ਚੰਡੀਗੜ੍ਹ: ਆਖਰਕਾਰ ਉਹ ਦਿਨ ਆ ਗਿਆ ਜਿਸ ਦਾ ਪੰਜਾਬੀ ਸਿਨੇਮਾ ਪ੍ਰੇਮੀ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਜੀ ਹਾਂ, ਤੁਸੀਂ ਸਮਝ ਗਏ ਹੋਵੋਗੇ ਕਿ ਅਸੀਂ ਕਿਸ ਚੀਜ਼ ਦੀ ਗੱਲ ਕਰ ਰਹੇ ਹਾਂ, ਅਸੀਂ ਅੱਜ ਰਿਲੀਜ਼ ਹੋਈਆਂ ਦੋ ਪੰਜਾਬੀ ਫਿਲਮਾਂ ਦੀ ਗੱਲ ਕਰ ਰਹੇ ਹਾਂ, ਜਿੱਥੇ ਇੱਕ ਪਾਸੇ ਇੱਕ ਧਾਰਮਿਕ ਫਿਲਮ ਹੈ, ਉੱਥੇ ਹੀ ਦੂਜੇ ਪਾਸੇ ਐਕਸ਼ਨ ਫਿਲਮ ਹੈ। ਦੋਨਾਂ ਫਿਲਮਾਂ ਵਿੱਚੋਂ ਦਰਸ਼ਕ ਕਿਸ ਫਿਲਮ ਨੂੰ ਪਸੰਦ ਕਰਨਗੇ ਕੁੱਝ ਹੀ ਘੰਟਿਆਂ ਵਿੱਚ ਇਸ ਦਾ ਪਤਾ ਲੱਗ ਜਾਵੇਗਾ।
ਫਿਲਮ 'ਬੀਬੀ ਰਜਨੀ' ਬਾਰੇ: ਫਿਲਮ 'ਬੀਬੀ ਰਜਨੀ' ਸਿੱਖ ਇਤਿਹਾਸ ਵਿੱਚ ਖਾਸ ਸਥਾਨ ਰੱਖਦੀ ਬੀਬੀ ਰਜਨੀ ਦੇ ਜੀਵਨ, ਸੰਘਰਸ਼ ਅਤੇ ਵਿਸ਼ਵਾਸ਼ ਦੀ ਦਾਸਤਾ ਬਿਆਨ ਕਰਦੀ ਨਜ਼ਰ ਪੈ ਰਹੀ ਹੈ। ਇਸ ਫਿਲਮ ਵਿੱਚ ਰੂਪੀ ਗਿੱਲ ਨੇ ਬੀਬੀ ਰਜਨੀ ਦਾ ਅਤੇ ਦਿੱਗਜ ਅਦਾਕਾਰ ਯੋਗਰਾਜ ਸਿੰਘ ਨੇ ਦੁਨੀ ਚੰਦ ਦਾ ਕਿਰਦਾਰ ਨਿਭਾਇਆ ਹੈ। ਇੰਨ੍ਹਾਂ ਦਿੱਗਜ ਸਿਤਾਰਿਆਂ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਜੱਸ ਬਾਜਵਾ, ਗੁਰਪ੍ਰੀਤ ਵਰਗੇ ਮੰਝੇ ਹੋਏ ਕਲਾਕਾਰ ਮੁੱਖ ਭੂਮਿਕਾ ਵਿੱਚ ਹਨ। ਫਿਲਮ ਦੇ ਟ੍ਰੇਲਰ ਨੂੰ ਪ੍ਰਸ਼ੰਸਕਾਂ ਨੇ ਕਾਫੀ ਪਿਆਰ ਦਿੱਤਾ ਸੀ, ਹੁਣ ਦੇਖਣਾ ਬਾਕੀ ਹੈ ਕਿ ਫਿਲਮ ਸਿਨੇਮਾ ਪ੍ਰੇਮੀਆਂ ਨੂੰ ਪਸੰਦ ਆਵੇਗੀ ਜਾਂ ਨਹੀਂ।
ਫਿਲਮ 'ਗਾਂਧੀ 3' ਬਾਰੇ: ਇਸ ਦੇ ਨਾਲ ਹੀ 'ਗਾਂਧੀ 3' ਪੰਜਾਬੀ ਸਿਨੇਮਾ ਪ੍ਰੇਮੀਆਂ ਲਈ ਕਾਫੀ ਸਮੇਂ ਤੋਂ ਉਡੀਕੀ ਜਾ ਰਹੀ ਫਿਲਮ ਹੈ। ਇਸ ਫਿਲਮ ਦੇ ਪਹਿਲੇ ਦੋ ਭਾਗਾਂ ਨੂੰ ਪ੍ਰਸ਼ੰਸਕਾਂ ਨੇ ਮਣਾਂਮੂਹੀ ਪਿਆਰ ਦਿੱਤਾ ਸੀ। ਪਹਿਲੇ ਦੋ ਭਾਗ ਵਿੱਚ ਦੇਵ ਖਰੌੜ ਮੁੱਖ ਕਿਰਦਾਰ ਨਿਭਾਉਂਦੇ ਨਜ਼ਰ ਆਏ ਸਨ, ਇਸ ਭਾਗ ਵਿੱਚ ਵੀ ਅਦਾਕਾਰ ਦੇਵ ਖਰੌੜ ਹੀ ਐਕਸ਼ਨ ਕਰਦੇ ਨਜ਼ਰੀ ਪੈ ਰਹੇ ਹਨ। ਦੇਵ ਖਰੌੜ ਤੋਂ ਇਲਾਵਾ ਫਿਲਮ ਵਿੱਚ ਲੱਕੀ ਧਾਲੀਵਾਲ, ਨਵਦੀਪ ਕਲੇਰ, ਅਦਿਤੀ ਆਰਿਆ, ਧਨਵੀਰ ਸਿੰਘ, ਦਕਸ਼ਜੀਤ ਸਿੰਘ, ਜਿੰਮੀ ਸ਼ਰਮਾ, ਤਰਸੇਮ ਪਾਲ, ਰੁਪਿੰਦਰ ਰੂਪੀ, ਇੰਦਰ ਬਾਜਵਾ, ਨਗਿੰਦਰ ਗੱਖੜ, ਅੰਕਿਤਾ ਸੈਲੀ, ਕਰਮਜੀਤ ਬਰਾੜ, ਪਾਲੀ ਮਾਂਗਟ ਵਰਗੇ ਸ਼ਾਨਦਾਰ ਕਲਾਕਾਰ ਹਨ।
ਹੁਣ ਇੱਥੇ ਇਹ ਟੱਕਰ ਕਾਫੀ ਦਿਲਚਸਪ ਹੋਣ ਜਾ ਰਹੀ ਹੈ, ਕਿਹੜੀ ਫਿਲਮ ਦਰਸ਼ਕਾਂ ਨੂੰ ਖੁਸ਼ ਕਰਨ ਵਿੱਚ ਸਫ਼ਲ ਰਹੀ ਹੈ, ਇਹ ਅੱਜ ਦੇ ਕਲੈਕਸ਼ਨ ਵਿੱਚ ਸਾਫ਼ ਹੋ ਜਾਵੇਗਾ।