ਚੰਡੀਗੜ੍ਹ: ਪੰਜਾਬੀ ਸਿਨੇਮਾ ਖੇਤਰ ਵਿੱਚ ਬਹੁਤ ਥੋੜੇ ਜਿਹੇ ਸਮੇਂ ਦੌਰਾਨ ਹੀ ਮਜ਼ਬੂਤ ਪੈੜਾਂ ਸਿਰਜਣ ਵਿੱਚ ਕਾਮਯਾਬ ਰਹੇ ਹਨ ਬਹੁਪੱਖੀ ਅਦਾਕਾਰ ਵਿਸ਼ਾਲ ਕੌਸ਼ਿਕ, ਜੋ ਹੁਣ ਬਤੌਰ ਨਿਰਦੇਸ਼ਕ ਇੱਕ ਹੋਰ ਸ਼ਾਨਦਾਰ ਅਤੇ ਨਵੀਂ ਸਿਨੇਮਾ ਪਾਰੀ ਦੇ ਆਗਾਜ਼ ਵੱਲ ਵੱਧ ਚੁੱਕੇ ਹਨ, ਜਿੰਨਾਂ ਵੱਲੋਂ ਆਪਣੀ ਪਲੇਠੀ ਡਾਇਰੈਕਟੋਰੀਅਲ ਫਿਲਮ 'ਪ੍ਰੀਟਾ' ਦਾ ਰਸਮੀ ਐਲਾਨ ਕਰ ਦਿੱਤਾ ਗਿਆ ਹੈ।
'ਆਰਡੀਕੇ ਮੂਵੀਜ਼' ਦੇ ਬੈਨਰ ਹੇਠ ਪੇਸ਼ ਕੀਤੀ ਜਾ ਰਹੀ ਇਸ ਫਿਲਮ ਦੇ ਕ੍ਰਿਏਟਿਵ ਨਿਰਦੇਸ਼ਕ ਹਨ ਗੁਰਪ੍ਰੀਤ ਤੋਤੀ, ਜੋ ਅਦਾਕਾਰੀ ਦੇ ਨਾਲ-ਨਾਲ ਲੇਖਨ ਦੇ ਖੇਤਰ ਵਿੱਚ ਵੀ ਪੜਾਅ ਦਰ ਪੜਾਅ ਨਵੇਂ ਦਿਸਹਿੱਦੇ ਸਿਰਜਣ ਵੱਲ ਵੱਧ ਰਹੇ ਹਨ।
ਪੰਜਾਬ ਦੇ ਮਾਲਵਾ ਖੇਤਰ ਨਾਲ ਸੰਬੰਧਿਤ ਵੱਖ-ਵੱਖ ਹਿੱਸਿਆਂ ਤੋਂ ਇਲਾਵਾ ਫਰੀਦਕੋਟ ਲਾਗਲੇ ਇਲਾਕਿਆਂ ਵਿੱਚ ਫਿਲਮਾਈ ਜਾਣ ਵਾਲੀ ਇਹ ਪੀਰੀਅਡ ਡਰਾਮਾ ਫਿਲਮ ਇਸੇ ਮਹੀਨੇ ਸ਼ੂਟਿੰਗ ਪੜਾਅ ਦਾ ਹਿੱਸਾ ਬਣਨ ਜਾ ਰਹੀ ਹੈ, ਜਿਸ ਦੀ ਸਟਾਰ-ਕਾਸਟ ਅਤੇ ਹੋਰਨਾਂ ਅਹਿਮ ਪਹਿਲੂਆਂ ਦਾ ਫਿਲਹਾਲ ਖੁਲਾਸਾ ਨਹੀਂ ਕੀਤਾ ਗਿਆ।
ਮੂਲ ਰੂਪ ਵਿੱਚ ਮਹਾਰਾਸ਼ਟਰ ਨਾਲ ਤਾਲੁਕ ਰੱਖਦੇ ਵਿਸ਼ਾਲ ਕੌਸ਼ਿਕ ਕਈ ਹਿੰਦੀ, ਪੰਜਾਬੀ ਫਿਲਮਾਂ ਦੇ ਕ੍ਰਿਏਟਿਵ ਹੈੱਡ ਅਤੇ ਕਾਰਜਕਾਰੀ ਨਿਰਮਾਤਾ ਵਜੋਂ ਕਮਾਂਡ ਸੰਭਾਲ ਚੁੱਕੇ ਹਨ, ਜਿੰਨਾਂ ਵੱਲੋਂ ਹਾਲ ਹੀ ਸਮੇਂ ਵਿੱਚ ਅਦਾਕਾਰ ਦੇ ਤੌਰ 'ਤੇ ਕੀਤੀਆਂ ਫਿਲਮਾਂ ਵਿੱਚ ਵੀ ਉਨਾਂ ਦੇ ਅਭਿਨੈ ਨੂੰ ਵੀ ਦਰਸ਼ਕਾਂ ਦੁਆਰਾ ਕਾਫ਼ੀ ਸਰਾਹਿਆ ਗਿਆ ਹੈ।
