ਚੰਡੀਗੜ੍ਹ: ਹਿੰਦੀ ਸਿਨੇਮਾ ਦੀਆਂ ਕਲਾਸਿਕ ਫਿਲਮਾਂ ਵਿੱਚ ਸ਼ੁਮਾਰ ਰਹੀ ਮਰਹੂਮ ਰਾਜ ਕਪੂਰ ਦੀ ਆਈਕੋਨਿਕ ਫਿਲਮ 'ਆਵਾਰਾ' 49ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਦਾ ਹਿੱਸਾ ਬਣਾਈ ਗਈ ਹੈ, ਜਿਸ ਦੇ ਹੋਣ ਜਾ ਰਹੇ ਗ੍ਰੈਂਡ ਪ੍ਰੀਮੀਅਰ ਸਮਾਰੋਹ ਵਿੱਚ ਦੁਨੀਆ ਭਰ ਦੀਆਂ ਮੰਨੀਆਂ-ਪ੍ਰਮੰਨੀਆਂ ਸਿਨੇਮਾ ਸ਼ਖਸ਼ੀਅਤਾਂ ਹਿੱਸਾ ਲੈਣਗੀਆਂ।
ਸਾਲ 1951 ਵਿੱਚ ਰਿਲੀਜ਼ ਹੋਈ ਆਈਕੋਨਿਕ ਹਿੰਦੀ ਫਿਲਮ 'ਆਵਾਰਾ' ਦਾ ਨਿਰਮਾਣ 'ਆਰਕੇ ਫਿਲਮਜ਼' ਦੇ ਬੈਨਰ ਹੇਠ ਕੀਤਾ ਗਿਆ ਸੀ, ਜਿਸ ਦੇ ਨਿਰਦੇਸ਼ਨਾ ਰਾਜ ਕਪੂਰ ਨੇ ਕੀਤੀ, ਜਿੰਨ੍ਹਾਂ ਦੀ ਅਦਾਕਾਰੀ ਨੂੰ ਨਵੇਂ ਅਯਾਮ ਦੇਣ ਵਾਲੀ ਇਸ ਫਿਲਮ ਵਿੱਚ ਮਰਹੂਮ ਨਰਗਿਸ ਵੱਲੋਂ ਉਨ੍ਹਾਂ ਦੇ ਨਾਲ ਲੀਡਿੰਗ ਕਿਰਦਾਰ ਅਦਾ ਕੀਤਾ ਗਿਆ।
ਆਲਮੀ ਪੱਧਰ ਉਤੇ ਸਲਾਹੁਤਾ ਹਾਸਿਲ ਕਰਨ ਵਾਲੀ ਇਸ ਫਿਲਮ ਦਾ ਮਰਹੂਮ ਸ਼ੰਕਰ ਜਯਕਿਸ਼ਨ ਵੱਲੋਂ ਰਚਿਆ ਗਿਆ ਸੰਗੀਤ ਵੀ ਧੂੰਮਾਂ ਪਾਉਣ ਵਿੱਚ ਕਾਮਯਾਬ ਰਿਹਾ, ਜਿੰਨ੍ਹਾਂ ਦੇ ਸਿਰਜੇ ਗੀਤਾਂ ਦੀ ਰਚਨਾ ਮਰਹੂਮ ਸ਼ੈਲੈਂਦਰ ਨੇ ਕੀਤੀ, ਜਦਕਿ ਪਿੱਠਵਰਤੀ ਅਵਾਜ਼ ਮਰਹੂਮ ਮੁਕੇਸ਼ ਦੀ ਰਹੀ।
ਕੈਨੇਡਾ ਦੇ ਟਰਾਂਟੋਂ ਸਥਿਤ ਡਾਊਨਟਾਊਨ ਵਿਖੇ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਹੋ ਚੁੱਕੇ 49ਵੇਂ ਟੋਰਾਂਟੋ ਇੰਟਰਨੈਸ਼ਨਲ ਫਿਲਮ ਫੈਸਟੀਵਲ (TIFF) ਵਿੱਚ ਪ੍ਰਦਰਸ਼ਿਤ ਕੀਤੀ ਜਾਣ ਵਾਲੀ 'ਆਵਾਰਾ' ਇਕਮਾਤਰ ਹਿੰਦੀ ਫਿਲਮ ਹੋਵੇਗੀ, ਜਿਸ ਤੋਂ ਇਲਾਵਾ ਆਲਮੀ ਭਾਸ਼ਾਵਾਂ ਵਿੱਚ ਬਣੀਆਂ ਕਈ ਚਰਚਿਤ ਫਿਲਮਾਂ ਵੀ ਉਕਤ ਵੱਕਾਰੀ ਫਿਲਮ ਸਮਾਰੋਹ ਵਿੱਚ ਅਪਣੀ ਮੌਜੂਦਗੀ ਦਰਜ ਕਰਵਾਉਣਗੀਆਂ, ਜਿੰਨ੍ਹਾਂ ਦਾ ਆਨੰਦ ਮਾਣਨ ਲਈ ਵੱਖ-ਵੱਖ ਮੁਲਕਾਂ ਤੋਂ ਵੀ ਵੱਡੀ ਤਾਦਾਦ ਦਰਸ਼ਕਾਂ ਦੇ ਕੈਨੇਡਾ ਪਹੁੰਚਣ ਦਾ ਸਿਲਸਿਲਾ ਵੀ ਜਾਰੀ ਹੈ।
15 ਸਤੰਬਰ ਤੱਕ ਜਾਰੀ ਰਹਿਣ ਵਾਲੇ ਉਕਤ ਇੰਟਰਨੈਸ਼ਨਲ ਫਿਲਮ ਫੈਸਟੀਵਲ ਵਿੱਚ ਪ੍ਰਦਰਸ਼ਿਤ ਹੋ ਰਹੀ 'ਆਵਾਰਾ' ਦੇ ਪ੍ਰੀਮੀਅਰ ਵਿੱਚ ਮਰਹੂਮ ਰਾਜ ਕਪੂਰ ਦੇ ਪਰਿਵਾਰ ਅਤੇ ਕੁਨਬੇ ਵਿੱਚੋਂ ਕੌਣ-ਕੌਣ ਸ਼ਮੂਲੀਅਤ ਕਰੇਗਾ, ਇਸ ਬਾਰੇ ਕੋਈ ਆਧਿਕਾਰਤ ਜਾਣਕਾਰੀ ਸਾਹਮਣੇ ਨਹੀਂ ਆਈ।
ਹਿੰਦੀ ਸਿਨੇਮਾ ਦਾ ਮਾਣ ਵਧਾਉਣ ਵਾਲੀ ਅਤੇ ਦਿਲ ਨੂੰ ਛੂਹ ਲੈਣ ਵਾਲੀ ਉਕਤ ਫਿਲਮ ਰੂਸ ਸਮੇਤ ਹੋਰ ਵੀ ਕਈ ਇੰਟਰਨੈਸ਼ਨਲ ਫਿਲਮ ਸਮਾਰੋਹ ਦਾ ਹਿੱਸਾ ਬਣ ਚੁੱਕੀ ਹੈ, ਜੋ ਮਾਣਮੱਤੇ ਐਵਾਰਡਸ ਵੀ ਅਪਣੀ ਝੋਲੀ ਪਾ ਚੁੱਕੀ ਹੈ।
ਇਹ ਵੀ ਪੜ੍ਹੋ: