ਨਵੀਂ ਦਿੱਲੀ: ਕਿਸਾਨਾਂ ਨੂੰ ਵੀਰਵਾਰ ਨੂੰ ਦਿੱਲੀ ਦੇ ਰਾਮਲੀਲਾ ਮੈਦਾਨ ਵਿੱਚ ਮਹਾਂਪੰਚਾਇਤ ਕਰਨ ਦੀ ਇਜਾਜ਼ਤ ਦਿੱਤੀ ਗਈ ਹੈ। ਸੰਯੁਕਤ ਕਿਸਾਨ ਮੋਰਚਾ ਦੀ ਮਹਾਂਪੰਚਾਇਤ ਵਿੱਚ ਦੇਸ਼ ਭਰ ਦੇ ਵੱਖ-ਵੱਖ ਰਾਜਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਭਾਗ ਲੈਣ ਲਈ ਪਹੁੰਚ ਰਹੇ ਹਨ। ਦਿੱਲੀ ਪੁਲਿਸ ਨੇ ਇਹ ਯਕੀਨੀ ਬਣਾਉਣ ਲਈ ਪਹਿਲਾਂ ਹੀ ਟ੍ਰੈਫਿਕ ਐਡਵਾਈਜ਼ਰੀ ਜਾਰੀ ਕੀਤੀ ਹੈ ਕਿ ਮਹਾਂਪੰਚਾਇਤ ਕਾਰਨ ਦਿੱਲੀ ਵਾਸੀਆਂ ਨੂੰ ਕਿਸੇ ਵੀ ਤਰ੍ਹਾਂ ਦੀ ਟ੍ਰੈਫਿਕ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ। ਦਿੱਲੀ ਟ੍ਰੈਫਿਕ ਪੁਲਿਸ ਨੇ ਰੂਟ ਡਾਇਵਰਸ਼ਨ ਅਤੇ ਵਿਅਸਤ ਰੂਟਾਂ ਸਬੰਧੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਲੋਕਾਂ ਨਾਲ ਸਾਂਝੀ ਕੀਤੀ ਹੈ।
ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ : ਸੰਯੁਕਤ ਕਿਸਾਨ ਮੋਰਚਾ (ਗੈਰ-ਸਿਆਸੀ) ਅਤੇ ਕਿਸਾਨ-ਮਜ਼ਦੂਰ ਮੋਰਚਾ ਦੇ ਸੱਦੇ 'ਤੇ ਚੱਲ ਰਹੇ ਕਿਸਾਨ ਅੰਦੋਲਨ ਦਾ ਅੱਜ (14 ਮਾਰਚ) 31ਵਾਂ ਦਿਨ ਹੈ। ਉੱਥੇ ਹੀ, ਦਿੱਲੀ ਵਿਖੇ ਮਹਾਂਪੰਚਾਇਤ ਲਈ ਕਿਸਾਨ-ਮਜ਼ਦੂਰ ਆਗੂ ਵੱਡੀ ਗਿਣਤੀ ਵਿੱਚ ਜੁਟਣੇ ਸ਼ੁਰੂ ਹੋ ਗਏ ਹਨ। ਪੰਜਾਬ ਤੋਂ ਸੈਂਕੜੇ ਆਗੂ ਦਿੱਲੀ ਪਹੁੰਚ ਰਹੇ ਹਨ।
