ਨਵੀਂ ਦਿੱਲੀ/ਮੁੰਬਈ: ਡਾਇਰੈਕਟੋਰੇਟ ਜਨਰਲ ਆਫ਼ ਸਿਵਲ ਐਵੀਏਸ਼ਨ (ਡੀਜੀਸੀਏ) ਨੇ ਮੁੰਬਈ ਹਵਾਈ ਅੱਡੇ 'ਤੇ 80 ਸਾਲਾ ਯਾਤਰੀ ਨੂੰ ਵ੍ਹੀਲਚੇਅਰ ਨਾ ਦੇਣ 'ਤੇ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜੁਰਮਾਨਾ ਲਗਾਇਆ ਹੈ। ਵ੍ਹੀਲਚੇਅਰ ਨਾ ਮਿਲਣ ਕਾਰਨ ਯਾਤਰੀ ਨੂੰ ਜਹਾਜ਼ ਤੋਂ ਟਰਮੀਨਲ ਤੱਕ ਪੈਦਲ ਜਾਣਾ ਪਿਆ ਅਤੇ ਡਿੱਗ ਪਿਆ। ਇਸ ਯਾਤਰੀ ਦੀ ਬਾਅਦ ਵਿੱਚ ਮੌਤ ਹੋ ਗਈ। ਇਹ ਘਟਨਾ 12 ਫਰਵਰੀ ਦੀ ਹੈ। ਡੀਜੀਸੀਏ ਦੇ ਇਕ ਸੀਨੀਅਰ ਅਧਿਕਾਰੀ ਨੇ ਵੀਰਵਾਰ ਨੂੰ ਕਿਹਾ ਕਿ ਏਅਰ ਇੰਡੀਆ 'ਤੇ 30 ਲੱਖ ਰੁਪਏ ਦਾ ਜ਼ੁਰਮਾਨਾ ਲਗਾਇਆ ਗਿਆ ਹੈ ਕਿਉਂਕਿ ਇਹ ਬਜ਼ੁਰਗ ਯਾਤਰੀ ਨੂੰ ਵ੍ਹੀਲਚੇਅਰ ਪ੍ਰਦਾਨ ਕਰਨ ਵਿਚ ਅਸਫਲ ਰਹੀ ਹੈ।
ਅਧਿਕਾਰੀ ਨੇ ਕਿਹਾ, 'ਇਸ ਤੋਂ ਇਲਾਵਾ ਏਅਰ ਇੰਡੀਆ ਨੇ ਵੀ ਇਸ ਮਾਮਲੇ 'ਚ ਗਲਤੀ ਕਰਨ ਵਾਲੇ ਕਰਮਚਾਰੀਆਂ ਖਿਲਾਫ ਕੀਤੀ ਗਈ ਕਾਰਵਾਈ ਦੀ ਜਾਣਕਾਰੀ ਨਹੀਂ ਦਿੱਤੀ ਹੈ। ਏਅਰਲਾਈਨ ਭਵਿੱਖ ਵਿੱਚ ਅਜਿਹੀਆਂ ਘਟਨਾਵਾਂ ਨੂੰ ਮੁੜ ਤੋਂ ਰੋਕਣ ਲਈ ਸੁਧਾਰਾਤਮਕ ਕਦਮਾਂ ਬਾਰੇ ਜਾਣਕਾਰੀ ਦੇਣ ਵਿੱਚ ਵੀ ਅਸਫਲ ਰਹੀ ਹੈ। ਇਸ ਮਹੀਨੇ ਦੀ ਸ਼ੁਰੂਆਤ 'ਚ ਡੀਜੀਸੀਏ ਨੇ ਏਅਰਲਾਈਨ ਕੰਪਨੀ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ, ਜਿਸ 'ਤੇ ਏਅਰ ਇੰਡੀਆ ਨੇ 20 ਫਰਵਰੀ ਨੂੰ ਰੈਗੂਲੇਟਰ ਨੂੰ ਆਪਣਾ ਜਵਾਬ ਸੌਂਪਿਆ ਸੀ।
ਏਅਰਲਾਈਨ ਨੇ ਕਿਹਾ ਕਿ ਬਜ਼ੁਰਗ ਯਾਤਰੀ ਆਪਣੀ ਪਤਨੀ ਦੇ ਨਾਲ ਗਿਆ ਸੀ, ਜੋ ਕਿਸੇ ਹੋਰ ਵ੍ਹੀਲਚੇਅਰ ਦਾ ਇੰਤਜ਼ਾਰ ਕਰਨ ਦੀ ਬਜਾਏ ਕਿਸੇ ਹੋਰ ਵ੍ਹੀਲਚੇਅਰ 'ਤੇ ਬੈਠੀ ਸੀ। ਅਧਿਕਾਰੀ ਨੇ ਕਿਹਾ, 'ਇਸ ਸਬੰਧ ਵਿਚ ਸਾਰੀਆਂ ਏਅਰਲਾਈਨ ਕੰਪਨੀਆਂ ਨੂੰ ਇਕ ਸਲਾਹ ਵੀ ਜਾਰੀ ਕੀਤੀ ਗਈ ਹੈ। ਉਨ੍ਹਾਂ ਨੂੰ ਕਿਹਾ ਗਿਆ ਹੈ ਕਿ ਉਨ੍ਹਾਂ ਯਾਤਰੀਆਂ ਲਈ ਲੋੜੀਂਦੀ ਗਿਣਤੀ ਵਿੱਚ ਵ੍ਹੀਲਚੇਅਰਾਂ ਮੁਹੱਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ ਜਿਨ੍ਹਾਂ ਨੂੰ ਜਹਾਜ਼ ਵਿੱਚ ਸਵਾਰ ਹੋਣ ਜਾਂ ਉਤਰਨ ਵੇਲੇ ਸਹਾਇਤਾ ਦੀ ਲੋੜ ਹੁੰਦੀ ਹੈ।