ਹਿੰਦੀ ਅਤੇ ਪੰਜਾਬੀ ਫਿਲਮਾਂ ਤੋਂ ਇਲਾਵਾ ਤੇਲਗੂ ਸਿਨੇਮਾ ਖੇਤਰ ਵਿੱਚ ਵੀ ਪ੍ਰਭਾਵੀ ਮੌਜੂਦਗੀ ਦਾ ਇਜ਼ਹਾਰ ਕਰਵਾਉਣ ਦਾ ਮਾਣ ਹਾਸਿਲ ਕਰ ਚੁੱਕੇ ਹਨ ਇਹ ਡੈਸ਼ਿੰਗ ਅਤੇ ਵਰਸਟਾਈਲ ਐਕਟਰ, ਜਿੰਨਾਂ ਅਨੁਸਾਰ ਬਹੁਭਾਸ਼ਾਈ ਸਿਨੇਮਾ ਦੇ ਲੰਮੇਰੇ ਤਜ਼ਰਬੇ ਬਾਅਦ ਉਹ ਨਿਰਦੇਸ਼ਨ ਦੇ ਤੌਰ 'ਤੇ ਅਪਣੀ ਇੱਕ ਹੋਰ ਨਵੀਂ ਜਰਨੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ, ਜਿੰਨਾਂ ਦੀ ਇਹ ਫਿਲਮ ਬਹੁਤ ਹੀ ਵੱਖਰੇ ਕਹਾਣੀਸਾਰ ਅਧੀਨ ਬਣਾਈ ਜਾਵੇਗੀ, ਜੋ ਪੰਜਾਬੀ ਸਿਨੇਮਾ ਖੇਤਰ ਵਿੱਚ ਹੋਰ ਨਵੀਆਂ ਕੰਟੈਂਟ ਸੰਭਾਵਨਾਵਾਂ ਪੈਦਾ ਕਰਨ ਵਿੱਚ ਵੀ ਅਹਿਮ ਭੂਮਿਕਾ ਨਿਭਾਵੇਗੀ।
ਉਨਾਂ ਹੋਰ ਵਿਸਥਾਰਕ ਜਾਣਕਾਰੀ ਸਾਂਝੀ ਕਰਦਿਆਂ ਅੱਗੇ ਦੱਸਿਆ ਕਿ ਮੇਨ ਸਟਰੀਮ ਸਿਨੇਮਾ ਤੋਂ ਬਿਲਕੁੱਲ ਅਲੱਗ ਹੱਟ ਕੇ ਬਣਾਈ ਜਾ ਰਹੀ ਉਨਾਂ ਵੱਲੋ ਅਪਣੀ ਇਹ ਪਲੇਠੀ ਡਾਇਰੈਕਟੋਰੀਅਲ ਫਿਲਮ, ਜਿਸ ਵਿੱਚ ਹਿੰਦੀ ਅਤੇ ਪੰਜਾਬੀ ਸਿਨੇਮਾ ਨਾਲ ਸੰਬੰਧਤ ਕਈ ਮੰਨੇ ਪ੍ਰਮੰਨੇ ਚਿਹਰੇ ਮਹੱਤਵਪੂਰਨ ਕਿਰਦਾਰ ਅਦਾ ਕਰਨ ਜਾ ਰਹੇ ਹਨ।
ਇਸ ਤੋਂ ਇਸ ਦੇ ਗੀਤ ਸੰਗੀਤ ਪੱਖਾਂ ਨੂੰ ਨਿਵੇਕਲੇ ਰੰਗ ਦੇਣ ਦੀ ਹਰ ਸੰਭਵ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਦਾ ਹਰ ਪਹਿਲੂ ਵਿਲੱਖਣ ਸਿਨੇਮਾ ਸਿਰਜਣ ਦਾ ਅਹਿਸਾਸ ਕਰਵਾਏਗਾ।