਾਰਾ ਦੇ ਪਿਤਾ ਨੇ ਤਰੁੰਤ ਇੱਕ ਵੀਡੀਓ ਸਾਂਝੀ ਕੀਤੀ ਅਤੇ ਕਿਹਾ, 'ਸਤਿ ਸ੍ਰੀ ਅਕਾਲ ਜੀ, ਤੁਹਾਨੂੰ ਯਾਦ ਹੋਣਾ ਹੈ ਕਿ ਸਾਲ 2020 ਵਿੱਚ ਇੱਕ ਪਰਚਾ ਦਰਜ ਹੋਇਆ ਸੀ ਮੇਰੇ ਉਤੇ, ਜਿਸ ਵਿੱਚ ਕਿਹਾ ਸੀ ਕਿ ਮੈਂ ਰੇਪ ਕਰ ਦਿੱਤਾ। ਪੰਜਾਬ ਪੁਲਿਸ ਨੇ 376 ਦਾ ਕੇਸ ਦਰਜ ਕੀਤਾ ਸੀ, ਉਸ ਵਿੱਚ ਲੋਕਾਂ ਦੇ ਕਾਫੀ ਕਮੈਂਟ ਆਏ ਸਨ ਚੰਗੇ ਮਾੜੇ।'
ਆਪਣੀ ਗੱਲ ਜਾਰੀ ਰੱਖਦੇ ਹੋਏ ਉਨ੍ਹਾਂ ਨੇ ਕਿਹਾ, 'ਅੱਜ ਅਸੀਂ ਬਾਬਾ ਬਕਾਲਾ ਸਾਹਿਬ ਅਦਾਲਤ ਵਿੱਚ ਖੜ੍ਹੇ ਹਾਂ ਅਤੇ ਅੱਜ ਉਸ ਕੇਸ ਵਿੱਚੋਂ ਅੱਜ ਮੈਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਗਿਆ ਹੈ। ਮੇਰੇ ਨਾਲ ਮੇਰੇ ਵਕੀਲ ਵੀ ਹਨ। ਉਸ ਸਮੇਂ ਬਹੁਤ ਬੇਇੱਜ਼ਤੀ ਹੋਈ ਸੀ ਮੇਰੀ ਤਾਂ ਕਰਕੇ ਮੈਂ ਤੁਹਾਨੂੰ ਸੂਚਿਤ ਕਰ ਰਿਹਾ ਹਾਂ।'
ਇਸ ਦੌਰਾਨ ਜੇਕਰ ਸ਼ਹਿਨਾਜ਼ ਗਿੱਲ ਦੀ ਗੱਲ ਕਰੀਏ ਤਾਂ ਅਦਾਕਾਰਾ ਆਏ ਦਿਨ ਆਪਣੀ ਵੀਡੀਓਜ਼ ਅਤੇ ਤਸਵੀਰਾਂ ਕਾਰਨ ਚਰਚਾ ਦਾ ਵਿਸ਼ਾ ਬਣੀ ਰਹਿੰਦੀ ਹੈ। ਅਦਾਕਾਰਾ ਇਸ ਸਮੇਂ ਆਪਣੇ ਕਈ ਨਵੇਂ ਪ੍ਰੋਜੈਕਟਾਂ ਵਿੱਚ ਰੁੱਝੀ ਹੋਈ ਹੈ।