ਇੰਫਾਲ: ਮਨੀਪੁਰ ਵਿੱਚ ਇੱਕ ਵਾਰ ਫਿਰ ਹਿੰਸਾ ਦੀ ਖ਼ਬਰ ਆਈ ਹੈ। ਬਿਹਾਰ ਦੇ ਕਾਕਚਿੰਗ ਜ਼ਿਲ੍ਹੇ ਵਿੱਚ ਅਣਪਛਾਤੇ ਹਮਲਾਵਰਾਂ ਨੇ ਦੋ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਸ ਘਟਨਾ ਨੇ ਸਨਸਨੀ ਮਚਾ ਦਿੱਤੀ ਹੈ। ਪੁਲਿਸ ਇਸ ਪੂਰੇ ਮਾਮਲੇ ਨੂੰ ਗੰਭੀਰਤਾ ਨਾਲ ਲੈ ਕੇ ਜਾਂਚ ਕਰ ਰਹੀ ਹੈ।
ਮਨੀਪੁਰ ਦੇ ਕਾਕਚਿੰਗ ਜ਼ਿਲ੍ਹੇ ਵਿੱਚ ਸ਼ਨੀਵਾਰ ਸ਼ਾਮ ਅਣਪਛਾਤੇ ਹਥਿਆਰਬੰਦ ਹਮਲਾਵਰਾਂ ਨੇ ਬਿਹਾਰ ਦੇ ਦੋ ਪ੍ਰਵਾਸੀ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਮੀਡੀਆ ਰਿਪੋਰਟਾਂ ਦੇ ਅਨੁਸਾਰ, ਕੁਝ ਹਥਿਆਰਬੰਦ ਹਮਲਾਵਰਾਂ ਨੇ ਕਾਕਚਿੰਗ-ਵਾਬਗਈ ਰੋਡ 'ਤੇ ਕੇਰਕ ਵਿੱਚ ਪੰਚਾਇਤ ਦਫ਼ਤਰ ਦੇ ਨੇੜੇ ਦੋ ਪ੍ਰਵਾਸੀ ਮਜ਼ਦੂਰਾਂ ਦਾ ਗੋਲੀ ਮਾਰ ਕੇ ਕਤਲ ਕਰ ਦਿੱਤਾ ਹੈ। ਇਹ ਘਟਨਾ ਉਸ ਸਮੇਂ ਵਾਪਰੀ ਜਦੋਂ ਪੀੜਤ ਕੁਝ ਹੋਰ ਲੋਕਾਂ ਨਾਲ ਸਾਈਕਲ 'ਤੇ ਜਾ ਰਹੇ ਸੀ।
ਪੁਲਿਸ ਤੁਰੰਤ ਪੁਸ਼ਟੀ ਨਹੀਂ ਕਰ ਸਕੀ ਕਿ ਪਰਵਾਸੀ ਮਜ਼ਦੂਰਾਂ 'ਤੇ ਹਮਲਾ ਕਿਸ ਨੇ ਕੀਤਾ। ਮ੍ਰਿਤਕਾਂ ਦੀ ਪਛਾਣ ਸੁਨਾਲਾਲ ਕੁਮਾਰ (18) ਅਤੇ ਦਸ਼ਰਥ ਕੁਮਾਰ (17) ਵਜੋਂ ਹੋਈ ਹੈ। ਮ੍ਰਿਤਕ ਬਿਹਾਰ ਦੇ ਗੋਪਾਲਗੰਜ ਜ਼ਿਲ੍ਹੇ ਦੇ ਯਾਦਵਪੁਰ ਥਾਣਾ ਖੇਤਰ ਦੇ ਰਾਜਵਾਹੀ ਪਿੰਡ ਦੇ ਰਹਿਣ ਵਾਲੇ ਸਨ। ਉਹ ਕਿਸੇ ਉਸਾਰੀ ਦਾ ਕੰਮ ਕਰਦੇ ਸਨ ਅਤੇ ਕਾਕਚਿੰਗ ਵਿੱਚ ਕਿਰਾਏ ਦੇ ਮਕਾਨ ਵਿੱਚ ਰਹਿੰਦੇ ਸਨ।
