ਚੰਡੀਗੜ੍ਹ: ਦੇਸ਼-ਵਿਦੇਸ਼ 'ਚ ਰਿਲੀਜ਼ ਹੋਣ ਜਾ ਰਹੀ ਪੰਜਾਬੀ ਫਿਲਮ 'ਅਪਣੇ ਘਰ ਬੇਗਾਨੇ' ਦਾ ਲੇਖਨ ਅਤੇ ਨਿਰਦੇਸ਼ਨ ਕਰ ਚੁੱਕੇ ਬਲਰਾਜ ਸਿਆਲ ਵੱਲੋਂ ਅਪਣੀ ਇੱਕ ਹੋਰ ਨਵੀਂ ਪੰਜਾਬੀ ਫਿਲਮ 'ਜਿਗਰੀ' ਦਾ ਐਲਾਨ ਕੀਤਾ ਗਿਆ ਹੈ, ਜੋ ਜਲਦ ਆਨ ਫਲੌਰ ਪੜਾਅ ਵੱਲ ਵਧਣ ਜਾ ਰਹੀ ਹੈ।
ਨਿਰਮਾਤਾ ਰਾਹੁਲ ਬਜਾਜ ਅਤੇ ਵਿਰੇਨ ਸਿੰਘ ਵੱਲੋਂ ਨਿਰਮਿਤ ਕੀਤੀ ਜਾਣ ਵਾਲੀ ਉਕਤ ਫਿਲਮ ਸੰਬੰਧੀ ਮੁੱਢਲੀ ਜਾਣਕਾਰੀ ਸਾਂਝੀ ਕਰਦਿਆਂ ਲੇਖਕ ਅਤੇ ਨਿਰਦੇਸ਼ਕ ਬਲਰਾਜ ਸਿਆਲ ਨੇ ਦੱਸਿਆ ਕਿ ਮੇਨ ਸਟ੍ਰੀਮ ਸਿਨੇਮਾ ਦੀ ਲਕੀਰ ਤੋਂ ਬਿਲਕੁੱਲ ਹੱਟਵੇਂ ਰੂਪ ਵਿੱਚ ਬਣਾਈ ਜਾ ਰਹੀ ਇਹ ਫਿਲਮ ਅਟੁੱਟ ਦੋਸਤੀ, ਉਮਰਾਂ ਦੀ ਸਾਂਝ, ਤੁਹਾਡੀ-ਮੇਰੀ ਅਤੇ ਸਭ ਦੀ ਗੱਲ ਕਰੇਗੀ।
ਉਨ੍ਹਾਂ ਦੱਸਿਆ ਕਿ ਦਿਲ ਨੂੰ ਛੂਹ ਲੈਣ ਵਾਲੀ ਕਹਾਣੀ ਅਧਾਰਿਤ ਉਕਤ ਫਿਲਮ ਚਾਰ ਦੋਸਤਾਂ ਦੀ ਨਾਂ ਟੁੱਟਣ ਵਾਲੀ ਯਾਰੀ ਨੂੰ ਪ੍ਰਤੀਬਿੰਬ ਕਰੇਗੀ, ਜਿਸ ਦਰਮਿਆਨ ਜ਼ਿੰਦਗੀ ਅਤੇ ਦੋਸਤੀ ਦੇ ਸਮੇਂ ਦਰ ਸਮੇਂ ਬਦਲਦੇ ਰੰਗਾਂ ਦਾ ਵੀ ਭਾਵਪੂਰਨ ਵਰਣਨ ਕੀਤਾ ਜਾਵੇਗਾ।
ਸਾਲ 2025 ਦੇ ਵਿੰਟਰ ਸੀਜ਼ਨ 'ਚ ਦੁਨੀਆ ਭਰ ਦੇ ਸਿਨੇਮਾ ਘਰਾਂ ਵਿੱਚ ਪ੍ਰਦਰਸ਼ਿਤ ਹੋਣ ਵਾਲੀ ਉਕਤ ਫਿਲਮ ਦੀਆਂ ਪ੍ਰੀ-ਪ੍ਰੋਡੋਕਸ਼ਨ ਤਿਆਰੀਆਂ ਸ਼ੂਰੂ ਹੋ ਚੁੱਕੀਆਂ ਹਨ, ਜਿਸ ਦੀ ਸਟਾਰ-ਕਾਸਟ ਅਤੇ ਹੋਰ ਅਹਿਮ ਪਹਿਲੂਆਂ ਦਾ ਖੁਲਾਸਾ ਜਲਦ ਕੀਤਾ ਜਾਵੇਗਾ, ਜੋ ਹਾਲ ਫਿਲਹਾਲ ਰਿਵੀਲ ਨਹੀਂ ਕੀਤਾ ਗਿਆ।
ਟੈਲੀਵਿਜ਼ਨ ਦੀ ਦੁਨੀਆਂ ਵਿੱਚ ਬਤੌਰ ਸਟੈਂਡ-ਅੱਪ ਕਾਮੇਡੀਅਨ ਅਤੇ ਹੌਸਟ ਪੱਖੋਂ ਚੌਖੀ ਭੱਲ ਸਥਾਪਿਤ ਕਰ ਚੁੱਕੇ ਹਨ ਬਲਰਾਜ ਸਿਆਲ, ਜੋ ਕਈ ਬਹੁ-ਚਰਚਿਤ ਅਤੇ ਮਲਟੀ-ਸਟਾਰਰ ਪੰਜਾਬੀ ਫਿਲਮਾਂ ਦੇ ਲੇਖਣ ਦੀ ਕਮਾਂਡ ਵੀ ਸੰਭਾਲ ਚੁੱਕੇ ਹਨ, ਜਿੰਨ੍ਹਾਂ ਵਿੱਚ ਦਿਲਜੀਤ ਦੁਸਾਂਝ ਸਟਾਰਰ 'ਅੰਬਰਸਰੀਆ', ਗਿੱਪੀ ਗਰੇਵਾਲ ਦੀ 'ਕਪਤਾਨ', ਹਰਭਜਨ ਮਾਨ ਦੀ 'ਸਾਡੇ ਸੀਐਮ ਸਾਹਿਬ' ਆਦਿ ਸ਼ੁਮਾਰ ਰਹੀਆਂ ਹਨ।
ਓਧਰ ਨਿਰਦੇਸ਼ਕ ਦੇ ਤੌਰ ਉਤੇ ਬਲਰਾਜ ਸਿਆਲ ਦੀ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਉਕਤ ਪਹਿਲੀ ਪੰਜਾਬੀ ਫਿਲਮ ਦੀ ਗੱਲ ਕਰੀਏ ਤਾਂ ਭਾਵਨਾਤਮਕਪੂਰਨ ਸਾਂਚੇ ਅਧੀਨ ਢਾਲੀ ਗਈ ਇਸ ਫਿਲਮ ਵਿੱਚ ਰੌਸ਼ਨ ਪ੍ਰਿੰਸ, ਕੁਲਰਾਜ ਰੰਧਾਵਾ, ਯੋਗਰਾਜ ਸਿੰਘ, ਰਾਣਾ ਰਣਬੀਰ, ਪ੍ਰੀਤ ਔਜਲਾ, ਸੁਖਵਿੰਦਰ ਰਾਜ ਲੀਡਿੰਗ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ।
ਇਹ ਵੀ ਪੜ੍ਹੋ: