ਚੰਡੀਗੜ੍ਹ: ਪੰਜਾਬੀ ਸਿਨੇਮਾ ਵਿੱਚ ਕਰਮਜੀਤ ਅਨਮੋਲ ਆਪਣੀ ਸ਼ਾਨਦਾਰ ਅਦਾਕਾਰੀ ਲਈ ਜਾਣਿਆ ਜਾਂਦਾ ਹੈ, ਇਹ ਕਾਮੇਡੀਅਨ ਆਪਣੀਆਂ ਫਿਲਮਾਂ ਵਿੱਚ ਤਾਂ ਸਭ ਦਾ ਮਨੋਰੰਜਨ ਕਰਦਾ ਹੀ ਹੈ, ਇਸ ਦੇ ਨਾਲ-ਨਾਲ ਅਦਾਕਾਰ ਆਪਣੀਆਂ ਸ਼ੋਸਲ ਮੀਡੀਆ ਵੀਡੀਓਜ਼ ਕਾਰਨ ਵੀ ਲਗਾਤਾਰ ਚਰਚਾ ਦਾ ਵਿਸ਼ਾ ਬਣਿਆ ਰਹਿੰਦਾ ਹੈ। ਇਸੇ ਤਰ੍ਹਾਂ ਹੀ ਹਾਲ ਹੀ ਵਿੱਚ ਗਾਇਕ-ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਇੱਕ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਇੱਕ ਅਜਿਹੇ ਵਿਅਕਤੀ ਨੂੰ ਮਿਲੇ ਹਨ ਜੋ ਅੱਜ ਕੱਲ੍ਹ ਬਹੁਤ ਘੱਟ ਦੇਖਣ ਨੂੰ ਮਿਲਦਾ ਹੈ।
ਕੌਣ ਹੈ ਅੱਜਕੱਲ੍ਹ ਨਾ ਦਿਖਣ ਵਾਲਾ ਵਿਅਕਤੀ
ਦਰਅਸਲ, ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਉਤੇ ਵੀਡੀਓ ਸਾਂਝੀ ਕੀਤੀ ਹੈ, ਜਿਸ ਦਾ ਕੈਪਸ਼ਨ ਅਦਾਕਾਰ ਨੇ ਲਿਖਿਆ, 'ਇਹੋ ਜੇ ਬੰਦੇ ਅੱਜ ਕੱਲ੍ਹ ਬਹੁਤ ਘੱਟ ਮਿਲਦੇ ਨੇ, ਪੁਰਾਣੇ ਸਮਿਆਂ ਵਿੱਚ ਇਹ ਬੰਦੇ ਬੱਸ ਅੱਡਿਆਂ ਵਿੱਚ ਆਮ ਦਿਖਾਈ ਦਿੰਦੇ ਸਨ, ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖਣ ਇਹਨਾਂ ਨੂੰ।'
ਉਲੇਖਯੋਗ ਹੈ ਕਿ ਇਸ ਵੀਡੀਓ ਵਿੱਚ ਇੱਕ ਵਿਅਕਤੀ ਨਜ਼ਰੀ ਪੈਂਦਾ ਹੈ, ਜਿਸ ਨੇ ਲਾਲ ਰੰਗ ਦੀ ਪੱਗ ਬੰਨ੍ਹੀ ਹੋਈ ਹੈ, ਅਦਾਕਾਰ ਇਸ ਨਾਲ ਗੱਲਬਾਤ ਕਰਦੇ ਹਨ ਅਤੇ ਵੀਡੀਓ ਬਣਾਉਂਦੇ ਹਨ।
