ਮੁੰਬਈ: ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ, ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਨੇਤਾ ਦੇਵੇਂਦਰ ਫੜਨਵੀਸ ਅਤੇ ਐੱਨਸੀਪੀ ਮੁਖੀ ਅਜੀਤ ਪਵਾਰ ਨੇ ਮੁੰਬਈ ਦੇ ਰਾਜ ਭਵਨ ਪਹੁੰਚ ਕੇ ਰਾਜਪਾਲ ਸੀਪੀ ਰਾਧਾ ਕ੍ਰਿਸ਼ਨਨ ਨਾਲ ਮੁਲਾਕਾਤ ਕਰਕੇ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕੀਤਾ। ਫੜਨਵੀਸ 5 ਦਸੰਬਰ ਵੀਰਵਾਰ ਨੂੰ ਮਹਾਰਾਸ਼ਟਰ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਣਗੇ। ਉਹ ਤੀਜੀ ਵਾਰ ਸੂਬੇ ਦੇ ਮੁੱਖ ਮੰਤਰੀ ਬਣਨਗੇ।
ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਤੋਂ ਬਾਅਦ, ਮਹਾਰਾਸ਼ਟਰ ਦੇ ਆਉਣ ਵਾਲੇ ਮੁੱਖ ਮੰਤਰੀ ਦੇਵੇਂਦਰ ਫੜਨਵੀਸ ਨੇ ਕਿਹਾ, "ਅਸੀਂ ਰਾਜਪਾਲ ਨਾਲ ਮੁਲਾਕਾਤ ਕੀਤੀ ਅਤੇ ਰਾਜ ਵਿੱਚ ਸਰਕਾਰ ਬਣਾਉਣ ਦਾ ਦਾਅਵਾ ਪੇਸ਼ ਕਰਨ ਲਈ ਸਮਰਥਨ ਪੱਤਰ ਸੌਂਪਿਆ। ਸਾਡੇ ਸਹਿਯੋਗੀ ਸ਼ਿਵ ਸੈਨਾ ਅਤੇ ਐੱਨਸੀਪੀ ਨੇ ਰਾਜਪਾਲ ਨੂੰ ਬੇਨਤੀ ਕੀਤੀ ਹੈ ਕਿ ਮੈਂ ਮਹਾਯੁਤੀ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕਾਂਗਾ... ਰਾਜਪਾਲ ਨੇ ਸਾਰੀਆਂ ਬੇਨਤੀਆਂ ਸਵੀਕਾਰ ਕਰ ਲਈਆਂ ਹਨ ਅਤੇ ਸਾਨੂੰ ਕੱਲ੍ਹ ਸ਼ਾਮ 5.30 ਵਜੇ ਸਹੁੰ ਚੁੱਕ ਸਮਾਗਮ ਲਈ ਸੱਦਾ ਦਿੱਤਾ ਹੈ..."
ਉਨ੍ਹਾਂ ਅੱਗੇ ਕਿਹਾ ਕਿ ਮੁੱਖ ਮੰਤਰੀ ਅਤੇ ਉਪ ਮੁੱਖ ਮੰਤਰੀ ਦੇ ਅਹੁਦੇ ਤਕਨੀਕੀ ਹਨ। ਅਸੀਂ ਸਾਰੇ ਮਿਲ ਕੇ ਮਹਾਰਾਸ਼ਟਰ ਲਈ ਕੰਮ ਕਰਾਂਗੇ। ਆਉਣ ਵਾਲੀਆਂ ਮੀਟਿੰਗਾਂ ਵਿੱਚ ਬਾਕੀ ਮੰਤਰੀਆਂ ਬਾਰੇ ਵੀ ਫੈਸਲਾ ਲਿਆ ਜਾਵੇਗਾ।
ਸਹੁੰ ਚੁੱਕ ਸਮਾਗਮ 'ਚ ਪੀ.ਐਮ ਮੋਦੀ ਸ਼ਾਮਲ ਹੋਣਗੇ
ਭਾਜਪਾ ਨੇਤਾ ਨੇ ਕਿਹਾ, "ਨਵੀਂ ਸਰਕਾਰ ਦਾ ਸਹੁੰ ਚੁੱਕ ਸਮਾਗਮ ਕੱਲ੍ਹ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿੱਚ ਹੋਵੇਗਾ... ਅਸੀਂ ਸ਼ਾਮ ਤੱਕ ਫੈਸਲਾ ਕਰ ਲਵਾਂਗੇ ਕਿ ਕੱਲ੍ਹ ਕੌਣ ਸਹੁੰ ਚੁੱਕਣਗੇ। ਕੱਲ੍ਹ ਮੈਂ ਏਕਨਾਥ ਸ਼ਿੰਦੇ ਨੂੰ ਮਿਲਿਆ ਸੀ। ਅਤੇ ਉਨ੍ਹਾਂ ਨੂੰ ਬੇਨਤੀ ਕੀਤੀ, "ਮਹਾਯੁਤੀ ਦੇ ਵਰਕਰ ਇਸ ਸਰਕਾਰ ਵਿੱਚ ਸਾਡੇ ਨਾਲ ਰਹਿਣਾ ਚਾਹੁੰਦੇ ਹਨ। ਮੈਨੂੰ ਪੂਰਾ ਭਰੋਸਾ ਹੈ ਕਿ ਉਹ ਸਾਡੇ ਨਾਲ ਰਹਿਣਗੇ... ਅਸੀਂ ਮਹਾਰਾਸ਼ਟਰ ਦੇ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਕਰਾਂਗੇ..."
ਅਸੀਂ ਆਪਣਾ ਸਰਵਸ੍ਰੇਸ਼ਠ ਦੇਵਾਂਗੇ - ਅਜੀਤ ਪਵਾਰ
ਮੀਡੀਆ ਨੂੰ ਸੰਬੋਧਿਤ ਕਰਦੇ ਹੋਏ ਅਜੀਤ ਪਵਾਰ ਨੇ ਕਿਹਾ, "...ਅਸੀਂ ਰਾਜ ਵਿੱਚ ਸਰਕਾਰ ਚਲਾਉਣ ਲਈ ਆਪਣੀ ਪੂਰੀ ਕੋਸ਼ਿਸ਼ ਕਰਾਂਗੇ। ਪਾਰਟੀ ਨਾਲ ਸਬੰਧਤ ਗਤੀਵਿਧੀਆਂ (ਭਾਜਪਾ ਮੁਖੀ) ਚੰਦਰਸ਼ੇਖਰ ਬਾਵਨਕੁਲੇ ਅਤੇ ਐੱਨਸੀਪੀ ਦੇ ਸੁਨੀਲ ਤਤਕਰੇ ਦੁਆਰਾ ਸੰਭਾਲਿਆ ਜਾਵੇਗਾ..."
ਏਕਨਾਥ ਸ਼ਿੰਦੇ ਨੇ ਕੀ ਕਿਹਾ?
ਇਸ ਮੌਕੇ ਸ਼ਿਵ ਸੈਨਾ ਮੁਖੀ ਏਕਨਾਥ ਸ਼ਿੰਦੇ ਨੇ ਕਿਹਾ, "ਸਾਡੀ ਸਰਕਾਰ, ਮਹਾਯੁਤੀ ਸਰਕਾਰ, ਅਸੀਂ ਤਿੰਨਾਂ ਨੇ ਅਤੇ ਸਾਡੀ ਟੀਮ ਨੇ ਪਿਛਲੇ 2.5 ਸਾਲਾਂ ਵਿੱਚ ਜੋ ਕੰਮ ਕੀਤਾ ਹੈ, ਉਹ ਕਮਾਲ ਦਾ ਹੈ। ਇਹ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ। ਖੁਸ਼ ਹਾਂ ਕਿ ਅਸੀਂ ਇੰਨੇ ਵੱਡੇ ਫੈਸਲੇ ਲਏ ਹਨ..."
