ਪੀਲੀਭੀਤ: ਪੰਜਾਬ ਦੇ ਮੋਹਾਲੀ ਏਅਰਪੋਰਟ ਦੇ ਬਾਹਰ 8 ਗੋਲੀਆਂ ਮਾਰ ਕੇ ਨਾਮੀ ਗੈਂਗਸਟਰ ਰਾਜੇਸ਼ ਦੀ ਹੱਤਿਆ ਕਰਨ ਵਾਲੇ 5 ਦੋਸ਼ੀਆਂ ਨੂੰ ਪੰਜਾਬ ਪੁਲਿਸ ਨੇ ਫੜ ਲਿਆ ਹੈ। ਸੂਚਨਾ 'ਤੇ ਕਾਰਵਾਈ ਕਰਦੇ ਹੋਏ ਪੰਜਾਬ ਪੁਲਿਸ ਨੇ ਪੀਲੀਭੀਤ 'ਚ ਪੰਜ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਹਥਿਆਰ ਬਰਾਮਦ ਹੋਏ ਹਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਪੰਜਾਬ ਪੁਲਿਸ ਉਨ੍ਹਾਂ ਨੂੰ ਨਾਲ ਲੈਕੇ ਰਵਾਨਾ ਹੋ ਗਈ ਹੈ।
ਬੀਤੇ ਦਿਨੀਂ ਹੋਇਆ ਸੀ ਮੋਹਾਲੀ 'ਚ ਕਤਲ: 4 ਮਾਰਚ ਨੂੰ ਮੋਹਾਲੀ ਦੇ ਏਅਰਪੋਰਟ ਦੇ ਬਾਹਰ ਕੁਝ ਅਣਪਛਾਤੇ ਬਦਮਾਸ਼ਾਂ ਨੇ ਨਾਮੀ ਗੈਂਗਸਟਰ ਰਾਜੇਸ਼ ਡੋਗਰਾ 'ਤੇ ਕਰੀਬ 30 ਰਾਊਂਡ ਗੋਲੀਆਂ ਚਲਾਈਆਂ ਸਨ। ਅੱਠ ਗੋਲੀਆਂ ਲੱਗਣ ਨਾਲ ਰਾਜੇਸ਼ ਡੋਗਰਾ ਦੀ ਮੌਕੇ 'ਤੇ ਹੀ ਮੌਤ ਹੋ ਗਈ ਸੀ। ਘਟਨਾ ਦੇ ਬਾਅਦ ਤੋਂ ਪੰਜਾਬ ਪੁਲਿਸ ਅਤੇ ਵਿਸ਼ੇਸ਼ ਟੀਮ ਦੋਸ਼ੀਆਂ ਨੂੰ ਫੜਨ ਲਈ ਲਗਾਤਾਰ ਕੰਮ ਕਰ ਰਹੀ ਸੀ।
ਪੰਜ ਮੁਲਜ਼ਮਾਂ ਨੂੰ ਪੁਲਿਸ ਨੇ ਕੀਤਾ ਕਾਬੂ: ਸੂਚਨਾ ਦੇ ਆਧਾਰ 'ਤੇ ਪੰਜਾਬ ਪੁਲਿਸ ਸ਼ਨੀਵਾਰ ਨੂੰ ਪੀਲੀਭੀਤ ਪਹੁੰਚੀ ਅਤੇ ਸ਼ਾਹਗੜ ਪਿੰਡ 'ਚ ਅਪਰਾਧੀਆਂ ਦੇ ਲੁਕੇ ਹੋਣ ਦੀ ਸੂਚਨਾ 'ਤੇ ਪੰਜਾਬ ਪੁਲਿਸ ਨੇ ਪੀਲੀਭੀਤ ਪੁਲਿਸ ਨਾਲ ਮਿਲ ਕੇ ਸਤਵੀਰ ਸਿੰਘ ਅਤੇ ਬਬਲੂ ਦੇ ਘਰ ਛਾਪਾ ਮਾਰਿਆ। ਇਸ ਕਾਰਵਾਈ ਦੌਰਾਨ ਪੁਲਿਸ ਵੱਲੋਂ ਅਨਿਲ ਸਿੰਘ ਅਤੇ ਬਿੱਲਾ ਸ਼ਿਆਮਲ, ਹਰਪ੍ਰੀਤ ਸਿੰਘ, ਸੰਦੀਪ ਸਿੰਘ ਅਤੇ ਸੋਨੀ ਸਮੇਤ ਕੁੱਲ ਪੰਜ ਵਿਅਕਤੀਆਂ ਨੂੰ ਕਾਬੂ ਕਰ ਲਿਆ ਹੈ।
ਮੁਲਜ਼ਮਾਂ ਕੋਲੋਂ ਅਸਲਾ ਹੋਇਆ ਬਰਾਮਦ: ਮੁਲਜ਼ਮਾਂ ਕੋਲੋਂ ਤਿੰਨ ਪਿਸਤੌਲ, ਦੋ 32 ਬੋਰ ਰਿਵਾਲਵਰ, ਭਾਰੀ ਮਾਤਰਾ ਵਿੱਚ ਕਾਰਤੂਸ ਅਤੇ ਚਾਰ ਵਾਹਨ ਵੀ ਬਰਾਮਦ ਕੀਤੇ ਗਏ ਹਨ। ਪੀਲੀਭੀਤ ਪੁਲਿਸ ਨਾਲ ਸਾਂਝੇ ਆਪ੍ਰੇਸ਼ਨ 'ਚ ਦੋਸ਼ੀਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਪੰਜਾਬ ਪੁਲਿਸ ਇਨ੍ਹਾਂ ਸਾਰਿਆਂ ਨੂੰ ਆਪਣੇ ਨਾਲ ਲੈ ਕੇ ਪੰਜਾਬ ਲਈ ਰਵਾਨਾ ਹੋ ਗਈ ਹੈ। ਪੀਲੀਭੀਤ ਦੇ ਐਸਪੀ ਅਵਿਨਾਸ਼ ਪਾਂਡੇ ਨੇ ਕਿਹਾ ਕਿ ਪੰਜਾਬ ਪੁਲਿਸ ਦੇ ਆਉਣ ਦੀ ਸੂਚਨਾ ਮਿਲੀ ਸੀ।