ਹਰਿਆਣਾ-ਪੰਜਾਬ ਦੇ ਸ਼ੰਭੂ-ਖਨੌਰੀ ਨਾਲ ਲੱਗਦੀ ਡੱਬਵਾਲੀ ਬਾਰਡਰ 'ਤੇ ਹਜ਼ਾਰਾਂ ਕਿਸਾਨ ਆਪਣੀਆਂ ਮੰਗਾਂ ਸਰਕਾਰ ਤੋਂ ਮਨਵਾਉਣ ਲਈ ਖੜ੍ਹੇ ਹਨ। ਇਸ ਮੋਰਚੇ ਨੇ ਹਰਿਆਣਾ ਅਤੇ ਪੰਜਾਬ ਸਮੇਤ ਹੋਰਨਾਂ ਰਾਜਾਂ ਵਿੱਚ ਨੌਜਵਾਨ ਮ੍ਰਿਤਕ ਕਿਸਾਨ ਸ਼ੁਭਕਰਨ ਦੇ ਪਿੰਡ ਤੋਂ ਅਸਥੀਆਂ ਦਾ ਕਲਸ਼ ਲਿਆ ਕੇ ਕਲਸ਼ ਯਾਤਰਾ ਕੱਢਣ ਦਾ ਐਲਾਨ ਕੀਤਾ ਹੈ। ਇਹ ਵੀ ਕਿਹਾ ਗਿਆ ਹੈ ਕਿ 22 ਮਾਰਚ ਨੂੰ ਹਿਸਾਰ ਅਤੇ 31 ਮਾਰਚ ਨੂੰ ਅੰਬਾਲਾ ਦੀ ਮੋਹਰਾ ਅਨਾਜ ਮੰਡੀ ਵਿੱਚ ਸ਼ਹੀਦੀ ਸਮਾਗਮ ਕਰਵਾਇਆ ਜਾਵੇਗਾ।
ਦਿੱਲੀ ਟ੍ਰੈਫਿਕ ਪੁਲਿਸ ਐਡਵਾਈਜ਼ਰੀ ਮੁਤਾਬਕ ਜਵਾਹਰ ਲਾਲ ਨਹਿਰੂ ਮਾਰਗ 'ਤੇ ਸਥਿਤ ਰਾਮਲੀਲਾ ਮੈਦਾਨ 'ਚ 14 ਮਾਰਚ ਨੂੰ ਕਿਸਾਨਾਂ ਦੀ ਮਹਾਪੰਚਾਇਤ ਦੀ ਇਜਾਜ਼ਤ ਦਿੱਤੀ ਗਈ ਹੈ। ਇਸ ਵਿਰੋਧ ਪ੍ਰਦਰਸ਼ਨ ਵਿਚ ਭਾਰਤ ਦੇ ਸਾਰੇ ਹਿੱਸਿਆਂ ਤੋਂ ਲੋਕਾਂ ਦੇ ਭਾਰੀ ਇਕੱਠ ਦੀ ਉਮੀਦ ਹੈ। ਦਿੱਲੀ ਪੁਲਿਸ ਮੁਤਾਬਕ ਟ੍ਰੈਫਿਕ ਨਿਯਮ ਅਜਿਹੇ ਹੋਣਗੇ ਕਿ ਸਵੇਰੇ 6 ਵਜੇ ਤੋਂ ਸ਼ਾਮ 4 ਵਜੇ ਤੱਕ ਰਾਮਲੀਲਾ ਮੈਦਾਨ ਨੇੜੇ ਸੜਕਾਂ ਅਤੇ ਚੌਰਾਹਿਆਂ 'ਤੇ ਆਮ ਆਵਾਜਾਈ ਨੂੰ ਕੰਟਰੋਲ ਕੀਤਾ ਜਾਵੇਗਾ। ਇਨ੍ਹਾਂ ਵਿੱਚ ਜਵਾਹਰ ਲਾਲ ਨਹਿਰੂ ਮਾਰਗ, ਬਹਾਦਰ ਸ਼ਾਹ ਜ਼ਫਰ ਮਾਰਗ, ਆਸਫ ਅਲੀ ਰੋਡ, ਸਵਾਮੀ ਵਿਵੇਕਾਨੰਦ ਮਾਰਗ, ਨੇਤਾਜੀ ਸੁਭਾਸ਼ ਮਾਰਗ, ਮਿੰਟੋ ਰੋਡ, ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਭਵਭੂਤੀ ਮਾਰਗ, ਚਮਨ ਲਾਲ ਮਾਰਗ, ਬਾਰਾਖੰਬਾ ਰੋਡ, ਟਾਲਸਟਾਏ ਮਾਰਗ, ਜੈ ਸਿੰਘ ਰੋਡ, ਸੰਸਦ ਮਾਰਗ, ਬਾਬਾ ਖੜਕ ਸਿੰਘ ਮਾਰਗ, ਅਸ਼ੋਕ ਰੋਡ, ਕਨਾਟ ਸਰਕਸ ਅਤੇ ਡੀਡੀਯੂ ਮਾਰਗ ਸ਼ਾਮਲ ਹਨ।
