ਮਾਨਸਾ: ਪੰਜਾਬ ਦੀ ਤਰਜਮਾਨੀ ਕਰਦੀਆਂ ਪੰਜਾਬ ਦੀਆਂ ਝਾਕੀਆਂ ਵੱਖ-ਵੱਖ ਜ਼ਿਲ੍ਹਿਆਂ ਵਿਚੋਂ ਹੁੰਦੇ ਹੋਏ ਮਾਨਸਾ ਵਿਖੇ ਪਹੁੰਚੀਆਂ। ਜਿੱਥੇ ਜ਼ਿਲ੍ਹਾ ਵਾਸੀਆਂ ਵੱਲੋਂ ਇਹਨਾਂ ਝਾਕੀਆਂ ਨੂੰ ਦੇਖਣ ਦੇ ਲਈ ਉਤਸਾਹ ਦਿਖਾਇਆ ਜਾ ਰਿਹਾ, ਉੱਥੇ ਹੀ ਇਹਨਾਂ ਝਾਕੀਆਂ ਦੇ ਵਿੱਚ ਸ਼ਹੀਦਾਂ ਨੂੰ ਪੰਜਾਬ ਦੇ ਅਮੀਰ ਵਿਰਸੇ ਅਤੇ ਨਾਰੀ ਸ਼ਕਤੀ ਨੂੰ ਸ਼ਾਮਿਲ ਕੀਤਾ ਗਿਆ। ਜਿਸ ਕਾਰਨ ਇਹਨਾਂ ਝਾਕੀਆਂ ਨਾਲ ਲੋਕ ਤਸਵੀਰਾਂ ਵੀ ਕਰਵਾੳਂਦੇ ਦਿਖਾਈ ਦਿੱਤੇ। ਇਸ ਦੌਰਾਨ ਲੋਕਾਂ ਵਲੋਂ ਇੰਨ੍ਹਾਂ ਝਾਕੀਆਂ ਨੂੰ ਗਣਤੰਤਰ ਦਿਵਸ ਦੀ ਪਰੇਡ 'ਚ ਸ਼ਾਮਲ ਨਾ ਕਰਨ 'ਤੇ ਕੇਂਦਰ ਸਰਕਾਰ 'ਤੇ ਸਵਾਲ ਵੀ ਖੜੇ ਕੀਤੇ।
ਮਾਨਸਾ ਪੁੱਜੀਆਂ ਪੰਜਾਬ ਦੀਆਂ ਝਾਕੀਆਂ: ਕਾਬਿਲੇਗੌਰ ਹੈ ਕਿ 26 ਜਨਵਰੀ ਮੌਕੇ ਪੰਜਾਬ ਦੀਆਂ ਝਾਕੀਆਂ ਨੂੰ ਗਣਤੰਤਰ ਦਿਵਸ ਦੀ ਪਰੇਡ ਵਾਲੀਆਂ ਝਾਕੀਆਂ ਦੇ ਵਿੱਚ ਸ਼ਾਮਿਲ ਨਾ ਕਰਨ ਤੋਂ ਬਾਅਦ ਪੰਜਾਬ ਭਰ ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇਹਨਾਂ ਝਾਕੀਆਂ ਨੂੰ ਦਿਖਾਇਆ ਜਾ ਰਿਹਾ। ਪੰਜਾਬ ਦੀ ਤਰਜਮਾਨੀ ਕਰਦੀਆਂ ਇਹ ਪੰਜਾਬ ਦੀਆਂ ਤਿੰਨ ਝਾਕੀਆਂ ਅੱਜ ਮਾਨਸਾ ਦੇ ਬੁਢਲਾਡਾ, ਭਿੱਖੀ ਹੁੰਦੇ ਹੋਏ ਮਾਨਸਾ ਅਨਾਜ ਮੰਡੀ ਵਿੱਚ ਪਹੁੰਚ ਚੁੱਕੀਆਂ ਹਨ। ਜਿੱਥੇ ਸਵੇਰੇ 10 ਵਜੇ ਤੱਕ ਇਹਨਾਂ ਝਾਕੀਆਂ ਨੂੰ ਸ਼ਹਿਰ ਵਾਸੀਆਂ ਦੇ ਦੇਖਣ ਲਈ ਖੜਾਇਆ ਜਾਵੇਗਾ। ਉਸ ਤੋਂ ਬਾਅਦ ਸਰਦੂਲਗੜ੍ਹ ਲਈ ਇਹ ਝਾਕੀਆਂ ਨੂੰ ਰਵਾਨਾ ਕੀਤਾ ਜਾਵੇਗਾ।
