ਦਿੱਲੀ: ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਸ਼ਰਾਬ ਨੀਤੀ ਘਪਲੇ ਦੇ ਮਾਮਲੇ 'ਚ ਰਾਉਸ ਐਵੇਨਿਊ ਅਦਾਲਤ ਨੇ ਈਡੀ ਰਿਮਾਂਡ 'ਤੇ ਭੇਜ ਦਿੱਤਾ ਸੀ, ਜਿਸ ਤੋਂ ਬਾਅਦ ਆਮ ਆਦਮੀ ਪਾਰਟੀ ਲਗਾਤਾਰ ਇਸ ਕਾਰਵਾਈ ਨੂੰ ਗਲਤ ਦੱਸ ਰਹੀ ਹੈ। ਹੁਣ ਸੀਐਮ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਨੇ ਵੀ ਮੀਡੀਆ ਦੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕੀਤੇ ਹਨ। ਉਨ੍ਹਾਂ ਨੇ ਸੀਐਮ ਕੇਜਰੀਵਾਲ ਦਾ ਸੰਦੇਸ਼ ਪੜ੍ਹ ਕੇ ਸੁਣਾਇਆ ਜਿਸ ਵਿੱਚ ਸੀਐਮ ਕੇਜਰੀਵਾਲ ਨੇ ਕਿਹਾ ਹੈ
'ਜ਼ਿੰਦਗੀ ਦਾ ਹਰ ਪਲ ਦੇਸ਼ ਨੂੰ ਸਮਰਪਿਤ ਕੀਤਾ
ਮੈਂ ਜਲਦੀ ਹੀ ਬਾਹਰ ਹੋਵਾਂਗਾ
ਮੈਂ ਜਲਦੀ ਹੀ ਸਾਰੇ ਕੀਤੇ ਵਾਅਦੇ ਪੂਰੇ ਕਰਾਂਗਾ
ਸਮਾਜ ਸੇਵਾ ਦਾ ਕੰਮ ਨਹੀਂ ਰੁਕਣਾ ਚਾਹੀਦਾ'
ਜਲਦੀ ਹੀ ਸਾਰੇ ਕੀਤੇ ਵਾਅਦੇ ਪੂਰੇ ਕਰਾਂਗਾ: ਇਸ ਤੋਂ ਬਾਅਦ ਸੁਨੀਤਾ ਕੇਜਰੀਵਾਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਲੋਹੇ ਵਾਂਗ ਮਜ਼ਬੂਤ ਹਨ। ਕੇਜਰੀਵਾਲ ਜਲਦ ਹੀ ਦੇਸ਼ ਨਾਲ ਕੀਤੇ ਹਰ ਵਾਅਦੇ ਨੂੰ ਪੂਰਾ ਕਰਨਗੇ। ਲੋਕਾਂ ਦੀਆਂ ਦੁਆਵਾਂ ਅਰਵਿੰਦ ਕੇਜਰੀਵਾਲ ਦੇ ਨਾਲ ਹਨ।
ਦੇਸ਼ ਲਈ ਕੰਮ ਕਰਦਾ ਰਹਾਂਗਾ: ਜ਼ਿਕਰਯੋਗ ਹੈ ਕਿ ਦੋ ਦਿਨ ਪਹਿਲਾਂ ਦਿੱਲੀ ਦੇ ਮੁਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਈਡੀ ਵੱਲੋਂ ਦੋ ਘੰਟੇ ਦੀ ਪੁੱਛਗਿੱਛ ਤੋਂ ਬਾਅਦ ਗਿਰਫ਼ਤਾਰ ਕੀਤਾ ਗਿਆ ਸੀ। ਇਸ ਦੌਰਾਨ ਉਹਨਾਂ ਕਿਹਾ ਕਿ ਮੈਨੂੰ ਭਾਜਪਾ ਵੱਲੋਂ ਫਸਾਇਆ ਗਿਆ ਹੈ। ਨਾਲ ਹੀ ਉਹਨਾਂ ਕਿਹਾ ਕਿ ਮੈਂ ਭਾਵੇਂ ਜੇਲ੍ਹ ਦੇ ਅੰਦਰ ਰਹਾਂ ਜਾਂ ਬਾਹਰ, ਮੈਂ ਦੇਸ਼ ਲਈ ਕੰਮ ਕਰਦਾ ਰਹਾਂਗਾ। ਦੱਸਣਯੋਗ ਹੈ ਕਿ ਅਰਵਿੰਦ ਕੇਜਰੀਵਾਲ ਸਰਕਾਰ ਦੇ ਕਈ ਵੱਡੇ ਮੰਤਰੀ ਪਹਿਲਾਂ ਹੀ ਜੇਲ ਵਿੱਚ ਬੰਦ ਹਨ, ਜਿੰਨਾ ਵਿੱਚ ਸ਼ਰਾਬ ਘੁਟਾਲਾ ਅਤੇ ਮਨੀ ਲਾਂਡਰਿੰਗ ਦਾ ਮਾਮਲਾ ਸ਼ਾਮਲ ਹੈ। ਅਰਵਿੰਦ ਕੇਜਰੀਵਾਲ ਉੱਤੇ ਵੀ ਸ਼ਰਾਬ ਘੁਟਾਲਾ ਮਾਮਲੇ ਸ਼ਾਮਿਲ ਹੋਣ ਦੇ ਦੋਸ਼ ਹਨ। ਈਡੀ ਦੀ ਰਿਪੋਰਟ ਮੁਤਾਬਿਕ ਸ਼ਰਾਬ ਘੁਟਾਲੇ ਚ ਕੇਜਰੀਵਾਲ ਇੱਕ ਸਰਗਨਾ ਵੱਜੋਂ ਸਾਹਮਣੇ ਆਏ ਹਨ ਜੋ ਇਸ ਮਾਮਲੇ ਦੀ ਮਾਸਟਰ ਮਾਈਂਡ ਸਨ।