ਸੁਰੱਖਿਆ ਬਲਾਂ ਨੇ ਹਮਲਾਵਰਾਂ ਨੂੰ ਫੜਨ ਲਈ ਤਲਾਸ਼ੀ ਮੁਹਿੰਮ ਸ਼ੁਰੂ ਕਰ ਦਿੱਤੀ ਹੈ। ਇਸ ਤੋਂ ਪਹਿਲਾਂ ਵੀ ਕਈ ਮੌਕਿਆਂ 'ਤੇ ਮਨੀਪੁਰ 'ਚ ਪ੍ਰਵਾਸੀ ਮਜ਼ਦੂਰਾਂ 'ਤੇ ਹਮਲੇ ਹੋ ਚੁੱਕੇ ਹਨ। ਇਸ ਦੌਰਾਨ ਸੁਰੱਖਿਆ ਬਲਾਂ ਵੱਲੋਂ ਪਹਾੜੀ ਅਤੇ ਘਾਟੀ ਜ਼ਿਲ੍ਹਿਆਂ ਦੇ ਸਰਹੱਦੀ ਅਤੇ ਸੰਵੇਦਨਸ਼ੀਲ ਖੇਤਰਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।
ਤਲਾਸ਼ੀ ਮੁਹਿੰਮ ਦੌਰਾਨ ਕੰਗਪੋਕਪੀ ਜ਼ਿਲੇ 'ਚ ਇਕ .22 ਰਾਈਫਲ, ਇਕ .303 ਰਾਈਫਲ, 49 ਜਿੰਦਾ ਰੌਂਦ ਅਤੇ ਕਈ ਤਰ੍ਹਾਂ ਦੇ ਗੋਲਾ-ਬਾਰੂਦ ਸਮੇਤ ਹਥਿਆਰ ਅਤੇ ਗੋਲਾ ਬਾਰੂਦ ਬਰਾਮਦ ਕੀਤਾ ਗਿਆ। ਇਸ ਤੋਂ ਪਹਿਲਾਂ ਦਿਨ ਵਿੱਚ, ਥੌਬਲ ਜ਼ਿਲੇ ਵਿੱਚ ਮਣੀਪੁਰ ਪੁਲਿਸ ਦੇ ਕਮਾਂਡੋ ਅਤੇ ਇੱਕ ਅੱਤਵਾਦੀ ਸਮੂਹ ਵਿਚਕਾਰ ਭਿਆਨਕ ਗੋਲੀਬਾਰੀ ਦੇ ਬਾਅਦ ਇੱਕ ਹਥਿਆਰਬੰਦ ਅੱਤਵਾਦੀ ਮਾਰਿਆ ਗਿਆ ਸੀ ਅਤੇ ਛੇ ਹੋਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ।
ਮੌਕੇ ਤੋਂ ਭਾਰੀ ਮਾਤਰਾ ਵਿੱਚ ਹਥਿਆਰ ਅਤੇ ਗੋਲਾ ਬਾਰੂਦ ਦੇ ਨਾਲ-ਨਾਲ ਕਈ ਇਲੈਕਟ੍ਰਾਨਿਕ ਉਪਕਰਣ ਵੀ ਬਰਾਮਦ ਕੀਤੇ ਗਏ ਹਨ। ਇੰਫਾਲ ਦੇ ਇੱਕ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸ਼ਨੀਵਾਰ ਨੂੰ ਥੌਬਲ ਜ਼ਿਲੇ ਵਿੱਚ ਰੁਟੀਨ ਗਸ਼ਤ ਦੌਰਾਨ ਸਲੁੰਗਫਾਮ ਥੋਂਗਖੋਂਗ ਵਿੱਚ ਹਥਿਆਰਬੰਦ ਅੱਤਵਾਦੀਆਂ ਨੇ ਮਣੀਪੁਰ ਪੁਲਿਸ ਦੇ ਕਮਾਂਡੋਜ਼ ਉੱਤੇ ਹਮਲਾ ਕੀਤਾ। ਕਮਾਂਡੋਜ਼ ਨੇ ਵੀ ਹਮਲੇ ਦਾ ਜਵਾਬ ਦਿੱਤਾ ਅਤੇ ਛੇ ਅੱਤਵਾਦੀਆਂ ਨੂੰ ਕਾਬੂ ਕਰ ਲਿਆ।