ਗੌਰਵਮਈ ਇਤਿਹਾਸ ਨੂੰ ਦਿਖਾਉਂਦੀਆਂ ਝਾਕੀਆਂ: ਇੰਨ੍ਹਾਂ ਝਾਕੀਆਂ ਨੂੰ ਦੇਖਣ ਲਈ ਪਹੁੰਚੇ ਸ਼ਹਿਰ ਵਾਸੀਆਂ ਨੇ ਕਿਹਾ ਕਿ ਇਹ ਝਾਕੀਆਂ ਸਾਡੇ ਪੰਜਾਬ ਦੀ ਤਰਜਮਾਨੀ ਨੂੰ ਪੇਸ਼ ਕਰਦੀਆਂ ਹਨ। ਜਿੱਥੇ ਸਾਡੇ ਆਜ਼ਾਦੀ ਦੇ ਸੰਘਰਸ਼ੀ ਯੋਧਿਆਂ ਨੂੰ ਇਹਨਾਂ ਝਾਕੀਆਂ ਦੇ ਵਿੱਚ ਸ਼ਾਮਿਲ ਕੀਤਾ ਗਿਆ ਤੇ ਉਹਨਾਂ ਦੀਆਂ ਤਸਵੀਰਾਂ ਲਗਾਈਆਂ ਗਈਆਂ ਹਨ, ਉੱਥੇ ਹੀ ਜ਼ਿਲ੍ਹਿਆਂ ਵਾਲੇ ਬਾਗ ਦੇ 1919 ਦੇ ਸਾਕੇ ਨੂੰ ਵੀ ਇਹਨਾਂ ਝਾਕੀਆਂ ਦੇ ਵਿੱਚ ਦਰਸਾਇਆ ਗਿਆ ਹੈ। ਉਹਨਾਂ ਕਿਹਾ ਕਿ ਇਹਨਾਂ ਝਾਕੀਆਂ ਦੇ ਵਿੱਚ ਸਾਡੇ ਪੰਜਾਬੀ ਅਮੀਰ ਵਿਰਸੇ ਦੇ ਨਾਲ-ਨਾਲ ਮਾਤਾ ਭਾਗ ਕੌਰ ਅਤੇ ਪੰਜਾਬ ਦੀਆਂ ਧੀਆਂ ਤੇ ਪੰਜਾਬ ਦੀਆਂ ਖੇਡਾਂ ਨੂੰ ਵੀ ਸ਼ਾਮਿਲ ਕੀਤਾ ਗਿਆ ਹੈ।
ਪੰਜਾਬ ਸਰਕਾਰ ਦੀ ਲੋਕਾਂ ਨੇ ਕੀਤੀ ਸ਼ਲਾਘਾ: ਸਥਾਨਕ ਲੋਕਾਂ ਦਾ ਕਹਿਣਾ ਕਿ ਇਹਨਾਂ ਝਾਕੀਆਂ ਨੂੰ ਦੇਖਣ ਦੇ ਲਈ ਜ਼ਿਲ੍ਹੇ ਦੇ ਲੋਕ ਉਤਸਾਹਿਤ ਹਨ ਅਤੇ ਇਹਨਾਂ ਝਾਕੀਆਂ ਦੇ ਨਾਲ ਤਸਵੀਰਾਂ ਵੀ ਕਰਵਾ ਰਹੇ ਹਨ। ਉਹਨਾਂ ਪੰਜਾਬ ਸਰਕਾਰ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਪੰਜਾਬ ਸਰਕਾਰ ਨੇ ਇਹਨਾਂ ਝਾਕੀਆਂ ਨੂੰ ਪੰਜਾਬ ਦੇ ਲੋਕਾਂ ਨੂੰ ਦਿਖਾ ਕੇ ਪੰਜਾਬ ਦੇ ਵਿੱਚ ਨਵੀਂ ਪੀੜੀ ਨੂੰ ਜਾਗਰੂਕ ਕਰਨ ਦਾ ਤਹਈਆ ਕੀਤਾ ਹੈ। ਉੱਥੇ ਹੀ ਦਿੱਲੀ ਵਿਖੇ ਕੇਂਦਰ ਸਰਕਾਰ ਵੱਲੋਂ ਇਹਨਾਂ ਝਾਕੀਆਂ ਨੂੰ 26 ਜਨਵਰੀ ਮੌਕੇ ਸ਼ਾਮਿਲ ਨਾ ਕਰਨ 'ਤੇ ਵੀ ਉਹਨਾਂ ਰੋਸ ਜਾਹਿਰ ਕੀਤਾ ਹੈ।