ਇਨ੍ਹਾਂ ਰੂਟਾਂ 'ਤੇ ਡਾਇਵਰਸ਼ਨ: ਸਵੇਰੇ 6 ਵਜੇ ਤੋਂ ਦਿੱਲੀ ਦੀਆਂ ਇਨ੍ਹਾਂ ਸੜਕਾਂ 'ਤੇ ਟ੍ਰੈਫਿਕ ਡਾਇਵਰਟ ਕਰ ਦਿੱਤਾ ਗਿਆ। ਦਿੱਲੀ ਗੇਟ, ਮੀਰ ਦਰਦ ਚੌਕ, ਅਜਮੇਰੀ ਗੇਟ ਚੌਕ, ਗੁਰੂ ਨਾਨਕ ਚੌਕ, ਆਰ/ਕਮਲਾ ਮਾਰਕੀਟ, ਪਹਾੜਗੰਜ ਚੌਕ ਅਤੇ ਆਰ/ਏ ਝੰਡੇਵਾਲਾ, ਬਾਰਾਖੰਬਾ ਰੋਡ ਤੋਂ ਗੁਰੂ ਨਾਨਕ ਚੌਕ, ਮਹਾਰਾਜਾ ਰਣਜੀਤ ਸਿੰਘ ਫਲਾਈਓਵਰ, ਬਾਰਾਖੰਬਾ ਰੋਡ/ਟਾਲਸਟਾਏ ਰੋਡ ਕਰਾਸਿੰਗ, ਜਨਪਥ ਰੋਡ/ਟਾਲਸਟਾਏ ਮਾਰਗ ਕਰਾਸਿੰਗ, ਟਾਲਸਟਾਏ ਰੋਡ/ਕੇਜੀ ਮਾਰਗ ਕਰਾਸਿੰਗ, ਆਰ/ਏ ਜੀ.ਪੀ.ਓ. ਸ਼ਾਮਲ ਹਨ।
ਯਾਤਰੀਆਂ ਨੂੰ ਮੈਟਰੋ ਰਾਹੀਂ ਯਾਤਰਾ ਕਰਨ ਦੀ ਸਲਾਹ: ਐਡਵਾਈਜ਼ਰੀ ਵਿੱਚ ਕਿਹਾ ਗਿਆ ਹੈ ਕਿ ਆਈਐਸਬੀਟੀ, ਰੇਲਵੇ ਸਟੇਸ਼ਨ ਜਾਂ ਹਵਾਈ ਅੱਡੇ ਵੱਲ ਯਾਤਰਾ ਕਰਨ ਵਾਲੇ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਲੋੜੀਂਦਾ ਸਮਾਂ ਕੱਢ ਕੇ ਆਪਣੀ ਯਾਤਰਾ ਦੀ ਸਾਵਧਾਨੀ ਨਾਲ ਯੋਜਨਾ ਬਣਾਉਣ, ਯਾਤਰੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਜੇਕਰ ਇਹ ਜ਼ਰੂਰੀ ਨਾ ਹੋਵੇ, ਤਾਂ ਇਨ੍ਹਾਂ ਰੂਟਾਂ ਰਾਹੀਂ ਯਾਤਰਾ ਕਰਨ ਤੋਂ ਬਚਣ। ਜਨਤਕ ਟਰਾਂਸਪੋਰਟ, ਖਾਸ ਕਰਕੇ ਮੈਟਰੋ ਸੇਵਾਵਾਂ ਦੀ ਵੱਧ ਤੋਂ ਵੱਧ ਵਰਤੋਂ ਕਰਕੇ ਸਹਿਯੋਗ ਕਰੋ। ਇਸ ਤੋਂ ਇਲਾਵਾ, ਆਮ ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਇਨ੍ਹਾਂ ਰੂਟਾਂ 'ਤੇ ਯਾਤਰਾ ਕਰਨ ਤੋਂ ਪਹਿਲਾਂ ਕਾਫ਼ੀ ਸਮਾਂ ਲੈ ਕੇ ਘਰੋਂ ਨਿਕਲਣ।