ਹੁਸ਼ਿਆਰਪੁਰ: ਪੰਜਾਬ ਆੜਤੀ ਐਸੋਸੀਏਸ਼ਨ ਦੇ ਹੁਕਮਾਂ ਅਨੁਸਾਰ ਜੋ ਮੰਡੀਆਂ ਵਿੱਚ 1 ਤਰੀਕ ਤੋਂ ਝੋਨਾ ਨਾ ਸੁੱਟਾਉਣ ਬਾਰੇ ਉਨ੍ਹਾਂ ਨੇ ਕਾਲ ਦਿੱਤੀ ਸੀ। ਉਸ ਬਾਰੇ ਹੁਸ਼ਿਆਰਪੁਰ ਦੇ ਗੜ੍ਹਸ਼ੰਕਰ ਦੇ ਕਸਬਾ ਸੈਲਾ ਦੀ ਅਨਾਜ ਮੰਡੀ ਵਿੱਚ ਪੰਜਾਬ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਇਕੱਠ ਹੋਇਆ ਅਤੇ ਮੀਟਿੰਗ ਕੀਤੀ ਗਈ ਹੈ। ਇਸ ਮੀਟਿੰਗ ਵਿੱਚ ਇਲਾਕੇ ਦੀਆਂ 14 ਮੰਡੀਆਂ ਦੇ ਆੜਤੀਆਂ ਨੇ ਹਿੱਸਾ ਲਿਆ ਹੈ।
ਫੈਸਲੇ ਦੀ ਉਲੰਘਣਾ
ਇਸ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਹੈ ਕਿ ਜਦੋਂ ਤੱਕ ਕੋਈ ਵੀ ਫੈਸਲਾ ਨਹੀਂ ਆਉਂਦਾ ਉਦੋਂ ਤੱਕ ਮੰਡੀਆਂ ਵਿੱਚ ਝੋਨਾ ਨਹੀਂ ਸੁੱਟਣ ਦਿੱਤਾ ਜਾਵੇਗਾ। ਕਿਹਾ ਕਿ ਇਹ ਸਾਰੀ ਗੱਲ ਨੂੰ ਨੇਪਰੇ ਚਾੜਨ ਲਈ ਇੱਕ 11 ਮੈਂਬਰੀ ਕਮੇਟੀ ਬਣਾਈ ਗਈ ਹੈ, ਜੋ ਕੋਈ ਵੀ ਇਸ ਫੈਸਲੇ ਦੀ ਉਲੰਘਣਾ ਕਰੇਗਾ ਤਾਂ ਕਮੇਟੀ ਉਸ ਖਿਲਾਫ ਕਾਨੂੰਨ ਦੇ ਅਨੁਸਾਰ ਸਖ਼ਤ ਤੋਂ ਸਖ਼ਤ ਕਾਰਵਾਈ ਹੋਵੇਗੀ। ਇਸ ਕਰਕੇ ਹੀ ਸਾਰੇ ਆੜਤੀਆਂ ਨੇ ਇਕੱਠੇ ਹੋ ਕੇ ਅੱਜ ਮੀਟਿੰਗ ਕੀਤੀ ਹੈ।
ਝੋਨੇ ਦੀ ਖਰੀਦ ਮੁਕੰਮਲ ਤੌਰ 'ਤੇ ਬੰਦ ਰੱਖੀ ਜਾਵੇਗੀ
ਮੀਟਿੰਗ ਵਿੱਚ ਪਹੁੰਚੇ ਮੌਕੇ 'ਤੇ ਐਸੋਸੀਏਸ਼ਨ ਦੇ ਅਹੁਦੇਦਾਰ ਨਿਰਮਲ ਸਿੰਘ ਗੜਸ਼ੰਕਰ, ਮੋਹਿਤ ਸ਼ਰਮਾ, ਸ਼ਾਮ ਲਾਲ, ਕੁਲਵੰਤ ਸਿੰਘ ਬੇਦੀ ਅਤੇ ਅਮਰਜੀਤ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਕਿਸਾਨ ਵਿਰੋਧੀ ਅਤੇ ਆੜਤ ਵਿਰੋਧੀ ਨੀਤੀਆਂ ਕਾਰਨ ਗੜਸ਼ੰਕਰ ਤਹਿਸੀਲ ਦੀਆਂ ਸਾਰੀਆਂ ਮੰਡੀਆਂ ਵਿੱਚ ਝੋਨੇ ਦੀ ਖਰੀਦ ਮੁਕੰਮਲ ਤੌਰ 'ਤੇ ਬੰਦ ਰੱਖੀ ਜਾਵੇਗੀ।
ਝੋਨੇ ਦੀ ਖਰੀਦ ਫਰੋਖਤ
ਪੰਜਾਬ ਆੜਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਨੇ ਕਿਹਾ ਕਿ ਪੰਜਾਬ ਸਰਕਾਰ ਝੋਨੇ ਦੀ ਖਰੀਦ ਫਰੋਖਤ ਸਬੰਧੀ ਕੋਈ ਸਪਸ਼ਟ ਨੀਤੀ ਨਹੀਂ ਬਣਾ ਰਹੀ। ਜਿਸ ਕਰਕੇ ਆੜ੍ਹਤ ਐਸੋਸੀਏਸ਼ਨ ਦੇ ਅਹੁਦੇਦਾਰਾਂ ਵਿੱਚ ਨਿਰਾਸ਼ਾ ਪਾਈ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਮੰਡੀਆਂ ਨਾਲ ਜੁੜਦੇ ਕਿਸਾਨਾਂ ਨੂੰ ਮੰਡੀਆ ਵਿੱਚ ਝੋਨਾ ਲਿਆਉਣ ਤੋਂ ਇਨਕਾਰ ਕਰ ਦਿੱਤਾ ਹੈ ।
ਸੰਘਰਸ਼ ਵਿੱਚ ਸਾਥ ਦੇਣ ਦਾ ਅਹਿਦ
ਇਸ ਮੌਕੇ ਆੜਤੀਆਂ ਨੇ ਕਿਹਾ ਕਿ ਪੰਜਾਬ ਆੜਤੀ ਐਸੋਸੀਏਸ਼ਨ ਵੱਲੋਂ 1 ਅਕਤੂਬਰ ਤੋਂ ਢਾਈ ਫੀਸਦੀ ਆੜਤ ਦੀ ਮੰਗ ਨੂੰ ਲੈ ਕੇ ਵੀ ਪੰਜਾਬ ਸਰਕਾਰ ਖਿਲਾਫ ਵੱਖਰਾ ਮੋਰਚਾ ਲਗਾਇਆ ਜਾ ਰਿਹਾ ਹੈ। ਇਸ ਮੌਕੇ ਅਹੁਦੇਦਾਰਾਂ ਨੇ ਪੰਜਾਬ ਸਰਕਾਰ ਉੱਤੇ ਕਿਸਾਨ ਅਤੇ ਆੜਤ ਵਿਰੋਧੀ ਫੈਸਲੇ ਕਰਨ ਦੇ ਇਲਜ਼ਾਮ ਵੀ ਲਗਾਏ ਅਤੇ ਪੰਜਾਬ ਆੜਤੀ ਐਸੋਸੀਏਸ਼ਨ ਨੂੰ ਹਰ ਤਰ੍ਹਾਂ ਨਾਲ ਇਸ ਸੰਘਰਸ਼ ਵਿੱਚ ਸਾਥ ਦੇਣ ਦਾ ਅਹਿਦ ਲਿਆ।