ਅਦਾਕਾਰ ਕਹਿੰਦੇ ਹਨ, 'ਲਓ ਜੀ ਆਹ ਬੰਦੇ ਅੱਜ ਕੱਲ੍ਹ ਬਹੁਤ ਘੱਟ ਮਿਲਦੇ ਆ, ਕੰਨਾਂ ਵਿੱਚੋਂ ਮੈਲ ਕੱਢਣ ਵਾਲੇ, ਇਹਨਾਂ ਬੰਦਿਆਂ ਦੀ ਅਲੱਗ ਹੀ ਪਹਿਚਾਣ ਹੈ, ਬੜੀ ਦੇਰ ਬਾਅਦ ਦੇਖਿਆ ਇਹ ਬੰਦਾ।' ਇਸ ਤੋਂ ਬਾਅਦ ਅਦਾਕਾਰ ਵਿਅਕਤੀ ਤੋਂ ਪੁੱਛਦੇ ਹਨ, 'ਹਾਂ ਜੀ ਕਿੱਥੇ ਬੈਠਦੇ ਹੋ ਤੁਸੀਂ?' ਅੱਗੋਂ ਵਿਅਕਤੀ ਜੁਆਬ ਦਿੰਦਾ ਹੈ ਕਿ ਉਹ ਸੁਆਣੇ ਬੈਠਦਾ ਹੈ। ਵੀਡੀਓ ਦਾ ਅੰਤ ਕਰਦੇ ਹੋਏ ਕਾਮੇਡੀਅਨ ਕਹਿੰਦੇ ਹਨ, 'ਕੱਢਵਾ ਲਓ ਜਿਸ ਨੇ ਕੰਨਾਂ ਵਿੱਚੋਂ ਮੈਲ ਕੱਢਵਾਉਣੀ ਹੈ।' ਹੁਣ ਪ੍ਰਸ਼ੰਸ਼ਕ ਵੀ ਇਸ ਵੀਡੀਓ ਉਤੇ ਕਾਫੀ ਪਿਆਰ ਦੀ ਵਰਖਾ ਕਰ ਰਹੇ ਹਨ ਅਤੇ ਤਰ੍ਹਾਂ-ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਇੱਕ ਪ੍ਰਸ਼ੰਸ਼ਕ ਨੇ ਲਿਖਿਆ, 'ਇਹ ਰੇਲਵੇ ਸਟੇਸ਼ਨਾਂ ਉਤੇ ਆਮ ਹੁੰਦੇ ਸਨ ਪਰ ਹੁਣ ਤਾਂ ਅਲੋਪ ਹੀ ਹੋ ਗਏ ਹਨ। ਬਰਨਾਲੇ ਵਿੱਚ ਇੱਕ ਦਾ ਪਤਾ ਲੱਗਿਆ ਜੋ ਆਪਣੇ ਘਰ ਵਿੱਚ ਹੀ ਪੰਜਾਹ ਰੁਪਏ ਲੈ ਕੇ ਕੰਨ ਦੀ ਮੈਲ ਕੱਢਦਾ ਹੈ।' ਇੱਕ ਹੋਰ ਨੇ ਲਿਖਿਆ, 'ਸਹੀ ਗੱਲ ਐ, ਆਪਣੇ ਸੁਨਾਮ ਬਹੁਤ ਹੁੰਦੇ ਸੀ ਬਾਈ ਜੀ ਬੱਸ ਅੱਡੇ ਵੀ ਬਜ਼ਾਰ ਵਿੱਚ ਵੀ।' ਇਸ ਤੋਂ ਇਲਾਵਾ ਹੋਰ ਬਹੁਤ ਸਾਰਿਆਂ ਨੇ ਹੱਸਣ ਵਾਲੇ ਇਮੋਜੀ ਸਾਂਝੇ ਕੀਤੇ ਹਨ।
ਇਸ ਦੌਰਾਨ ਜੇਕਰ ਅਦਾਕਾਰ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਕਰਮਜੀਤ ਅਨਮੋਲ ਇਸ ਸਮੇਂ ਆਪਣੀਆਂ ਕਈ ਫਿਲਮਾਂ ਨੂੰ ਲੈ ਕੇ ਚਰਚਾ ਬਟੋਰ ਰਹੇ ਹਨ, ਜਿਸ ਵਿੱਚ ਫਿਲਮ 'ਇੱਟਾਂ ਦਾ ਘਰ' ਅਤੇ ਹੋਰ ਕਈ ਸ਼ਾਮਿਲ ਹਨ, ਜੋ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀਆਂ ਹਨ।
ਇਹ ਵੀ ਪੜ੍ਹੋ: