ਜ਼ੰਮੂ ਕਸ਼ਮੀਰ/ਸ਼੍ਰੀਨਗਰ— ਕਸ਼ਮੀਰ ਘਾਟੀ 'ਚ ਸ਼ਨੀਵਾਰ ਰਾਤ ਤੋਂ ਹੋਈ ਤਾਜ਼ਾ ਬਰਫਬਾਰੀ ਤੋਂ ਬਾਅਦ ਐਤਵਾਰ ਨੂੰ ਸ਼੍ਰੀਨਗਰ ਤੋਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ। ਖ਼ਰਾਬ ਮੌਸਮ ਕਾਰਨ ਸੜਕੀ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ। ਇਸ ਬਾਰੇ 'ਚ ਏਅਰਪੋਰਟ ਅਥਾਰਟੀ ਆਫ ਇੰਡੀਆ ਦੇ ਡਾਇਰੈਕਟਰ ਜਾਵੇਦ ਅੰਜੁਮ ਨੇ ਦੱਸਿਆ ਕਿ ਤਾਜ਼ਾ ਬਰਫਬਾਰੀ ਅਤੇ ਖਰਾਬ ਮੌਸਮ ਕਾਰਨ ਸ਼੍ਰੀਨਗਰ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਅੱਜ ਹੋਣ ਵਾਲੀਆਂ ਸਾਰੀਆਂ ਉਡਾਣਾਂ ਨੂੰ ਰੱਦ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਦਾ ਕਹਿਣਾ ਹੈ ਕਿ ਭਾਰੀ ਬਰਫਬਾਰੀ ਕਾਰਨ ਸੱਤ ਟਰੇਨਾਂ ਨੂੰ ਵੀ ਰੱਦ ਕਰ ਦਿੱਤਾ ਗਿਆ ਹੈ। ਇੰਨਾਂ ਹੀ ਨਹੀਂ ਬਰਫਬਾਰੀ ਕਾਰਨ ਜੰਮੂ-ਸ਼੍ਰੀਨਗਰ ਹਾਈਵੇਅ 'ਤੇ ਆਵਾਜਾਈ ਵੀ ਪ੍ਰਭਾਵਿਤ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਬਰਫਬਾਰੀ ਕਾਰਨ ਕਈ ਥਾਵਾਂ 'ਤੇ ਤਿਲਕਣ ਵਾਲੀ ਸਥਿਤੀ ਬਣੀ ਹੋਈ ਹੈ, ਜਦਕਿ ਰਾਮਸੂ ਅਤੇ ਬਨਿਹਾਲ ਵਿਚਕਾਰ ਵੀ ਬਰਫਬਾਰੀ ਹੋ ਰਹੀ ਹੈ। ਪਿਛਲੇ ਦੋ ਹਫ਼ਤਿਆਂ ਵਿੱਚ ਬਰਫ਼ਬਾਰੀ ਅਤੇ ਮੀਂਹ ਦਾ ਇਹ ਤੀਜਾ ਦੌਰ ਹੈ, ਜਿਸ ਨੇ ਦੋ ਮਹੀਨਿਆਂ ਦੇ ਬਰਫ਼ਬਾਰੀ ਦੇ ਸੋਕੇ ਨੂੰ ਖ਼ਤਮ ਕੀਤਾ ਹੈ। ਬਰਫਬਾਰੀ ਨੇ ਉਨ੍ਹਾਂ ਲੋਕਾਂ ਦੇ ਚਿਹਰਿਆਂ 'ਤੇ ਖੁਸ਼ੀ ਲਿਆ ਦਿੱਤੀ ਹੈ ਜੋ ਸੁੱਕੀ ਸਰਦੀ ਦੇ ਖਤਮ ਹੋਣ ਦਾ ਇੰਤਜ਼ਾਰ ਕਰ ਰਹੇ ਸਨ।
ਮੌਸਮ ਦੀ ਭਵਿੱਖਬਾਣੀ ਮੁਤਾਬਿਕ ਕਸ਼ਮੀਰ 'ਚ ਸੋਮਵਾਰ ਤੱਕ ਰੁਕ-ਰੁਕ ਕੇ ਬਰਫਬਾਰੀ ਹੋਵੇਗੀ ਅਤੇ 11 ਫਰਵਰੀ ਤੱਕ ਮੌਸਮ ਖੁਸ਼ਕ ਰਹੇਗਾ। ਹਾਲਾਂਕਿ ਪਿਛਲੇ 24 ਘੰਟਿਆਂ 'ਚ ਮੈਦਾਨੀ ਇਲਾਕਿਆਂ 'ਚ 3-6 ਇੰਚ ਅਤੇ ਕਸ਼ਮੀਰ ਘਾਟੀ ਦੇ ਮੱਧ ਅਤੇ ਉੱਚੇ ਇਲਾਕਿਆਂ 'ਚ 8-12 ਇੰਚ ਬਰਫਬਾਰੀ ਦਰਜ ਕੀਤੀ ਗਈ।
ਮੌਸਮ ਵਿਭਾਗ ਨੇ ਕਿਹਾ ਹੈ ਕਿ ਜੰਮੂ ਡਿਵੀਜ਼ਨ ਦੇ ਮੈਦਾਨੀ ਇਲਾਕਿਆਂ ਵਿੱਚ ਗਰਜ ਨਾਲ ਹਲਕੀ ਤੋਂ ਦਰਮਿਆਨੀ ਬਾਰਿਸ਼ ਦਰਜ ਕੀਤੀ ਗਈ ਅਤੇ ਮੱਧ ਅਤੇ ਉੱਚੇ ਖੇਤਰਾਂ ਵਿੱਚ ਹਲਕੀ ਤੋਂ ਦਰਮਿਆਨੀ ਬਰਫ਼ਬਾਰੀ ਹੋਈ। ਇਹ ਵੀ ਕਿਹਾ ਗਿਆ ਹੈ ਕਿ ਇਹ ਅੰਸ਼ਕ ਜਾਂ ਆਮ ਤੌਰ 'ਤੇ ਬੱਦਲਵਾਈ ਰਹੇਗੀ ਅਤੇ ਵੱਖ-ਵੱਖ ਉਚਾਈ ਵਾਲੇ ਖੇਤਰਾਂ ਵਿੱਚ ਹਲਕੀ ਬਰਫ਼ਬਾਰੀ ਦੀ ਸੰਭਾਵਨਾ ਹੈ।