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਭਾਜਪਾ ਦੀ ਕੋਰ ਕਮੇਟੀ ਦੀ ਬੈਠਕ 'ਚ ਉਨ੍ਹਾਂ ਨੂੰ ਮਹਾਰਾਸ਼ਟਰ ਵਿਧਾਇਕ ਦਲ ਦਾ ਨੇਤਾ ਚੁਣਿਆ ਗਿਆ ਅਤੇ ਉਨ੍ਹਾਂ ਦੇ ਨਾਂ ਨੂੰ ਮੁੱਖ ਮੰਤਰੀ ਦੇ ਅਹੁਦੇ ਲਈ ਮਨਜ਼ੂਰੀ ਦਿੱਤੀ ਗਈ। ਭਾਜਪਾ ਦੀ ਕੋਰ ਕਮੇਟੀ ਦੀ ਮੀਟਿੰਗ ਵਿੱਚ ਕੇਂਦਰੀ ਮੰਤਰੀ ਨਿਰਮਲਾ ਸੀਤਾਰਮਨ, ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੁਪਾਣੀ ਅਤੇ ਫੜਨਵੀਸ ਮੌਜੂਦ ਸਨ।
'ਮਹਾਯੁਤੀ 'ਚ ਕੋਈ ਮਤਭੇਦ ਨਹੀਂ'
ਮਹਾਰਾਸ਼ਟਰ 'ਚ ਭਾਜਪਾ ਦੇ ਕੇਂਦਰੀ ਅਬਜ਼ਰਵਰ ਕੇਂਦਰੀ ਮੰਤਰੀ ਵਿਜੇ ਰੂਪਾਨੀ ਨੇ ਕਿਹਾ, "ਮਹਾਯੁਤੀ 'ਚ ਕੋਈ ਮਤਭੇਦ ਨਹੀਂ ਹਨ, ਹਰ ਕੋਈ ਖੁਸ਼ ਹੈ ਅਤੇ ਸਭ ਕੁਝ ਠੀਕ ਹੈ।" ਕੇਂਦਰੀ ਮੰਤਰੀ ਨੇ ਕਿਹਾ ਕਿ ਹੋਰ ਕੈਬਨਿਟ ਮੰਤਰੀਆਂ ਦੇ ਨਾਵਾਂ ਦਾ ਫੈਸਲਾ ਮਹਾਯੁਤੀ ਗਠਜੋੜ ਦੇ ਭਾਈਵਾਲਾਂ- ਸ਼ਿਵ ਸੈਨਾ (ਏਕਨਾਥ ਸ਼ਿੰਦੇ) ਅਤੇ ਰਾਸ਼ਟਰਵਾਦੀ ਕਾਂਗਰਸ ਪਾਰਟੀ (ਅਜੀਤ ਪਵਾਰ) ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਜਲਦੀ ਹੀ ਕੀਤਾ ਜਾਵੇਗਾ।
ਕੇਂਦਰੀ ਮੰਤਰੀ ਨੇ ਕਿਹਾ ਕਿ ਮਹਾਰਾਸ਼ਟਰ ਦੇ ਮੁੱਖ ਮੰਤਰੀ ਦੇ ਨਾਲ-ਨਾਲ ਦੋ ਉਪ ਮੁੱਖ ਮੰਤਰੀ ਵੀ ਭਲਕੇ ਮੁੰਬਈ ਦੇ ਆਜ਼ਾਦ ਮੈਦਾਨ ਵਿੱਚ ਸਹੁੰ ਚੁੱਕਣਗੇ। ਹਾਲਾਂਕਿ ਕੇਂਦਰੀ ਮੰਤਰੀ ਨੇ ਉਪ ਮੁੱਖ ਮੰਤਰੀਆਂ ਦੇ ਨਾਵਾਂ ਦਾ ਖੁਲਾਸਾ ਨਹੀਂ ਕੀਤਾ। ਐਨਸੀਪੀ ਦੇ ਅਜੀਤ ਪਵਾਰ ਦੇ ਦੋ ਉਪ ਮੁੱਖ ਮੰਤਰੀਆਂ ਵਿੱਚੋਂ ਇੱਕ ਹੋਣ ਦੀ ਸੰਭਾਵਨਾ ਹੈ।
ਦੱਸ ਦਈਏ ਕਿ ਮਹਾਰਾਸ਼ਟਰ 'ਚ 20 ਨਵੰਬਰ ਨੂੰ ਹੋਈਆਂ ਚੋਣਾਂ 'ਚ ਭਾਜਪਾ ਨੇ 288 'ਚੋਂ 132 ਸੀਟਾਂ 'ਤੇ ਜਿੱਤ ਦਰਜ ਕਰਦੇ ਹੋਏ ਸ਼ਾਨਦਾਰ ਸਫਲਤਾ ਹਾਸਲ ਕੀਤੀ, ਜੋ ਸੂਬੇ 'ਚ ਹੁਣ ਤੱਕ ਦਾ ਉਸ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਹੈ। ਮਹਾਯੁਤੀ ਗਠਜੋੜ, ਇਸਦੇ ਸਹਿਯੋਗੀ - ਏਕਨਾਥ ਸ਼ਿੰਦੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਅਤੇ ਅਜੀਤ ਪਵਾਰ ਦੀ ਐਨਸੀਪੀ ਦੇ ਨਾਲ - ਕੋਲ 230 ਸੀਟਾਂ ਦਾ ਭਾਰੀ ਬਹੁਮਤ ਹੈ।